- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ), ਵਾਤਾਵਰਨ ਸੁਰੱਖਿਆ ਐਕਟ, 1986 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਤੋਂ ਬਚਾਅ ਸਬੰਧੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪਿੰਡ ਸੁਖਨਵਾਲਾ ਦੇ ਇੱਕ ਵਸਨੀਕ ਨੇ ਦੋਸ਼ ਲਾਇਆ ਕਿ ਵਿਭਾਗ ਨੇ ਮੌਜੂਦਾ ਸਥਿਤੀ ਦੀ ਜਾਂਚ ਕੀਤੇ ਬਿਨਾਂ ਦਹਾਕਿਆਂ ਪੁਰਾਣੇ ਜ਼ਮੀਨੀ ਰਿਕਾਰਡ ਦੇ ਆਧਾਰ ’ਤੇ ਨਾਵਾਂ ਦੀ ਸੂਚੀ ਤਿਆਰ ਕਰ ਦਿੱਤੀ।

ਸ਼ਿਵ ਸ਼ਰਮਾ, ਪੰਜਾਬੀ ਜਾਗਰਣ ਫ਼ਰੀਦਕੋਟ : ਝੋਨੇ ਦੀ ਫ਼ਸਲ ਦੀ ਸਿੰਜਾਈ ਲਈ ਕਥਿਤ ਤੌਰ ’ਤੇ ਨਹਿਰੀ ਪਾਣੀ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਪਿੰਡਾਂ ਦੇ 43 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ, ਐੱਫਆਈਆਰ ਵਿੱਚ ਦਰਜ ਨਾਵਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਨਾਮਜ਼ਦ ਵਿਅਕਤੀਆਂ ਵਿੱਚੋਂ ਘੱਟੋ-ਘੱਟ ਸੱਤ ਦੀ ਮੌਤ 10 ਤੋਂ 12 ਸਾਲ ਪਹਿਲਾਂ ਹੋ ਚੁੱਕੀ ਹੈ।
ਇਹ ਕੇਸ ਜਲ ਸਰੋਤ ਵਿਭਾਗ ਦੇ ਹਰੀਕੇ ਨਹਿਰ ਮੰਡਲ, ਫ਼ਿਰੋਜ਼ਪੁਰ ਦੇ ਕਾਰਜਕਾਰੀ ਇੰਜਨੀਅਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਨਹਿਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਸੁਖਣ ਵਾਲਾ ਅਤੇ ਕਿਲ੍ਹਾ ਨੌਂ ਦੇ ਕੁਝ ਵਿਅਕਤੀਆਂ ਨੇ ਮੁੜਕੀ ਡਿਸਟ੍ਰੀਬਿਊਟਰੀ ’ਤੇ ਬਣੇ ਮਨਜ਼ੂਰਸ਼ੁਦਾ ਨਹਿਰੀ ਮੋਘਿਆਂ ਦੇ ਡਿਜ਼ਾਈਨ ਨਾਲ ਕਥਿਤ ਤੌਰ ’ਤੇ ਵਾਰ-ਵਾਰ ਛੇੜਛਾੜ ਕੀਤੀ। ਦੋਸ਼ ਹੈ ਕਿ ਇੱਟਾਂ ਹਟਾ ਕੇ ਅਤੇ ਮੋਘਿਆਂ ਦੀ ਬਣਤਰ ਵਿੱਚ ਤਬਦੀਲੀ ਕਰ ਕੇ ਨਿਰਧਾਰਤ ਮਾਤਰਾ ਤੋਂ ਵੱਧ ਪਾਣੀ ਖੇਤਾਂ ਵੱਲ ਮੋੜਿਆ ਗਿਆ। ਵਿਭਾਗ ਦਾ ਦੋਸ਼ ਹੈ ਕਿ ਇਸ ਕਾਰਵਾਈ ਨਾਲ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਅਤੇ ਨਿਯਮਾਂ ਦੀ ਉਲੰਘਣਾ ਹੋਈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ), ਵਾਤਾਵਰਨ ਸੁਰੱਖਿਆ ਐਕਟ, 1986 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਤੋਂ ਬਚਾਅ ਸਬੰਧੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪਿੰਡ ਸੁਖਨਵਾਲਾ ਦੇ ਇੱਕ ਵਸਨੀਕ ਨੇ ਦੋਸ਼ ਲਾਇਆ ਕਿ ਵਿਭਾਗ ਨੇ ਮੌਜੂਦਾ ਸਥਿਤੀ ਦੀ ਜਾਂਚ ਕੀਤੇ ਬਿਨਾਂ ਦਹਾਕਿਆਂ ਪੁਰਾਣੇ ਜ਼ਮੀਨੀ ਰਿਕਾਰਡ ਦੇ ਆਧਾਰ ’ਤੇ ਨਾਵਾਂ ਦੀ ਸੂਚੀ ਤਿਆਰ ਕਰ ਦਿੱਤੀ। ਉਸ ਦਾ ਦਾਅਵਾ ਹੈ ਕਿ ਤਾਜ਼ਾ ਪਾਣੀ ਚੋਰੀ ਦੇ ਮਾਮਲੇ ਵਿੱਚ ਨਾਮਜ਼ਦ ਕਰੀਬ ਸੱਤ ਵਿਅਕਤੀਆਂ ਦੀ ਮੌਤ 10 ਤੋਂ 12 ਸਾਲ ਪਹਿਲਾਂ ਹੋ ਚੁੱਕੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਹਿਰ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਸਲ ਮੁਲਜ਼ਮਾਂ ਦੀ ਪਛਾਣ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਐੱਸਡੀਓ
ਐੱਫਆਈਆਰ ਵਿੱਚ ਮ੍ਰਿਤਕ ਵਿਅਕਤੀਆਂ ਦੇ ਨਾਂ ਸ਼ਾਮਲ ਹੋਣ ਸਬੰਧੀ ਨਹਿਰ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਮਾਲ ਰਿਕਾਰਡ ਵਿੱਚ ਦਰਜ ਕਥਿਤ ਪਾਣੀ ਚੋਰੀ ਦੇ ਲਾਭਪਾਤਰੀਆਂ ਦੇ ਆਧਾਰ ’ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਜਾਂਚ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਮੌਕੇ ’ਤੇ ਅਸਲ ਮੁਲਜ਼ਮ ਅਤੇ ਲਾਭਪਾਤਰੀ ਕੌਣ ਸਨ। ਵਿਭਾਗੀ ਸੂਤਰਾਂ ਮੁਤਾਬਕ ਨਹਿਰੀ ਮੋਘਿਆਂ ਨਾਲ ਛੇੜਛਾੜ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਦੋਸ਼ ਹੈ ਕਿ ਵੱਧ ਪਾਣੀ ਲੈਣ ਲਈ ਮੋਘਿਆਂ ਦੇ ਕੁਝ ਹਿੱਸਿਆਂ ਨੂੰ ਵਾਰ-ਵਾਰ ਤੋੜ ਕੇ ਉਨ੍ਹਾਂ ਦਾ ਆਕਾਰ ਵਧਾ ਦਿੱਤਾ ਜਾਂਦਾ ਹੈ।