- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਪਸ਼ਨ- ਜੈਤੋ ਵਿਖੇ ਲਾਵਾਰਿਸ ਪਸ਼ੂਆਂ ਦਾ ਝੁੰਡ।

ਜੈਤੋ ਵਿਖੇ ਲਾਵਾਰਸ ਪਸ਼ੂਆਂ ਕਾਰਨ ਲੋਕਾਂ ਦਾ ਜਿਉਣਾ ਹੋਇਆ ਮੁਹਾਲ
ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਵਾਰਿਸ ਪਸ਼ੂਆਂ ਦੀ ਵਧ ਰਹੀ ਸਮੱਸਿਆ ਹੁਣ ਆਮ ਲੋਕਾਂ ਲਈ ਵੱਡੀ ਸਿਰਦਰਦੀ ਅਤੇ ਸਰਕਾਰ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਸੜਕਾਂ ’ਤੇ ਖੁੱਲ੍ਹੇਆਮ ਘੁੰਮਦੇ ਪਸ਼ੂ ਨਾ ਸਿਰਫ਼ ਵਾਹਨ ਚਾਲਕਾਂ ਲਈ ਮੌਤ ਦਾ ਕਾਰਨ ਬਣ ਰਹੇ ਹਨ, ਸਗੋਂ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਨੂੰ ਵੀ ਤਬਾਹ ਕਰ ਰਹੇ ਹਨ। ਹਾਲਾਤ ਇਹ ਹਨ ਕਿ ਲੋਕਾਂ ਦੇ ਮਨਾਂ ਵਿੱਚ ਇੱਕੋ ਸਵਾਲ ਉੱਠ ਰਿਹਾ ਹੈ ਕਿ ਆਖ਼ਰਕਾਰ ਇਸ ਸਮੱਸਿਆ ਦਾ ਪੱਕਾ ਹੱਲ ਕਦੋਂ ਨਿਕਲੇਗਾ ਅਤੇ ਸੜਕਾਂ ’ਤੇ ਮੌਤ ਬਣ ਕੇ ਘੁੰਮ ਰਹੇ ਇਨ੍ਹਾਂ ਲਾਵਾਰਿਸ ਪਸ਼ੂਆਂ ਤੋਂ ਕਦੋਂ ਨਿਜਾਤ ਮਿਲੇਗੀ? ਜੈਤੋ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਗਲੀਆਂ, ਪਾਰਕਾਂ, ਸਬਜ਼ੀ ਮੰਡੀਆਂ ਅਤੇ ਰਾਸ਼ਟਰੀ ਮਾਰਗਾਂ ’ਤੇ ਹਰ ਵੇਲੇ ਪਸ਼ੂਆਂ ਦੇ ਝੁੰਡ ਨਜ਼ਰ ਆਉਂਦੇ ਹਨ। ਦਿਨ ਸਮੇਂ ਇਹ ਪਸ਼ੂ ਕੂੜੇ ਦੇ ਢੇਰਾਂ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਵਿੱਚੋਂ ਖੁਰਾਕ ਲੱਭਦੇ ਫਿਰਦੇ ਹਨ, ਜਦਕਿ ਰਾਤ ਪੈਂਦੇ ਹੀ ਸੜਕਾਂ ਦੇ ਵਿਚਕਾਰ ਡੇਰੇ ਲਾ ਲੈਂਦੇ ਹਨ। ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ ਲਾਵਾਰਿਸ ਪਸ਼ੂ : ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਲਾਵਾਰਿਸ ਪਸ਼ੂਆਂ ਕਾਰਨ ਅਨੇਕਾਂ ਸੜਕ ਹਾਦਸੇ ਵਾਪਰ ਚੁੱਕੇ ਹਨ। ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਜਦਕਿ ਸੈਂਕੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਰਾਤ ਦੇ ਸਮੇਂ ਜਦੋਂ ਤੇਜ਼ ਰਫ਼ਤਾਰ ਵਾਹਨ ਸੜਕਾਂ ’ਤੇ ਚੱਲਦੇ ਹਨ ਤਾਂ ਪਸ਼ੂ ਅਚਾਨਕ ਸਾਹਮਣੇ ਆ ਜਾਂਦੇ ਹਨ, ਜਿਸ ਕਾਰਨ ਵਾਹਨ ਬੇਕਾਬੂ ਹੋ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੈਤੋ-ਕੋਟਕਪੂਰਾ ਰੋਡ, ਜੈਤੋ-ਬਠਿੰਡਾ ਰੋਡ, ਜੈਤੋ-ਬਰਨਾਲਾ ਰੋਡ ਅਤੇ ਜੈਤੋ-ਸ੍ਰੀ ਮੁਕਤਸਰ ਸਾਹਿਬ ਰੋਡ ਵਰਗੇ ਵਿਅਸਤ ਮਾਰਗਾਂ ’ਤੇ ਇਹ ਸਮੱਸਿਆ ਹੋਰ ਵੀ ਗੰਭੀਰ ਬਣੀ ਹੋਈ ਹੈ। ਇਨ੍ਹਾਂ ਰਸਤਿਆਂ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਗੁਜ਼ਰਦੇ ਹਨ ਅਤੇ ਲਾਵਾਰਿਸ ਪਸ਼ੂ ਹਰ ਸਮੇਂ ਖ਼ਤਰਾ ਬਣੇ ਰਹਿੰਦੇ ਹਨ। ਆਪਸੀ ਲੜਾਈਆਂ ਨਾਲ ਲੋਕਾਂ ਵਿੱਚ ਦਹਿਸ਼ਤ : ਲਾਵਾਰਿਸ ਪਸ਼ੂਆਂ ਦੇ ਝੁੰਡਾਂ ਵਿੱਚ ਅਕਸਰ ਆਪਸੀ ਟਕਰਾਅ ਅਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਪਸ਼ੂ ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਆਪਸ ਵਿੱਚ ਭਿੜ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪੈਂਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਇਹ ਹਾਲਾਤ ਹੋਰ ਵੀ ਖ਼ਤਰਨਾਕ ਬਣ ਜਾਂਦੇ ਹਨ। ਸ਼ਹਿਰ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪਸ਼ੂਆਂ ਦੀ ਲੜਾਈ ਦੌਰਾਨ ਮੋਟਰਸਾਈਕਲ ਸਵਾਰ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਵਾਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ। ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਸਥਾਈ ਹੱਲ ਨਜ਼ਰ ਨਹੀਂ ਆ ਰਿਹਾ। ਪੇਂਡੂ ਖੇਤਰਾਂ ਵਿੱਚ ਲਾਵਾਰਿਸ ਪਸ਼ੂਆਂ ਕਾਰਨ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਹਨ। ਖੇਤਾਂ ਵਿੱਚ ਮਿਹਨਤ ਨਾਲ ਉਗਾਈਆਂ ਫ਼ਸਲਾਂ ਨੂੰ ਇਹ ਪਸ਼ੂ ਕੁਝ ਘੰਟਿਆਂ ਵਿੱਚ ਹੀ ਤਬਾਹ ਕਰ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੱਖਾਂ ਰੁਪਏ ਖ਼ਰਚ ਕਰਕੇ ਬੀਜ, ਖਾਦਾਂ, ਕੀਟਨਾਸ਼ਕ ਅਤੇ ਸਿੰਚਾਈ ’ਤੇ ਪੈਸਾ ਲਗਾਉਂਦੇ ਹਨ, ਪਰ ਜਦੋਂ ਫ਼ਸਲ ਤਿਆਰ ਹੋਣ ਲੱਗਦੀ ਹੈ ਤਾਂ ਲਾਵਾਰਿਸ ਪਸ਼ੂ ਉਨ੍ਹਾਂ ਦੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੰਦੇ ਹਨ। ਕਈ ਕਿਸਾਨਾਂ ਨੇ ਦੱਸਿਆ ਕਿ ਉਹ ਖੇਤਾਂ ਦੇ ਚਾਰੇ ਪਾਸੇ ਤਾਰਬੰਦੀ ਕਰਵਾਉਣ ਲਈ ਵੀ ਵੱਡੀ ਰਕਮ ਖ਼ਰਚ ਕਰਦੇ ਹਨ, ਪਰ ਪਸ਼ੂ ਤਾਰਾਂ ਤੋੜ ਕੇ ਜਾਂ ਹੋਰ ਰਸਤੇ ਖੇਤਾਂ ਵਿੱਚ ਦਾਖਲ ਹੋ ਜਾਂਦੇ ਹਨ। ਨਤੀਜੇ ਵਜੋਂ ਹਰ ਸੀਜ਼ਨ ਵਿੱਚ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਰਾਤਾਂ ਖੇਤਾਂ ਵਿੱਚ ਗੁਜ਼ਾਰਨੀਆਂ ਪੈਂਦੀਆਂ ਹਨ। ਅੱਤ ਦੀ ਗਰਮੀ, ਕੜਾਕੇ ਦੀ ਠੰਢ ਅਤੇ ਮੀਂਹ ਦੇ ਬਾਵਜੂਦ ਉਹ ਖੇਤਾਂ ਵਿੱਚ ਡੇਰੇ ਲਾ ਕੇ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਕਰਦੇ ਹਨ। ਕਈ ਵਾਰ ਇੱਕ ਪਲ ਦੀ ਅਣਗਹਿਲੀ ਨਾਲ ਪਸ਼ੂਆਂ ਦਾ ਝੁੰਡ ਖੇਤ ਵਿੱਚ ਵੜ ਜਾਂਦਾ ਹੈ ਅਤੇ ਪੂਰੀ ਫ਼ਸਲ ਬਰਬਾਦ ਕਰ ਦਿੰਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੈਤੋ ਵਿੱਚ ਦੋ ਗਊਸ਼ਾਲਾਵਾਂ ਮੌਜੂਦ ਹਨ ਅਤੇ ਉਨ੍ਹਾਂ ਕੋਲ ਕਾਫ਼ੀ ਜ਼ਮੀਨ ਵੀ ਹੈ, ਪਰ ਫਿਰ ਵੀ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ। ਦੂਜੇ ਪਾਸੇ ਗਊਸ਼ਾਲਾ ਪ੍ਰਬੰਧਕਾਂ ਦਾ ਤਰਕ ਹੈ ਕਿ ਪਸ਼ੂਆਂ ਦੀ ਵਧਦੀ ਗਿਣਤੀ ਅਤੇ ਵਿੱਤੀ ਸਰੋਤਾਂ ਦੀ ਕਮੀ ਕਾਰਨ ਉਨ੍ਹਾਂ ਲਈ ਸਾਰੇ ਪਸ਼ੂਆਂ ਦੀ ਸੰਭਾਲ ਕਰਨੀ ਮੁਸ਼ਕਲ ਹੋ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਸੰਬੰਧਤ ਵਿਭਾਗਾਂ ਵੱਲੋਂ ਲਾਵਾਰਿਸ ਪਸ਼ੂਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਕੋਈ ਪ੍ਰਭਾਵਸ਼ਾਲੀ ਯੋਜਨਾ ਨਹੀਂ ਚਲਾਈ ਜਾ ਰਹੀ। ਪਸ਼ੂਆਂ ਦੀ ਨਸਬੰਦੀ, ਰਜਿਸਟ੍ਰੇਸ਼ਨ ਅਤੇ ਪੁਨਰਵਾਸ ਵਰਗੇ ਉਪਰਾਲੇ ਨਾ ਹੋਣ ਕਾਰਨ ਹਰ ਸਾਲ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਸਮੱਸਿਆ ਹੋਰ ਗੰਭੀਰ ਬਣਦੀ ਜਾ ਰਹੀ ਹੈ। ਸਥਾਨਕ ਲੋਕਾਂ, ਕਿਸਾਨਾਂ, ਵਪਾਰੀਆਂ ਅਤੇ ਸਮਾਜਿਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਲਈ ਵੱਡੇ ਪੱਧਰ ’ਤੇ ਸ਼ੈਲਟਰ ਬਣਾਏ ਜਾਣ, ਗਊਸ਼ਾਲਾਵਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ, ਪਸ਼ੂਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸੜਕਾਂ ’ਤੇ ਘੁੰਮਦੇ ਪਸ਼ੂਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹਾਦਸਿਆਂ ਦੀ ਗਿਣਤੀ ਅਤੇ ਕਿਸਾਨਾਂ ਦੇ ਨੁਕਸਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਅਤੇ ਕਿਸਾਨਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਇਆ ਜਾ ਸਕੇ।