- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਗੋਂਦਾਰਾ ਨੇ ਦਾਅਵਾ ਕੀਤਾ ਕਿ ਉਹ ਨਿਰਧਾਰਤ ਫੀਸ ਦੇਣ ਲਈ ਤਿਆਰ ਸਨ। ਉਨ੍ਹਾਂ ਨੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੂੰ ਵੀ ਫੋਨ ਕੀਤਾ, ਪਰ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਦੀਵਾਲੀ ਵਾਲੇ ਦਿਨ ਬਾਜਾਖਾਨਾ ਦੇ ਸਰਕਾਰੀ ਹਸਪਤਾਲ ਤੋਂ ਗੰਭੀਰ ਮਰੀਜ਼ ਨੂੰ ਫ਼ਰੀਦਕੋਟ ਰੈਫ਼ਰ ਕਰਨ ਲਈ ਐਂਬੂਲੈਂਸ ਨਹੀਂ ਮਿਲੀ। ਐਸਐਮਓ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੂੰ ਮਰੀਜ਼ ਆਪਣੀ ਨਿੱਜੀ ਗੱਡੀ ਰਾਹੀਂ ਲਿਜਾਣਾ ਪਿਆ। ਬਾਅਦ ਵਿੱਚ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਐਸਐਮਓ ਨੇ ਐਂਬੂਲੈਂਸ ਚਾਲਕ ’ਤੇ ਲਿਜਾਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਸਿਵਲ ਸਰਜਨ ਨੇ ਇਸ ਨੂੰ ਕਿਰਾਏ ਦੇ ਵਿਵਾਦ ਦਾ ਮਾਮਲਾ ਦੱਸਿਆ ਹੈ।
ਡਾ. ਗੋਂਦਾਰਾ ਨੇ ਸਿਹਤ ਵਿਭਾਗ ਦੇ ਫ਼ਰੀਦਕੋਟ ਸਥਿਤ ਫੇਸਬੁੱਕ ਪੇਜ ’ਤੇ ਐਂਬੂਲੈਂਸ ਸੇਵਾਵਾਂ ਬਾਰੇ ਪੋਸਟ ਹੇਠਾਂ ਟਿੱਪਣੀ ਕਰ ਕੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਅਨੁਸਾਰ ਭਗਤਾ ਭਾਈਕਾ ਦੇ ਸੁਖਦੀਪ ਸਿੰਘ ਨੂੰ ਦੀਵਾਲੀ ਵਾਲੇ ਦਿਨ ਬਾਜਾਖਾਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਵਿਗੜਨ ’ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਰੈਫ਼ਰ ਕੀਤਾ ਗਿਆ।
108 ਸੇਵਾ ਨਾਲ ਸੰਪਰਕ ਨਹੀਂ ਹੋਇਆ
ਐਸਐਮਓ ਮੁਤਾਬਕ ਪਹਿਲਾਂ 108 ਐਂਬੂਲੈਂਸ ਸੇਵਾ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਹੀਂ ਮਿਲਿਆ। ਇਸ ਤੋਂ ਬਾਅਦ ਸਰਕਾਰੀ ਐਂਬੂਲੈਂਸ ਚਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਮਰੀਜ਼ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਡਾ. ਗੋਂਦਾਰਾ ਨੇ ਦਾਅਵਾ ਕੀਤਾ ਕਿ ਉਹ ਨਿਰਧਾਰਤ ਫੀਸ ਦੇਣ ਲਈ ਤਿਆਰ ਸਨ। ਉਨ੍ਹਾਂ ਨੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੂੰ ਵੀ ਫੋਨ ਕੀਤਾ, ਪਰ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ।
ਸਿਵਲ ਸਰਜਨ ਨੇ ਕਿਰਾਏ ਦਾ ਵਿਵਾਦ ਦੱਸਿਆ
ਡਾ. ਸਿੰਗਲਾ ਨੇ ਦੋਸ਼ ਨਕਾਰਦਿਆਂ ਕਿਹਾ ਕਿ 108 ਐਂਬੂਲੈਂਸ ਸੇਵਾ ਮੁਫ਼ਤ ਹੈ, ਜਦਕਿ ਹੋਰ ਸਰਕਾਰੀ ਐਂਬੂਲੈਂਸ ਲਈ 10 ਰੁਪਏ ਪ੍ਰਤੀ ਕਿਲੋਮੀਟਰ ਫੀਸ ਲੱਗਦੀ ਹੈ। ਉਨ੍ਹਾਂ ਮੁਤਾਬਕ ਇਹ ਰਕਮ ਦੇਣ ਤੋਂ ਇਨਕਾਰ ਕਰਨ ਕਾਰਨ ਚਾਲਕ ਐਂਬੂਲੈਂਸ ਲੈ ਕੇ ਨਹੀਂ ਗਿਆ।
ਅਰਸ਼ ਸੱਚਰ ਵੱਲੋਂ ਜਾਂਚ ਦੀ ਮੰਗ
ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਅਰਸ਼ ਸੱਚਰ ਨੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਾਰਟੀ ਹਾਈਕਮਾਂਡ ਤੱਕ ਪਹੁੰਚਾਇਆ ਜਾਵੇਗਾ। ਦੋਸ਼ ਸਹੀ ਪਾਏ ਜਾਣ ’ਤੇ ਚਾਲਕ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।