ਬੱਧਨੀ ਕਲਾਂ ’ਚ ਕੀੜੇਮਾਰ ਦਵਾਈਆਂ ਦੀ ਦੁਕਾਨ ਤੇ ਛਾਪੇਮਾਰੀ
ਚੰਡੀਗੜ ਖੇਤੀਬਾੜ੍ਹੀ ਵਿਭਾਗ ਨੇ ਬੱਧਨੀ ਕਲਾਂ ਵਿਖੇ ਕੀੜੇਮਾਰ ਦਵਾਈਆਂ ਦੀ ਦੁਕਾਨ ਤੇ ਕੀਤੀ ਅਚਨਚੇਤ ਛਾਪੇਮਾਰੀ
Publish Date: Fri, 26 Jun 2026 07:50 PM (IST)
Updated Date: Fri, 26 Jun 2026 07:52 PM (IST)

ਚੰਡੀਗੜ ਖੇਤੀਬਾੜ੍ਹੀ ਵਿਭਾਗ ਦੀ ਟੀਮ ਨੇ ਕੀਤੀ ਕਾਰਵਾਈ, ਸੈਂਪਲ ਇਕੱਤਰ ਕੀਤੇ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਦੇ ਜੋਆਇੰਟ ਡਾਇਰੈਕਟਰ ਡਾ. ਨਰਿੰਦਰ ਪਾਲ ਸਿੰਘ ਬੈਣੀਪਾਲ ਦੀ ਅਗਵਾਈ ਵਿਚ ਚੰਡੀਗੜ ਤੋਂ ਆਈ ਟੀਮ ਨੇ ਬੱਧਨੀ ਕਲਾਂ ਵਿਖੇ ਕੀੜੇਮਾਰ ਦਵਾਈਆਂ ਦੀ ਦੁਕਾਨ (ਬਾਬਾ ਭਾਣੇ ਵਾਲੇ ਪੈਸਟੀਸਾਈਡ) ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਮੌਕ ਜੋਆਇੰਟ ਡਾਇਰੈਕਟਰ ਡਾ. ਨਰਿੰਦਰ ਪਾਲ ਸਿੰਘ ਬੈਣੀਪਾਲ ਨੇ ਦੱਸਿਆ ਕਿ ਸਬੰਧਿਤ ਫਰਮ ਕੋਲੇ ਕਿਸੇ ਵੀ ਖਾਦ ਅਤੇ ਦਵਾਈ ਦਾ ਕੋਈ ਵੀ ਖਰੀਦ ਬਿੱਲ ਮੌਜੂਦ ਨਹੀਂ ਹੈ ਅਤੇ ਸੰਬੰਧਤ ਦੁਕਾਨਦਾਰ ਵੱਲੋਂ ਨਾ ਹੀ ਕਿਸਾਨਾਂ ਨੂੰ ਬਿੱਲ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਕੁਝ ਅਣਅਧਿਕਾਰਤ ਕੰਪਨੀਆਂ ਦਾ ਮਾਲ ਜੋ ਕਿ ਪੰਜਾਬ ਦੇ ਵਿਚ ਰਜਿਸ਼ਟਰ ਨਹੀਂ ਹੈ ਉਹਨਾਂ ਦਾ ਸਟਾਕ ਵੀ ਇਸ ਦੁਕਾਨ ’ਚ ਮੌਜੂਦ ਪਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਦੀ ਸੈਂਪਲਿੰਗ ਵੀ ਕੀਤੀ ਗਈ ਹੈ। ਸੈਂਪਲਿੰਗ ਤੋਂ ਬਾਅਦ ਸੰਬੰਧਤ ਦਵਾਈਆਂ ਨੂੰ ਲੈਬ ਵਿਚ ਟੈਸਟਿੰਗ ਲਈ ਭੇਜਿਆ ਜਾਵੇਗਾ ਅਤੇ ਉਸ ਦੇ ਜੋ ਵੀ ਨਤੀਜੇ ਆਉਣਗੇ ਉਪਰੰਤ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰਨਾਂ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪੈਸਟੀਸਾਈਡ ਡੀਲਰ ਅਣਅਧਿਕਾਰਤ ਦਵਾਈਆਂ ਨਾਂ ਵੇਚੇ ਅਤੇ ਵੇਚੀ ਗਈ ਦਵਾਈ ਦਾ ਪੱਕਾ ਬਿੱਲ ਹਰ ਕਿਸਾਨ ਨੂੰ ਦੇਣ ਅਤੇ ਦੁਕਾਨਦਾਰਾਂ ਨੂੰ ਆਪਣੇ ਸਟਾਕ ਰਜ਼ਿਸਟਰਾਂ ਦਾ ਕੰਮ ਵੀ ਪੂਰਨ ਰੂਪ ’ਚ ਮੁਕੰਮਲ ਰੱਖਣ ਲਈ ਕਿਹਾ। ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ’ਚ ਪੰਜ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਆਉਦੇਂ ਦਿਨਾਂ ’ਚ ਵੀ ਇਹ ਇਸੇ ਤਰਾਂ ਜਾਰੀ ਰਹੇਗੀ। ਛਾਪੇਮਾਰੀ ਦੀ ਭਿਨਕ ਲੱਗਦਿਆਂ ਕਿਸਾਨ ਜਥੇਬੰਦੀਆਂ ਨੇ ਦੁਕਾਨ ਦੇ ਬਾਹਰ ਇਕੱਠੇੇੇ ਹੋ ਗਏ ਅਤੇ ਪਹੁੰਚੀ ਹੋਈ ਵਿਭਾਗ ਦੀ ਟੀਮ ਨੂੰ ਹੋਰਨਾਂ ਦੁਕਾਨਦਾਰਾਂ ਵਲੋਂ ਵੀ ਦਿੱਤੇ ਜਾਂਦੇ ਕੱਚੇ ਬਿੱਲਾਂ ਸਬੰਧੀ ਜਾਣੂੰ ਕਰਵਾਇਆ ਤਾਂ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਗੋਂ ਉਨ੍ਹਾਂ ਉੱਪਰ ਵੀ ਬਣਦੀ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਸਬੰਧੀ ਜਦੋਂ ਦੁਕਾਨ ਦੇ ਮਾਲਕ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਨਵੀਂ ਦੁਕਾਨ ਕੀਤੀ ਹੈ ਅਤੇ ਕਈ ਵਾਰ ਕਿਸਾਨਾਂ ਦੀ ਮੰਗ ਅਨੁਸਾਰ ਦਵਾਈ ਮੁਹੱਈਆ ਕਰਵਾਉਣ ਦੇ ਰੁਝੇਵੇ ’ਚ ਰਹਿਣ ਕਾਰਨ ਕੁਝ ਵਿਭਾਗੀ ਰਿਕਾਰਡ ’ਚ ਕਮੀਆਂ ਰਹਿ ਗਈਆਂ ਸਨ। ਜਿਕਰਯੋਗ ਹੈ ਕਿ ਚੰਡੀਗੜ ਤੋਂ ਆਈ ਖੇਤੀਬਾੜੀ ਟੀਮ ਵੱਲੋਂ ਮੋਗਾ ਜਿਲੇ ਦੇ ਅਧਿਕਾਰੀਆਂ ਨੂੰ ਛਾਪੇਮਾਰੀ ਸਬੰਧੀ ਭਿਣਕ ਨਹੀਂ ਲੱਗਣ ਦਿੱਤੀ ਅਤੇ ਕਾਰਵਾਈ ਕਰਨ ਸਮੇਂ ਮੋਗਾ ਤੋਂ ਮੁੱਖ ਖੇਤੀਬਾੜੀ ਅਫਸਰ ਤੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਡਾ. ਗੁਰਲਵਲੀਨ ਸਿੰਘ ਸਿੱਧੂ ਜ਼ਿਲ੍ਹਾ ਖਾਦ ਅਫਸਰ, ਬਲਾਕ ਖੇਤੀਬਾੜੀ ਅਫਸਰ, ਡਾਕਟਰ ਬਲਜਿੰਦਰ ਸਿੰਘ, ਡਾਕਟਰ ਤਰਨਜੀਤ ਸਿੰਘ ਬਲਾਕ ਅਫ਼ਸਰ, ਡਾ. ਜਸਬੀਰ ਕੌਰ ਏ. ਡੀ.ਓ, ਡਾਕਟਰ ਖੁਸ਼ਦੀਪ ਸਿੰਘ, ਡਾਕਟਰ ਜਤਿੰਦਰ ਸਿੰਘ, ਡਾਕਟਰ ਮਨਜੀਤ ਸਿੰਘ, ਡਾਕਟਰ ਡਿੰਪਲ ਕੌਰ, ਡਾਕਟਰ ਤਰੁਣ ਸ਼ਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।