- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤਮੰਦ ਤੇ ਲੰਬੀ ਜ਼ਿੰਦਗੀ ਜਿਉਣ ਲਈ ਵਾਤਾਵਰਨ ਦੀ ਸ਼ੁੱਧਤਾ ਬੇਹੱਦ ਜ਼ਰੂਰੀ : ਲਾਲੀ ਬਰਾੜ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਵਧ ਰਹੇ ਪ੍ਰਦੂਸ਼ਣ, ਆਲਮੀ ਤਪਸ਼ ਅਤੇ ਕੁਦਰਤੀ ਸਰੋਤਾਂ ਦੇ ਘਟਦੇ ਜਾ ਰਹੇ ਭੰਡਾਰਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਚਾਇਤ ਯੂਨੀਅਨ ਵਿਧਾਨ ਸਭਾ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਚੰਦਭਾਨ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ‘ਲਾਲੀ ਬਰਾੜ’ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਖੁਸ਼ਹਾਲੀ, ਤੰਦਰੁਸਤੀ ਅਤੇ ਲੰਬੀ ਉਮਰ ਦਾ ਆਧਾਰ ਸਾਫ਼-ਸੁਥਰਾ ਅਤੇ ਸੰਤੁਲਿਤ ਵਾਤਾਵਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਗੰਦਗੀ ਅਤੇ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਯਤਨ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਬਹੁਤ ਮੁਸ਼ਕਲ ਹੋ ਸਕਦਾ ਹੈ। ਇੱਥੇ ਗੱਲਬਾਤ ਕਰਦਿਆਂ ਲਾਲੀ ਬਰਾੜ ਚੰਦਭਾਨ ਨੇ ਕਿਹਾ ਕਿ ਰੁੱਖ ਕੁਦਰਤ ਦੀ ਅਨਮੋਲ ਦਾਤ ਹਨ, ਜੋ ਬਿਨਾਂ ਕਿਸੇ ਸਵਾਰਥ ਦੇ ਮਨੁੱਖਤਾ ਨੂੰ ਅਨੇਕਾਂ ਲਾਭ ਪ੍ਰਦਾਨ ਕਰਦੇ ਹਨ। ਰੁੱਖ ਸਾਨੂੰ ਆਕਸੀਜਨ, ਛਾਂ, ਫ਼ਲ, ਔਸ਼ਧੀਆਂ ਅਤੇ ਸੁੱਚਾ ਵਾਤਾਵਰਨ ਪ੍ਰਦਾਨ ਕਰਦੇ ਹਨ। ਇਸ ਲਈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਗਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦਾ ਪਾਲਣ-ਪੋਸ਼ਣ ਕਰਕੇ ਉਨ੍ਹਾਂ ਨੂੰ ਵੱਡੇ ਰੁੱਖ ਬਣਾਉਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਜਦੋਂ ਰੁੱਖ ਵੱਡੇ ਹੁੰਦੇ ਹਨ ਤਾਂ ਉਹ ਵਾਤਾਵਰਨ ਨੂੰ ਸੰਤੁਲਿਤ ਰੱਖਣ ਦੇ ਨਾਲ-ਨਾਲ ਗਰਮੀ ਦੀ ਤਪਸ਼ ਨੂੰ ਘਟਾਉਣ, ਹਵਾ ਨੂੰ ਸ਼ੁੱਧ ਬਣਾਉਣ ਅਤੇ ਧਰਤੀ ਦੀ ਨਮੀ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਲਾਲੀ ਬਰਾੜ ਚੰਦਭਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਆਲਮੀ ਤਪਸ਼ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਲਗਾਤਾਰ ਵੱਧ ਰਿਹਾ ਤਾਪਮਾਨ, ਬੇਮੌਸਮੀ ਤਬਦੀਲੀਆਂ, ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਮਨੁੱਖੀ ਜੀਵਨ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ, ਜਦਕਿ ਨਦੀਆਂ ਅਤੇ ਦਰਿਆ ਪ੍ਰਦੂਸ਼ਣ ਕਾਰਨ ਆਪਣੀ ਕੁਦਰਤੀ ਪਵਿੱਤਰਤਾ ਗੁਆ ਰਹੇ ਹਨ। ਜੇਕਰ ਇਸ ਸਥਿਤੀ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਨੂੰ ਸਾਫ਼ ਹਵਾ, ਸਾਫ਼ ਪਾਣੀ ਅਤੇ ਉਪਜਾਊ ਧਰਤੀ ਲਈ ਤਰਸਣਾ ਪਵੇਗਾ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਵੱਧ ਗਿਣਤੀ ਨਾਲ ਨਾ ਸਿਰਫ਼ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ, ਸਗੋਂ ਕੁਦਰਤੀ ਆਫ਼ਤਾਂ ਅਤੇ ਹੜ੍ਹਾਂ ਦੇ ਸਮੇਂ ਵੀ ਇਹ ਤਬਾਹੀ ਨੂੰ ਘਟਾਉਣ ਵਿੱਚ ਸਹਾਇਕ ਸਾਬਤ ਹੁੰਦੇ ਹਨ। ਧਰਤੀ ਨੂੰ ਹਰਿਆ-ਭਰਿਆ ਰੱਖਣਾ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਲਾਲੀ ਬਰਾੜ ਚੰਦਭਾਨ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ-ਮੁਕਤ ਰੱਖਣਾ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅਸੀਂ ਨਾ ਤਾਂ ਗੁਰਬਾਣੀ ਦੇ ਕੁਦਰਤ-ਪ੍ਰੇਮੀ ਸੰਦੇਸ਼ਾਂ ਨੂੰ ਅਪਣਾ ਰਹੇ ਹਾਂ, ਨਾ ਹੀ ਵਿਗਿਆਨ ਦੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਨਾ ਹੀ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾ ਰਹੇ ਹਾਂ। ਸਮੇਂ ਦੀ ਲੋੜ ਹੈ ਕਿ ਹਰ ਵਿਅਕਤੀ ਵਾਤਾਵਰਨ ਸੰਭਾਲ ਨੂੰ ਆਪਣਾ ਨੈਤਿਕ ਅਤੇ ਸਮਾਜਿਕ ਫਰਜ਼ ਸਮਝੇ ਅਤੇ ਧਰਤੀ ਨੂੰ ਹਰੀ-ਭਰੀ ਬਣਾਉਣ ਲਈ ਅੱਗੇ ਆਵੇ।