- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਜਬਾਹੇ ਵਿੱਚ ਨਹਾਉਂਦੇ ਸਮੇਂ 21 ਸਾਲਾ ਨੌਜਵਾਨ ਡੁੱਬਿਆ,

- ਕਰੀਬ 20 ਘੰਟਿਆਂ ਦੇ ਰੈਸਕਿਊ ਆਪ੍ਰੇਸ਼ਨ ਮਗਰੋਂ ਮਿਲੀ ਲਾਸ਼
- ਪਿੰਡ ਮੱਤਾ ਵਿੱਚ ਸੋਗ ਦੀ ਲਹਿਰ, ਗਰਮੀ ਤੋਂ ਰਾਹਤ ਲਈ ਗਿਆ ਸੀ ਨਹਾਉਣ
ਭੋਲਾ ਸ਼ਰਮਾ, ਪੰਜਾਬੀ ਜਾਗਰਣ
ਜੈਤੋ : ਪਿੰਡ ਮੱਤਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਰਜਬਾਹੇ ਵਿੱਚ ਨਹਾਉਣ ਗਏ 21 ਸਾਲਾ ਨੌਜਵਾਨ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਕਰੀਬ 20 ਘੰਟਿਆਂ ਤੱਕ ਚੱਲੇ ਲਗਾਤਾਰ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਦਰਦਨਾਕ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸਤਜਿੰਦਰ ਸਿੰਘ (21) ਪੁੱਤਰ ਬਲਜਿੰਦਰ ਸਿੰਘ ਵਜੋਂ ਹੋਈ ਹੈ, ਜੋ ਬੀਏ ਪਾਸ ਸੀ ਅਤੇ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਐਤਵਾਰ ਨੂੰ ਆਪਣੇ ਹੋਰ ਸਾਥੀਆਂ ਨਾਲ ਪਿੰਡ ਦੇ ਖੇਤਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਕਰ ਰਿਹਾ ਸੀ। ਕੜਕਦੀ ਧੁੱਪ ਅਤੇ ਅਸਹਿ ਗਰਮੀ ਤੋਂ ਰਾਹਤ ਪਾਉਣ ਲਈ ਉਹ ਆਪਣੇ ਕਰੀਬ 10 ਸਾਥੀਆਂ ਨਾਲ ਨੇੜੇ ਲੰਘਦੇ ਰਜਬਾਹੇ ਵਿੱਚ ਨਹਾਉਣ ਲਈ ਉਤਰ ਗਿਆ। ਨਹਾਉਣ ਦੌਰਾਨ ਅਚਾਨਕ ਪਾਣੀ ਦੇ ਤੇਜ਼ ਵਹਾਅ ਅਤੇ ਛੱਲ ਕਾਰਨ ਸਤਜਿੰਦਰ ਸਿੰਘ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਰੁੜ੍ਹ ਗਿਆ। ਉਸ ਦੇ ਨਾਲ ਨਹਾ ਰਹੇ ਸਾਥੀਆਂ ਨੇ ਉਸ ਨੂੰ ਬਚਾਉਣ ਲਈ ਤੁਰੰਤ ਪਾਣੀ ਵਿੱਚ ਛਾਲਾਂ ਮਾਰੀਆਂ ਅਤੇ ਪੂਰੀ ਕੋਸ਼ਿਸ਼ ਕੀਤੀ, ਪਰ ਤੇਜ਼ ਵਹਾਅ ਕਾਰਨ ਉਹ ਉਸ ਤੱਕ ਨਹੀਂ ਪਹੁੰਚ ਸਕੇ। ਕੁਝ ਹੀ ਪਲਾਂ ਵਿੱਚ ਉਹ ਪਾਣੀ ਵਿੱਚ ਲਾਪਤਾ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਸਮਾਜ ਸੇਵੀ ਸੰਸਥਾ ਚੜ੍ਹਦੀਕਲਾ ਸੇਵਾ ਸੁਸਾਇਟੀ ਦੇ ਮੈਂਬਰ ਵੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੋਤਾਖੋਰਾਂ, ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਕਰੀਬ 20 ਘੰਟਿਆਂ ਤੱਕ ਲਗਾਤਾਰ ਚੱਲੇ ਇਸ ਮੁਸ਼ਕਲ ਆਪ੍ਰੇਸ਼ਨ ਤੋਂ ਬਾਅਦ ਆਖ਼ਰਕਾਰ ਸਤਜਿੰਦਰ ਸਿੰਘ ਦੀ ਲਾਸ਼ ਰਜਬਾਹੇ ਵਿੱਚੋਂ ਬਰਾਮਦ ਕਰ ਲਈ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ, ਜਦਕਿ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਇਸ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਇਸ ਘਟਨਾ ਨੇ ਇੱਕ ਵਾਰ ਫਿਰ ਨਹਿਰਾਂ ਅਤੇ ਰਜਬਾਹਿਆਂ ਵਿੱਚ ਨਹਾਉਣ ਦੌਰਾਨ ਲੋੜੀਂਦੀਆਂ ਸੁਰੱਖਿਆ ਸਾਵਧਾਨੀਆਂ ਵਰਤਣ ਦੀ ਲੋੜ ਨੂੰ ਉਜਾਗਰ ਕੀਤਾ ਹੈ। ਪਿੰਡ ਵਾਸੀਆਂ ਨੇ ਵੀ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੇਜ਼ ਵਹਾਅ ਵਾਲੇ ਰਜਬਾਹਿਆਂ ਅਤੇ ਨਹਿਰਾਂ ਵਿੱਚ ਨਹਾਉਣ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।