- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਵਿੱਚ ਟੀ.ਬੀ ਦੀ ਪਹਿਚਾਣ ਅਤੇ ਇਲਾਜ ਸਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਆਯੋਜਿਤ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਹਤ ਵਿਭਾਗ,ਵਰਲਡ ਹੈਲਥ ਪਾਰਟਨਰਜ਼ ਅਤੇ “ਸਾਥੀ” ਸੰਸਥਾ ਦੇ ਸਾਂਝੇ ਉਪਰਾਲੇ ਤਹਿਤ ਸਥਾਨਕ ਅਫਸਰ ਕਲੱਬ ਵਿਖੇ ਸਿਵਲ ਸਰਜਨ ਫਰੀਦਕੋਟ ਡਾ.ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾ ਅਤੇ ਜ਼ਿਲ੍ਹਾ ਟੀ.ਬੀ ਅਫਸਰ ਡਾ.ਸਰਵਦੀਪ ਸਿੰਘ ਰੋਮਾਣਾ ਦੀ ਯੋਗ ਅਗਵਾਈ ਹੇਠ ਬੱਚਿਆਂ ਵਿੱਚ ਟੀ.ਬੀ ਦੀ ਸਮੇਂ ਸਿਰ ਪਹਿਚਾਣ,ਜਾਂਚ ਅਤੇ ਇਲਾਜ ਸਬੰਧੀ ਇੱਕ ਜ਼ਿਲ੍ਹਾ ਪੱਧਰੀ ਕੈਚ-ਅੱਪ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਫੀਲਡ ਵਿੱਚ ਸੇਵਾਵਾਂ ਨਿਭਾ ਰਹੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਦੀ ਸਮਰੱਥਾ ਅਤੇ ਜਾਣਕਾਰੀ ਵਿੱਚ ਵਾਧਾ ਕਰਕੇ ਬੱਚਿਆਂ ਵਿੱਚ ਟੀ.ਬੀ ਦੇ ਕੇਸਾਂ ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਣਾ ਸੀ। ਟ੍ਰੇਨਿੰਗ ਦੀ ਸ਼ੁਰੂਆਤ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਕਰਦਿਆਂ ਟੈਕਨੀਕਲ ਟੀਮ ਮੈਂਬਰ ਡਾ. ਸ਼ਤੀਸ ਕੁਮਾਰ,ਅਮਿਤ ਗੋਰਡਨ,ਅਮਿਤ ਪ੍ਰਭਾਕਰ ਮਾਸਟਰ ਟ੍ਰੇਨਰ ਸਹਾਇਕ ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਡਾ. ਰੋਹਿਤ ਕੁਮਾਰ,ਸਹਾਇਕ ਪ੍ਰੋਫੈਸਰ ਡਾ. ਜਸਕੀਰਤ ਕੌਰ ਸੰਧੂ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਟ੍ਰੇਨਿੰਗ ਦੇ ਵਿਸ਼ੇ ਅਤੇ ਮਹੱਤਵ ਸਬੰਧੀ ਵਿਚਾਰ ਪੇਸ਼ ਕੀਤੇ। ਮਾਸਟਰ ਟ੍ਰੇਨਰਜ਼ ਵੱਲੋਂ ਪ੍ਰੋਜੈਕਟਰ ਤੇ ਵੱਖ-ਵੱਖ ਸਲਾਈਡਾਂ ਪੇਸ਼ ਕਰਦਿਆਂ ਬੱਚਿਆਂ ਵਿੱਚ ਟੀ.ਬੀ ਦੀ ਬਿਮਾਰੀ ਦੇ ਲੱਛਣਾਂ,ਜਾਂਚ ਵਿਧੀਆਂ, ਐਕਸ-ਰੇ ਦੀ ਵਿਆਖਿਆ,ਗੈਸਟ੍ਰਿਕ ਐਸਪੀਰੇਟ ਤੇ ਇੰਡਿਊਸਡ ਸਪੂਟਮ ਸੈਂਪਲ ਕਲੈਕਸ਼ਨ,ਟੀ.ਬੀ ਰੋਕਥਾਮੀ ਇਲਾਜ,ਟੀ.ਬੀ-ਐੱਚ.ਆਈ.ਵੀ ਸਹਿ-ਸੰਕਰਮਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਕਤਾਵਾਂ ਨੇ ਦੱਸਿਆ ਕਿ ਬੱਚਿਆਂ ਵਿੱਚ ਟੀ.ਬੀ ਦੀ ਪਛਾਣ ਕਰਨਾ ਕਈ ਵਾਰ ਚੁਣੌਤੀਪੂਰਨ ਹੁੰਦਾ ਹੈ ਕਿਉਂਕਿ ਬੱਚਿਆਂ ਵਿੱਚ ਬਾਲਗਾਂ ਦੀ ਤਰ੍ਹਾਂ ਖੰਘ ਦੇ ਨਾਲ ਬਲਗਮ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਜੇਕਰ ਕਿਸੇ ਬੱਚੇ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ, ਲਗਾਤਾਰ ਬੁਖ਼ਾਰ, ਭਾਰ ਨਾ ਵਧਣਾ ਜਾਂ ਘਟਣਾ, ਭੁੱਖ ਵਿੱਚ ਕਮੀ,ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਢਾਂ-ਲਿੰਫ ਨੋਡ ਅਤੇ ਲਗਾਤਾਰ ਕਮਜ਼ੋਰੀ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਟੀ.ਬੀ ਈਲੀਮੀਨੇਸ਼ਨ ਪ੍ਰੋਗਰਾਮ ਅਧੀਨ ਟੀ.ਬੀ ਦੀ ਜਾਂਚ ਅਤੇ ਇਲਾਜ ਦੀਆਂ ਸਾਰੀਆਂ ਸੇਵਾਵਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲਬਧ ਹਨ। ਸਮੇਂ ਸਿਰ ਪਛਾਣ ਅਤੇ ਨਿਯਮਤ ਇਲਾਜ ਨਾਲ ਬੱਚਿਆਂ ਵਿੱਚ ਟੀ.ਬੀ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੇ ਬੱਚਿਆਂ ਵਿੱਚ ਟੀ.ਬੀ ਦੇ ਵੱਖ-ਵੱਖ ਕੇਸਾਂ, ਇਲਾਜ ਪ੍ਰੋਟੋਕੋਲ ਅਤੇ ਪ੍ਰੈਕਟੀਕਲ ਪੱਖਾਂ ਬਾਰੇ ਸਵਾਲ-ਜਵਾਬ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਰਲਡ ਹੈਲਥ ਪਾਰਟਨਰਜ਼,ਫਰੀਦਕੋਟ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ,ਸਿਹਤ ਵਿਭਾਗ ਦੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ-ਕਮ-ਟ੍ਰਨਿੰਗ ਇੰਚਾਰਜ ਸੁਧੀਰ ਕੁਮਾਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ-ਕਮ-ਨੋਡਲ ਅਫਸਰ ਸੋਸ਼ਲ ਮੀਡੀਆ ਲਖਵਿੰਦਰ ਕੈਂਥ ਅਤੇ ਟੀ.ਬੀ ਵਿਭਾਗ ਦੇ ਗੁਲਸ਼ਨ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।