- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਖਿਲਾਫ਼ ਵਿਸ਼ਾਲ ਰੈਲੀ ਦੇ ਕਾਫਲੇ ਨੂੰ ਡੀ.ਸੀ. ਤੇ ਐਸਐਸਪੀ ਕਰਨਗੇ ਰਵਾਨਾ : ਡਾ. ਢਿੱਲੋਂ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਨਿਸ਼ਕਾਮ ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ (ਇੰਟਰਨੈਸ਼ਨਲ ਐਂਟੀ ਡਰੱਗ ਡੇਅ) ਨੂੰ ਨਸ਼ਿਆਂ ਖਿਲਾਫ਼ ਵਿਸ਼ਾਲ ਰੈਲੀ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਆਫੀਸਰ ਕਲੱਬ ਫਰੀਦਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਢਿੱਲੋਂ ਨੇ ਦੱਸਿਆ ਕਿ 26 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8.00 ਵਜੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜਸੇਵੀ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਮਾਜ ਸੁਧਾਰਕ ਇਕੱਤਰ ਹੋਣਗੇ, ਜਿੱਥੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਨਸ਼ਾ ਵਿਰੋਧੀ ਰੈਲੀ ਵਾਲੇ ਕਾਫਲੇ ਨੂੰ ਰਵਾਨਾ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਮਾਨਯੋਗ ਐਸਐਸਪੀ ਸ੍ਰ ਗੁਰਬੰਸ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ ਅਤੇ ਨਸ਼ਿਆਂ ਦੀ ਕਰੋਪੀ ਦੀ ਸਮੱਸਿਆ ਦੇ ਹੱਲ ਅਤੇ ਮੁਕੰਮਲ ਖਾਤਮੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਵਿਸ਼ਾਲ ਰੈਲੀ ਦੇ ਵੱਡੇ ਕਾਫਲੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਡਾ ਢਿੱਲੋਂ ਨੇ ਦੱਸਿਆ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ, ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਲਈ ਸੱਦਾ ਭੇਜਿਆ ਗਿਆ ਹੈ। ਉਨਾ ਦੱਸਿਆ ਕਿ ਹਰ ਬੁਲਾਰਾ ਸਿਰਫ ਨਸ਼ਿਆਂ ਦੀ ਕਰੋਪੀ ਦੇ ਹੱਲ ਲਈ ਆਪਣੇ ਵਿਚਾਰ ਸਾਂਝੇ ਕਰੇਗਾ। ਉਸ ਤੋਂ ਬਾਅਦ ਨਸ਼ਾ ਵਿਰੋਧੀ ਰੈਲੀ ਵਿੱਚ ਸ਼ਾਮਲ ਕਾਰਾਂ, ਜੀਪਾਂ, ਸਕੂਟਰਾਂ, ਮੋਟਰਸਾਈਕਲਾਂ ਸਮੇਤ ਵੱਖ-ਵੱਖ ਕਿਸਮ ਦੇ ਵਾਹਨਾ ਦਾ ਕਾਫਲਾ 9.30 ਵਜੇ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਵਿਖੇ ਪੁੱਜੇਗਾ ਅਤੇ ਇਸ ਜਗਾ ਵੀ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂ ਨਸ਼ਾ ਵਿਰੋਧੀ ਦਿਵਸ ਦੀ ਮਹੱਤਤਾ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਸਬੰਧੀ ਵਿਚਾਰ ਚਰਚਾ ਕਰਨਗੇ। ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਤੋਂ ਉਕਤ ਕਾਫਲਾ ਨਵੀਂ ਦਾਣਾ ਮੰਡੀ ਬਾਘਾਪੁਰਾਣਾ ਲਈ ਰਵਾਨਾ ਹੋਵੇਗਾ ਅਤੇ ਉੱਥੇ ਪਹੁੰਚ ਕੇ ਵੀ ਨਸ਼ਿਆਂ ਖਿਲਾਫ ਵਿਚਾਰ ਚਰਚਾ ਕਰਨ ਤੋਂ ਬਾਅਦ ਰੈਲੀ ਦੀ ਸਮਾਪਤੀ ਕੀਤੀ ਜਾਵੇਗੀ। ਉਨਾ ਦਾਅਵਾ ਕੀਤਾ ਕਿ ਸਾਰੇ ਪੋ੍ਰਗਰਾਮ ਦੌਰਾਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ ਦਾ ਪੂਰਨ ਸਹਿਯੋਗ ਰਹੇਗਾ। ਉਹਨਾ ਦੱਸਿਆ ਕਿ ਸਾਰੀਆਂ ਥਾਵਾਂ ’ਤੇ ਪ੍ਰੋਗਰਾਮ ਨੂੰ ਲਾਈਵ ਕਰਨ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ। ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ, ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਲਈ ਸੱਦਾ ਭੇਜਿਆ ਗਿਆ ਹੈ।