- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਨੇ ਚਮੜੀ ਦੇ ਰੋਗਾਂ ਦੇ ਸ਼ੁਰੂਆਤੀ ਰੋਕਥਾਮ ਸਬੰਧੀ ਦਿੱਤੇ ਸੁਝਾਅ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੇ ਨਾਲ ਨਾਲ ਵਾਤਾਵਰਣ ਅਤੇ ਸਿਹਤ ਦੀ ਸੰਭਾਲ ਸਬੰਧੀ ਸੈਮੀਨਾਰ ਕਰਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪ੍ਰੋ. ਐੱਚਐੱਸ ਪਦਮ ਦੀ ਅਗਵਾਈ ਹੇਠ ਕਲੱਬ ਦੇ ਮੰਚ ’ਤੇ ਕਰਵਾਏ ਗਏ ਸਿਹਤ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਚਮੜੀ ਰੋਗਾਂ ਦੇ ਮਾਹਰ ਨੇ ਆਪਣੇ ਸੰਬੋਧਨ ’ਚ ਵੱਖ-ਵੱਖ ਨੁਕਤਿਆਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਜਿਸ ਤਰ੍ਹਾਂ ਹੋਰਨਾ ਬਿਮਾਰੀਆਂ ਸਬੰਧੀ ਹਰ ਮਰਦ-ਔਰਤ, ਬਜੁਰਗ ਜਾਂ ਨੌਜਵਾਨ ਫਿਕਰਮੰਦੀ ਪ੍ਰਗਟਾਉਂਦਾ ਹੈ, ਉਸ ਤੋਂ ਜਿਆਦਾ ਚਮੜੀ ਦੀ ਸਾਂਭ ਸੰਭਾਲ ਜਰੂਰੀ ਹੈ, ਕਿਉਂਕਿ ਚਮੜੀ ਦੇ ਰੋਗਾਂ ਤੋਂ ਪੀੜਤ ਵਿਅਕਤੀ ਦੀ ਬੇਚੈਨੀ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਨਵ-ਨਿਯੁਕਤ ਤੈਨਾਤ ਹੋਏ ਚਮੜੀ ਰੋਗਾਂ ਦੇ ਮਾਹਰ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਨੇ ਵੱਖ-ਵੱਖ ਕਿਸਮ ਦੇ ਨਹਾਉਣ ਵਾਲੇ ਸਾਬਣ, ਸ਼ੈਂਪੂ, ਕਰੀਮਾ ਦੇ ਫਾਇਦੇ ਅਤੇ ਨੁਕਸਾਨ ਤੋਂ ਇਲਾਵਾ ਵਰਤਣ ਦਾ ਤਜਰਬੇ ਅਤੇ ਸਮੇਂ ਸਥਾਨ ਬਾਰੇ ਵੀ ਵਿਸਥਾਰ ਵਿੱਚ ਜਿਕਰ ਕੀਤਾ। ਉਨ੍ਹਾਂ ਚਮੜੀ ਦੇ ਰੋਗਾਂ ਦੇ ਲੱਛਣ, ਸ਼ੁਰੂਆਤੀ ਰੋਕਥਾਮ ਅਤੇ ਇਲਾਜ ਤੋਂ ਇਲਾਵਾ ਚਿਹਰੇ ਦੇ ਮੁਹਾਸੇ ਅਤੇ ਦਾਗ, ਛਾਈਆਂ ਅਤੇ ਧੱਬੇ, ਉਮਰ ਵਿਰੋਧੀ ਇਲਾਜ, ਵਾਲਾਂ ਦਾ ਝੜਨਾ, ਛੋਟੀ ਉਮਰੇ ਚਿੱਟੇ ਵਾਲ, ਉਨਤ ਵਾਲਾਂ ਦੇ ਇਲਾਜ, ਨਹੁੰਆਂ ਦੀ ਦੇਖਭਾਲ, ਭੁਰਭੁਰੇ ਨਹੁੰ, ਫੰਗਲ ਇਨਫੈਕਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਹਾਜਰੀਨ ਦੇ ਸਵਾਲਾਂ ਦੇ ਜਵਾਬ ਵੀ ਸਰਲ ਭਾਸ਼ਾ ਵਿੱਚ ਦਿੱਤੇ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਵਕਤਾ ਅਤੇ ਉਹਨਾ ਦੇ ਸਤਿਕਾਰਤ ਪਿਤਾ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਦੇ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਨੇ ਕਲੱਬ ਵਲੋਂ ਮਿਲੇ ਮਾਣ ਸਨਮਾਨ ਬਦਲੇ ਜਿੱਥੇ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ, ਉੱਥੇ ਕਲੱਬ ਦੇ ਸੇਵਾ ਕਾਰਜਾਂ ਵਿੱਚ 1100 ਰੁਪਏ ਦਾ ਯੋਗਦਾਨ ਵੀ ਪਾਇਆ। ਅੰਤ ਵਿੱਚ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਅਤੇ ਉਹਨਾਂ ਦੇ ਪਿਤਾ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਦਾ ਕਲੱਬ ਦੇ ਸੋਵੀਨੀਅਰ-ਕਮ-ਸੰਪਰਕ ਡਾਇਰੀ, ਸਨਮਾਨ ਚਿੰਨ ਅਤੇ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਵੀ ਕੀਤਾ ਗਿਆ।