- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪਕ ਜੈਤੋਈ ਮੰਚ ਨੇ ਸਾਹਿਤਕ ਸਰਗਰਮੀਆਂ ਨੂੰ ਦਿੱਤੀ ਨਵੀਂ ਰਫ਼ਤਾਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਇਲਾਕੇ ਦੀ ਪ੍ਰਮੁੱਖ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ:) ਜੈਤੋ ਦੀ ਮਹੀਨਾਵਾਰ ਸਾਹਿਤਕ ਬੈਠਕ ਇੱਥੋਂ ਦੇ ਪੈਨਸ਼ਨਰਜ਼ ਭਵਨ ਵਿਖੇ ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਈਸ਼ਰ ਸਿੰਘ ਲੰਭਵਾਲੀ ਅਤੇ ਯਸ਼ਪਾਲ ਸਿੰਘ ਚਿੱਤਰਕਾਰ ਦੀ ਪ੍ਰਧਾਨਗੀ ਹੇਠ ਉਤਸ਼ਾਹਪੂਰਵਕ ਸੰਪੰਨ ਹੋਈ। ਬੈਠਕ ਦੌਰਾਨ ਮੰਚ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਹਿਤਕ ਖੇਤਰ ਵਿੱਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਕਾਰਜਕਾਰਣੀ ਦਾ ਵਿਸਥਾਰ ਕਰਦਿਆਂ ਕਈ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ। ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਉਸਤਾਦ ਸ਼ਾਇਰ ਸਵਰਗੀ ਦੀਪਕ ਜੈਤੋਈ ਦੇ ਦਾਮਾਦ ਬਸੰਤ ਸਿੰਘ ਸੋਨੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਸਾਹਿਤਕਾਰਾਂ ਨੇ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਸਾਂਝੀ ਕੀਤੀ। ਕਾਰਜਕਾਰਣੀ ਦੇ ਵਿਸਥਾਰ ਤਹਿਤ ਰਜਨੀਸ਼ ਸਿੰਘ ਪਤੰਗਾ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਬੀਰ ਸਿੰਘ ਸੰਧੂ ਨੂੰ ਮੀਤ ਪ੍ਰਧਾਨ ਅਤੇ ਉੱਘੇ ਰੇਡੀਓ ਐਂਕਰ, ਸੀਨੀਅਰ ਪੱਤਰਕਾਰ ਤੇ ਪ੍ਰਸਿੱਧ ਲੇਖਕ ਹਰਮੇਲ ਪਰੀਤ ਨੂੰ ਪੀ.ਆਰ. (ਪ੍ਰੈੱਸ ਸਕੱਤਰ) ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਹਰਦਮ ਸਿੰਘ ਮਾਨ (ਕੈਨੇਡਾ), ਦਰਸ਼ਨ ਸਿੰਘ ਬਰਾੜ ਅਜਿੱਤਗਿੱਲ (ਕੈਨੇਡਾ), ਚਰਨਜੀਤ ਜੈਤੋ (ਕੈਨੇਡਾ), ਸਾਬਕਾ ਸਰਪੰਚ ਮੁਕੰਦ ਸਿੰਘ ਸਰਾਵਾਂ ਅਤੇ ਅਮਨਦੀਪ ਸਿੰਘ ਪੰਜਗਰਾਈਂ ਨੂੰ ਸਲਾਹਕਾਰ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ। ਜਗਜੀਤ ਸਿੰਘ ਜੈਤੋ, ਮਲਕੀਤ ਕਿੱਟੀ ਜੈਤੋ ਅਤੇ ਲਾਭ ਸਿੰਘ ਡੋਡ ਨੂੰ ਕਾਰਜਕਾਰਣੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਮੰਚ ਦੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਨਾਲ ਹੋਰ ਸਾਹਿਤ ਪ੍ਰੇਮੀਆਂ ਦੇ ਜੁੜਨ ਉਪਰੰਤ ਕਾਰਜਕਾਰਣੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਮੰਚ ਦੀਆਂ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਹੋਰ ਵਿਆਪਕ ਪੱਧਰ ’ਤੇ ਅੱਗੇ ਵਧਾਇਆ ਜਾ ਸਕੇ। ਇਸ ਉਪਰੰਤ ਹੋਏ ਰਚਨਾਤਮਕ ਸੈਸ਼ਨ ਵਿੱਚ ਲਾਭ ਸਿੰਘ ਡੋਡ, ਮੇਲਾ ਰਾਮ ਗੋਇਲ, ਮਲਕੀਤ ਕਿੱਟੀ, ਹਰਨੇਕ ਰੁਪਾਣਾ, ਈਸ਼ਰ ਸਿੰਘ ਲੰਭਵਾਲੀ ਅਤੇ ਹਰਮੇਲ ਪਰੀਤ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਕੇ ਸਾਹਿਤਕ ਮਾਹੌਲ ਨੂੰ ਹੋਰ ਰੰਗਤ ਬਖ਼ਸ਼ੀ। ਉੱਥੇ ਹੀ ਕੁਲਬੀਰ ਸਿੰਘ ਸੰਧੂ ਨੇ ਆਪਣੀ ਪ੍ਰਭਾਵਸ਼ਾਲੀ ਕਹਾਣੀ ਰਾਹੀਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਬਾਖੂਬੀ ਉਜਾਗਰ ਕੀਤਾ। ਬੈਠਕ ਵਿੱਚ ਰਜਨੀਸ਼ ਸਿੰਘ ਪਤੰਗਾ, ਅੰਗਰੇਜ਼ ਸਿੰਘ, ਜਗਜੀਤ ਸਿੰਘ ਸਮੇਤ ਹੋਰ ਕਈ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੀ ਮੌਜੂਦ ਸਨ। ਸਮੁੱਚਾ ਸਮਾਗਮ ਸਾਹਿਤ, ਸੱਭਿਆਚਾਰ ਅਤੇ ਰਚਨਾਤਮਕ ਚਿੰਤਨ ਨੂੰ ਸਮਰਪਿਤ ਰਿਹਾ, ਜਿਸ ਨੇ ਹਾਜ਼ਰੀਨ ਨੂੰ ਨਵੀਂ ਸਾਹਿਤਕ ਊਰਜਾ ਅਤੇ ਪ੍ਰੇਰਣਾ ਪ੍ਰਦਾਨ ਕੀਤੀ।