ਵਿਦੇਸ਼ੀ ਹਥਿਆਰਾਂ ਸਣੇ ਅਰਸ਼ ਡਾਲਾ ਗਿਰੋਹ ਦੇ ਦੋ ਗੁਰਗੇ ਕਾਬੂ
ਫਰੀਦਕੋਟ ਪੁਲਿਸ ਵੱਲੋ ਅਰਸ਼ ਡਾਲਾ ਗਿਰੋਹ ਦੇ ਦੋ ਗੁਰਗੇ ਵਿਦੇਸ਼ੀ ਹਥਿਆਰਾਂ ਸਮੇਤ ਕਾਬੂ
Publish Date: Sat, 20 Jun 2026 06:38 PM (IST)
Updated Date: Sun, 21 Jun 2026 04:06 AM (IST)

- ਮੁਲਜ਼ਮਾਂ ਖ਼ਿਲਾਫ਼ ਪਹਿਲਾ ਅਸਲਾ ਐਕਟ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਦਰਜ ਨੇ ਕੁੱਲ 7 ਮਾਮਲੇ 20 ਐਫਡੀਕੇ : ਪੁਲਿਸ ਹਿਰਾਸਤ ’ਚ ਲਏ ਗਏ ਵਿਅਕਤੀਆਂ ਦੀ ਤਸਵੀਰ। ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਨੇ ਅਰਸ਼ ਡਾਲਾ ਗਿਰੋਹ ਦੇ ਦੋ ਗੁਰਗਿਆਂ ਨੂੰ ਕਾਬੂ ਕਰ ਕੇ ਕਿਸੇ ਸੰਭਾਵਿਤ ਵੱਡੀ ਵਾਰਦਾਤ ਨੂੰ ਰੋਕਣ ’ਚ ਸਫਲਤਾ ਹਾਸਲ ਕੀਤੀ ਹੈ। ਕਾਰਵਾਈ ਦੇ ਵੇਰਵਿਆਂ ਮੁਤਾਬਕ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਸਬੰਧੀ ਏਰੀਆ ’ਚ ਮੌਜੂਦ ਸੀ ਤੇ ਜਦ ਪੁਲਿਸ ਪਾਰਟੀ ਪਿੰਡ ਪੰਜਗਰਾਈ ਕਲਾ ਤੋਂ ਪਿੰਡ ਢਿੱਲਵਾ ਨੂੰ ਜਾਂਦੀ ਲਿੰਕ ਰੋਡ ’ਤੇ ਬਣੀ ਕੱਸੀ ਪੁਲ਼ ਕੋਲ ਪੁੱਜੀ ਤਾਂ 2 ਨੌਜਵਾਨ ਪੁਲ਼ ਕੱਸੀ ਨੇੜੇ ਖੜ੍ਹੇ ਦਿਖਾਈ ਦਿੱਤੇ, ਜਿਨ੍ਹਾਂ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ 1 ਵਿਦੇਸ਼ੀ ਪਿਸਟਲ .30 ਬੋਰ ਬਰੇਟਾ ਸਮੇਤ 2 ਰੌਂਦ ਤੇ 1 ਵਿਦੇਸ਼ੀ ਪਿਸਟਲ ਗਲੋਕ 9 ਐੱਮ.ਐੱਮ ਸਮੇਤ 2 ਰੌਂਦ ਬਰਾਮਦ ਕੀਤੇ ਗਏ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਉਪਜਿੰਦਰ ਸਿੰਘ ਉਰਫ ਗਗਨਾ ਵਾਸੀ ਪਿੰਡ ਪੰਜਗਰਾਈ ਕਲਾ, ਫ਼ਰੀਦਕੋਟ ਤੇ ਤਲਵਿੰਦਰ ਸਿੰਘ ਉਰਫ ਹੈਪੀ ਵਾਸੀ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਦੇ ਸਬੰਧ ਅਰਸ਼ ਡੱਲਾਂ ਗੈਂਗ ਨਾਲ ਸਬੰਧਤ ਨਵਜੋਤ ਸਿੰਘ ਉਰਫ ਨੀਟੂ ਨਾਲ ਸਾਹਮਣੇ ਆਏ ਹਨ, ਜੋ ਕਿ ਕੇਂਦਰੀ ਜੇਲ੍ਹ, ਫ਼ਰੀਦਕੋਟ ਅੰਦਰ ਬੰਦ ਸੀ, ਜਿਸ ਨੂੰ ਕਿ ਪੁਲਿਸ ਟੀਮ ਵੱਲੋਂ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਵਿਅਕਤੀਆਂ ਉਪਜਿੰਦਰ ਸਿੰਘ ਉਰਫ ਗਗਨਾ ਤੇ ਤਲਵਿੰਦਰ ਸਿੰਘ ਉਰਫ ਹੈਪੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਨ੍ਹਾਂ ਖ਼ਿਲਾਫ਼ ਇਸ ਤੋਂ ਪਹਿਲਾ ਅਸਲਾ ਐਕਟ, ਨਸ਼ੇ ਦੀ ਤਸਕਰੀ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 7 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਮੁਲਜ਼ਮ ਨਵਜੋਤ ਸਿੰਘ ਉਰਫ ਨੀਟੂ ਖ਼ਿਲਾਫ਼ ਵੀ ਕਈ ਸੰਗੀਨ ਧਾਰਾਵਾਂ ਤਹਿਤ ਕੁੱਲ 7 ਮਾਮਲੇ ਦਰਜ ਹਨ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।