- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੂਠੇ ਪ੍ਰਚਾਰ ਨਾਲ ਭਗਵੰਤ ਸਿੰਘ ਮਾਨ ਦੀ ਛਵੀ ਖ਼ਰਾਬ ਨਹੀਂ ਹੋਵੇਗੀ : ਧਰਮਜੀਤ ਰਾਮੇਆਣਾ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਵਧਦੀ ਲੋਕਪ੍ਰਿਯਤਾ ਅਤੇ ਲੋਕ ਭਲਾਈ ਵਾਲੀਆਂ ਨੀਤੀਆਂ ਤੋਂ ਘਬਰਾਏ ਹੋਏ ਵਿਰੋਧੀ ਧਿਰ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛਵੀ ਨੂੰ ਧੁੰਦਲਾ ਕਰਨ ਲਈ ਝੂਠੇ ਦੋਸ਼ਾਂ, ਬੇਬੁਨਿਆਦ ਬਿਆਨਾਂ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਧਿਰ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਹ ਸੱਚਾਈ ਦੇ ਨਾਲ ਖੜ੍ਹੇ ਹਨ। ਇੱਥੇ ਗੱਲਬਾਤ ਕਰਦਿਆਂ ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਬੀਤੇ ਸਮੇਂ ਦੌਰਾਨ ਸਿੱਖਿਆ, ਸਿਹਤ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇਤਿਹਾਸਕ ਕੰਮ ਕੀਤੇ ਹਨ। ਇਨ੍ਹਾਂ ਲੋਕ-ਪੱਖੀ ਫ਼ੈਸਲਿਆਂ ਅਤੇ ਵਿਕਾਸ ਕਾਰਜਾਂ ਕਾਰਨ ਸਰਕਾਰ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਤੋਂ ਵਿਰੋਧੀ ਧਿਰ ਬੌਖਲਾ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਧਿਰਾਂ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਭਾਈਚਾਰਕ ਸਾਂਝ, ਅਮਨ ਅਤੇ ਆਪਸੀ ਪਿਆਰ ਦੀ ਪ੍ਰਤੀਕ ਰਹੀ ਹੈ ਅਤੇ ਸੂਬੇ ਦੇ ਲੋਕ ਕਿਸੇ ਵੀ ਕੀਮਤ ’ਤੇ ਮੁੜ ਨਫ਼ਰਤ ਅਤੇ ਟਕਰਾਅ ਵਾਲੇ ਮਾਹੌਲ ਨੂੰ ਬਰਦਾਸ਼ਤ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚੇ ਸਬੰਧੀ ਦਿੱਤੇ ਜਾ ਰਹੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਕੁਝ ਆਗੂ ਸਿਆਸੀ ਲਾਭ ਲਈ ਪੰਜਾਬ ਨੂੰ ਮੁੜ ਅਸ਼ਾਂਤੀ ਦੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੂਬੇ ਦੇ ਲੋਕ ਅਜਿਹੀਆਂ ਸਿਆਸੀ ਚਾਲਾਂ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੁੱਦਿਆਂ ਅਤੇ ਵਿਕਾਸ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ, ਨਾ ਕਿ ਭਾਵਨਾਵਾਂ ਨੂੰ ਭੜਕਾ ਕੇ ਕੀਤੀ ਜਾਣ ਵਾਲੀ ਰਾਜਨੀਤੀ ਨੂੰ। ਵਿਵਾਦਤ ਵੀਡੀਓ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਸੰਬੰਧਿਤ ਵੀਡੀਓ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵੀਡੀਓ ਦੇ ਕੁੱਲ 1191 ਫਰੇਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਨਾਲ ਅਸਲ ਤੱਥ ਸਾਹਮਣੇ ਆ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਜਾਣਬੁੱਝ ਕੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਤਾਂ ਜੋ ਲੋਕਾਂ ਵਿੱਚ ਭਰਮ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇੱਕੋ-ਇੱਕ ਮਕਸਦ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ। ਇਸੇ ਦਿਸ਼ਾ ਵਿੱਚ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਅਤੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਨਫ਼ਰਤ, ਫੁੱਟ ਅਤੇ ਵੰਡ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਸੂਬੇ ਦੀ ਜਨਤਾ ਹੁਣ ਵਿਕਾਸ, ਅਮਨ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੀ ਰਾਜਨੀਤੀ ਨੂੰ ਹੀ ਆਪਣਾ ਸਮਰਥਨ ਦੇ ਰਹੀ ਹੈ, ਜਿਸ ਕਾਰਨ ਵਿਰੋਧੀ ਧਿਰ ਦੇ ਬੇਬੁਨਿਆਦ ਦੋਸ਼ ਅਤੇ ਝੂਠੇ ਪ੍ਰਚਾਰ ਆਪਣੇ ਆਪ ਹੀ ਬੇਅਸਰ ਸਾਬਤ ਹੋ ਰਹੇ ਹਨ।