ਕਪਾਹ ਉਗਾਉਣ ਵਾਲੇ ਕਿਸਾਨਾਂ ਤੋਂ ਬੁਣਕਰਾਂ ਤਕ ਬਦਲੇਗੀ ਤਸਵੀਰ, ਖਾਦੀ ਨੂੰ ਹੁਲਾਰਾ ਦੇਣ ਲਈ KVIC ਨੇ ਸੰਭਾਲੀ ਕਮਾਨ
PM Modi ਨੇ 25 ਅਕਤੂਬਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਨਵ-ਤ੍ਰਿੰਞਣ ਦਾ ਜ਼ਿਕਰ ਕੀਤਾ ਸੀ। ਸੰਸਥਾ ਦੀ ਡਾਇਰੈਕਟਰ ਰੁਪਸੀ ਗਰਗ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਦੇਸੀ ਕਪਾਹ ਉਗਾਉਣ ਵਾਲੇ ਕਿਸਾਨਾਂ, ਸੂਤ ਕੱਤਣ ਵਾਲੀਆਂ ਔਰਤਾਂ ਅਤੇ ਹੱਥਖੱਡੀ ਦੇ ਬੁਣਕਰਾਂ ਨੂੰ ਇਕੋ ਉਤਪਾਦਨ ਲੜੀ ਨਾਲ ਜੋੜਿਆ ਜਾ ਰਿਹਾ ਹੈ।
Publish Date: Sun, 29 Nov 2026 10:43 AM (IST)
Updated Date: Sun, 29 Nov 2026 10:45 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਦੇਸੀ ਕਪਾਹ ਦੀ ਖੇਤੀ ਨੂੰ ਰੁਜ਼ਗਾਰ ਅਤੇ ਰਵਾਇਤੀ ਦਸਤਕਾਰੀ ਨਾਲ ਜੋੜਨ ਲਈ ਖੇਤੀ ਵਿਰਾਸਤ ਮਿਸ਼ਨ (ਕੇਵੀਐੱਮ) ਵੱਲੋਂ ਚਲਾਈ ਜਾ ਰਹੀ ਪਹਿਲਕਦਮੀ ਨਵ-ਤ੍ਰਿੰਞਣ ਦਾ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਖੇਤਰੀ ਡਾਇਰੈਕਟਰ ਕੁਲਦੀਪ ਵਰਮਾ ਨੇ ਸਹਾਇਕ ਡਾਇਰੈਕਟਰ ਅੰਗਰੇਜ ਮਲਿਕ ਨਾਲ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਅਕਤੂਬਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਨਵ-ਤ੍ਰਿੰਞਣ ਦਾ ਜ਼ਿਕਰ ਕੀਤਾ ਸੀ। ਸੰਸਥਾ ਦੀ ਡਾਇਰੈਕਟਰ ਰੁਪਸੀ ਗਰਗ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਦੇਸੀ ਕਪਾਹ ਉਗਾਉਣ ਵਾਲੇ ਕਿਸਾਨਾਂ, ਸੂਤ ਕੱਤਣ ਵਾਲੀਆਂ ਔਰਤਾਂ ਅਤੇ ਹੱਥਖੱਡੀ ਦੇ ਬੁਣਕਰਾਂ ਨੂੰ ਇਕੋ ਉਤਪਾਦਨ ਲੜੀ ਨਾਲ ਜੋੜਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੇਸੀ ਕਪਾਹ ਤੋਂ ਸੂਤ ਤਿਆਰ ਕਰਨ, ਕਤਾਈ ਅਤੇ ਹੱਥਖੱਡੀ ’ਤੇ ਕੱਪੜਾ ਬੁਣਨ ਦੀ ਪ੍ਰਕਿਰਿਆ ਦੇਖੀ। ਕੁਲਦੀਪ ਵਰਮਾ ਨੇ ਨੌਜਵਾਨ ਬੁਣਕਰਾਂ ਦਲਜੀਤ ਕੌਰ, ਹਰਪ੍ਰੀਤ ਕੌਰ, ਗੁਰਸਿਮਰਨ ਸਿੰਘ ਅਤੇ ਕੌਮੀ ਯੁਵਾ ਬੁਣਕਰ ਪੁਰਸਕਾਰ ਜੇਤੂ ਰਜਨੀ ਕੌਰ ਤੋਂ ਉਨ੍ਹਾਂ ਦੇ ਤਜਰਬੇ ਜਾਣੇ ਅਤੇ ਰਵਾਇਤੀ ਕਲਾ ਨੂੰ ਸੰਭਾਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਨਵ-ਤ੍ਰਿੰਞਣ ਵੀਵਿੰਗ ਸਕੂਲ ਦੀ ਪ੍ਰਿੰਸੀਪਲ ਸ਼ਿੰਦਰ ਕੌਰ ਨੇ ਸਿਖਲਾਈ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਅਧਿਕਾਰੀਆਂ ਨੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਭਾਈਚਾਰਕ ਬੀਜ ਬੈਂਕ ਵਿੱਚ ਸਾਂਭੇ ਦੇਸੀ ਬੀਜਾਂ ਦਾ ਜਾਇਜ਼ਾ ਲਿਆ। ਕਿਸਾਨ ਭਵਨ ਵਿਖੇ ਦੇਸੀ ਕਪਾਹ ਉਤਪਾਦਕਾਂ ਨਾਲ ਮੀਟਿੰਗ ਵਿੱਚ ਕਿਸਾਨਾਂ ਤੇ ਦਸਤਕਾਰਾਂ ਦੀ ਆਮਦਨ ਵਧਾਉਣ, ਖਾਦੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੇਵੀਆਈਸੀ, ਕੇਵੀਐੱਮ ਤੇ ਨਵ-ਤ੍ਰਿੰਞਣ ਦੇ ਸਾਂਝੇ ਉਪਰਾਲਿਆਂ ਬਾਰੇ ਚਰਚਾ ਹੋਈ।
ਉਮੇਂਦਰ ਦੱਤ ਨੇ ਕਿਹਾ ਕਿ ਦੇਸੀ ਕਪਾਹ ਦੀ ਖੇਤੀ ਤੋਂ ਕੱਪੜੇ ਦੀ ਬੁਣਾਈ ਤੱਕ ਦੀ ਸਮੁੱਚੀ ਲੜੀ ਮਜ਼ਬੂਤ ਕਰਨਾ ਕਿਸਾਨਾਂ, ਕਾਰੀਗਰਾਂ ਅਤੇ ਰਵਾਇਤੀ ਹੁਨਰਾਂ ਦੇ ਭਵਿੱਖ ਲਈ ਅਹਿਮ ਹੈ।