- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਰੇਲਵੇ ਪੁਲ : 50 ਸਾਲਾਂ ਦਾ ਇੰਤਜ਼ਾਰ ਮੁੱਕਣ ਦੀ ਜਗੀ ਆਸ, ਰੇਲਵੇ ਵਿਭਾਗ ਨੇ ਕੀਤਾ ਵਿਸਥਾਰਪੂਰਵਕ ਮੁਆਇਨਾ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਜੈਤੋ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਦੀ ਕਰੀਬ ਪੰਜ ਦਹਾਕਿਆਂ ਤੋਂ ਚੱਲੀ ਆ ਰਹੀ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਜਾਂ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਦੀ ਮੰਗ ਹੁਣ ਸਾਕਾਰ ਹੁੰਦੀ ਨਜ਼ਰ ਆ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਰੇਲਵੇ ਫਾਟਕ ਕਾਰਨ ਹਰ ਰੋਜ਼ ਵਾਹਨ ਚਾਲਕਾਂ, ਵਿਦਿਆਰਥੀਆਂ, ਵਪਾਰੀਆਂ, ਕਿਸਾਨਾਂ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਲਗੱਡੀਆਂ ਦੇ ਲੰਘਣ ਸਮੇਂ ਫਾਟਕ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਵੀ ਕਈ ਵਾਰ ਰੁਕਾਵਟ ਦਾ ਸ਼ਿਕਾਰ ਬਣਦੀਆਂ ਹਨ। ਇਸ ਪੁਲ ਦੀ ਉਸਾਰੀ ਲਈ ਪਿਛਲੇ ਲਗਭਗ 50 ਸਾਲਾਂ ਤੋਂ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨਾਲ-ਨਾਲ ਸ਼ਹਿਰ ਵਾਸੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਵੱਖ-ਵੱਖ ਸਰਕਾਰਾਂ ਨੇ ਇਸ ਮੰਗ ਨੂੰ ਜਾਇਜ਼ ਮੰਨਦਿਆਂ ਕਈ ਵਾਰ ਭਰੋਸੇ ਦਿੱਤੇ, ਪਰ ਪ੍ਰੋਜੈਕਟ ਕਦੇ ਵੀ ਅਮਲੀ ਰੂਪ ਨਹੀਂ ਧਾਰ ਸਕਿਆ। ਇਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਰਿਹਾ। ਹੁਣ ਇਸ ਮਹੱਤਵਪੂਰਨ ਮਸਲੇ ਨੂੰ ਮੁੜ ਕੇਂਦਰੀ ਪੱਧਰ ’ਤੇ ਉਠਾਉਂਦਿਆਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਅਤੇ ਐੱਸ.ਐੱਸ.ਐੱਮ.ਈ./ਪੀ.ਸੀ.ਆਈ. ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਡਾ. ਰਮਨਦੀਪ ਸਿੰਘ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜੈਤੋ ਵਿਖੇ ਰੇਲਵੇ ਪੁਲ ਦੀ ਲੋੜ ਨੂੰ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਦੱਸਿਆ ਕਿ ਇਹ ਪੁਲ ਸ਼ਹਿਰ ਦੀ ਸਭ ਤੋਂ ਵੱਡੀ ਜਨਤਕ ਲੋੜ ਹੈ ਅਤੇ ਇਸ ਦੇ ਨਿਰਮਾਣ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਮੰਗ ’ਤੇ ਸਕਾਰਾਤਮਕ ਭਰੋਸਾ ਦਿੱਤੇ ਜਾਣ ਤੋਂ ਬਾਅਦ ਰੇਲਵੇ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਟੀਮ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜ ਦਿੱਤਾ। ਇਸ ਤਹਿਤ ਉੱਤਰ ਰੇਲਵੇ ਕੋਟਕਪੂਰਾ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਰਾਜੇਸ਼ ਕੁਮਾਰ ਆਪਣੀ ਤਕਨੀਕੀ ਟੀਮ ਸਮੇਤ ਜੈਤੋ ਪਹੁੰਚੇ। ਉਨ੍ਹਾਂ ਦਾ ਭਾਜਪਾ ਆਗੂ ਡਾ. ਰਮਨਦੀਪ ਸਿੰਘ, ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰੇਲਵੇ ਵਿਭਾਗ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਰੋਡ ਅਤੇ ਰੇਲਵੇ ਲਾਈਨ ਨਾਲ ਲੱਗਦੇ ਵੱਖ-ਵੱਖ ਸੰਭਾਵੀ ਸਥਾਨਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਦੌਰਾਨ ਇੰਜੀਨੀਅਰਾਂ ਨੇ ਸੜਕ ਦੀ ਚੌੜਾਈ, ਰੇਲਵੇ ਟਰੈਕ ਦੀ ਸਥਿਤੀ, ਟਰੈਫ਼ਿਕ ਦੇ ਦਬਾਅ, ਰਿਹਾਇਸ਼ੀ ਇਲਾਕਿਆਂ ਅਤੇ ਹੋਰ ਤਕਨੀਕੀ ਪੱਖਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ। ਟੀਮ ਨੇ ਪੁਲ ਦੀ ਉਸਾਰੀ ਲਈ ਸੰਭਾਵੀ ਵਿਕਲਪਾਂ ਅਤੇ ਡਿਜ਼ਾਈਨਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ, ਤਾਂ ਜੋ ਲੋਕਾਂ ਲਈ ਸਭ ਤੋਂ ਢੁੱਕਵਾਂ ਅਤੇ ਸੁਰੱਖਿਅਤ ਹੱਲ ਤਿਆਰ ਕੀਤਾ ਜਾ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਸੈਕਸ਼ਨ ਇੰਜੀਨੀਅਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਭੇਜੇ ਗਏ ਪੱਤਰ ਵਿੱਚ ਮੌਜੂਦਾ ਸਥਾਨ ’ਤੇ ਸੰਘਣੀ ਰਿਹਾਇਸ਼ ਅਤੇ ਰੇਲਵੇ ਲਾਈਨ ਨੇੜੇ ਐੱਸ-ਆਕਾਰ ਦਾ ਮੋੜ ਹੋਣ ਕਾਰਨ ਪੁਲ ਦੀ ਉਸਾਰੀ ਨੂੰ ਤਕਨੀਕੀ ਤੌਰ ’ਤੇ ਚੁਣੌਤੀਪੂਰਨ ਦੱਸਿਆ ਗਿਆ ਸੀ। ਇਸ ਦੇ ਬਾਵਜੂਦ ਰੇਲਵੇ ਵਿਭਾਗ ਵੱਲੋਂ ਸਾਰੇ ਪਹਿਲੂਆਂ ਦਾ ਮੁੜ ਮੁਲਾਂਕਣ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵਿਹਾਰਕ ਅਤੇ ਤਕਨੀਕੀ ਤੌਰ ’ਤੇ ਉਚਿਤ ਹੱਲ ਕੱਢਿਆ ਜਾ ਸਕੇ। ਇਸ ਮੌਕੇ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਹਾ ਕਿ ਜੈਤੋ ਵਾਸੀਆਂ ਦੀ ਕਰੀਬ 50 ਸਾਲ ਪੁਰਾਣੀ ਮੰਗ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਜਾਣਾ ਇੱਕ ਸਾਰਥਕ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਰੇਲਵੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਦਾ ਨਿਰਮਾਣ ਹੋਣ ਨਾਲ ਨਾ ਸਿਰਫ਼ ਟਰੈਫ਼ਿਕ ਜਾਮ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ, ਸਗੋਂ ਇਲਾਕੇ ਦੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਇਸ ਲੋਕ-ਹਿੱਤ ਪ੍ਰੋਜੈਕਟ ਨੂੰ ਜਲਦ ਮਨਜ਼ੂਰੀ ਦੇ ਕੇ ਜੈਤੋ ਵਾਸੀਆਂ ਦਾ ਪੰਜ ਦਹਾਕਿਆਂ ਪੁਰਾਣਾ ਇੰਤਜ਼ਾਰ ਖ਼ਤਮ ਕਰਨਗੇ। ਇਸ ਮੌਕੇ ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ ਨੇ ਕਿਹਾ ਕਿ ਜੈਤੋ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਰੇਲਵੇ ਪੁਲ ਦਾ ਨਿਰਮਾਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਅੰਤਿਮ ਮਨਜ਼ੂਰੀ ਮਿਲਣ ਤੱਕ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਦੇ ਧਿਆਨ ਵਿੱਚ ਲਗਾਤਾਰ ਲਿਆਉਂਦੇ ਰਹਿਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੈਤੋ ਵਾਸੀਆਂ ਦਾ 50 ਸਾਲਾਂ ਦਾ ਇੰਤਜ਼ਾਰ ਹੁਣ ਜਲਦੀ ਖ਼ਤਮ ਹੋਵੇਗਾ ਅਤੇ ਇਸ ਮਹੱਤਵਪੂਰਨ ਪ੍ਰੋਜੈਕਟ ’ਤੇ ਕੰਮ ਸ਼ੁਰੂ ਹੋਵੇਗਾ। ਸ਼ਹਿਰ ਵਾਸੀਆਂ ਨੇ ਵੀ ਰੇਲਵੇ ਵਿਭਾਗ ਦੇ ਇਸ ਮੁਆਇਨੇ ਨੂੰ ਇੱਕ ਸਕਾਰਾਤਮਕ ਅਤੇ ਆਸਜਨਕ ਕਦਮ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲ ਬਣਨ ਨਾਲ ਟਰੈਫ਼ਿਕ ਜਾਮ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ, ਹਾਦਸਿਆਂ ਵਿੱਚ ਕਮੀ ਆਵੇਗੀ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਸੁਵਿਧਾ ਮਿਲੇਗੀ, ਜਦਕਿ ਰੇਲਵੇ ਲਾਈਨ ਤੋਂ ਪਾਰ ਵੱਸਦੇ ਇਲਾਕਿਆਂ ਦੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਇਸ ਦੇ ਨਾਲ ਹੀ ਵਪਾਰਕ ਗਤੀਵਿਧੀਆਂ ਵਿੱਚ ਵਾਧਾ ਹੋਣ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲਣ ਦੀ ਵੀ ਉਮੀਦ ਹੈ। ਮੁਆਇਨੇ ਦੌਰਾਨ ਭਾਜਪਾ ਮੰਡਲ ਜੈਤੋ ਦੇ ਪ੍ਰਧਾਨ ਠੇਕੇਦਾਰ ਰਾਮ ਰਤਨ ਜਿੰਦਲ, ਵਿਕਾਸ ਗੋਇਲ (ਵਿੱਕੀ), ਹਰੀਸ਼ ਬਾਂਸਲ, ਮਹਾਂਵੀਰ ਮਿੱਤਲ, ਗੋਪਾਲ ਗੋਇਲ, ਸੋਨਕ ਕਰੀਰਵਾਲੀ, ਰੂਬੀ ਭੱਟੀ ਚੈਨਾ, ਅਸ਼ੋਕ ਕੁਮਾਰ, ਰਾਜਵੀਰ ਸਿੰਘ ਰਾਜੂ ਸਮੇਤ ਸ਼ਹਿਰ ਦੀਆਂ ਕਈ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਸਾਰਿਆਂ ਨੇ ਇੱਕ ਸੁਰ ਵਿੱਚ ਰੇਲਵੇ ਵਿਭਾਗ ਅਤੇ ਕੇਂਦਰ ਸਰਕਾਰ ਨੂੰ ਇਸ ਲੋਕ-ਹਿੱਤ ਪ੍ਰੋਜੈਕਟ ਨੂੰ ਜਲਦ ਮਨਜ਼ੂਰੀ ਦੇ ਕੇ ਉਸਾਰੀ ਦਾ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਜੈਤੋ ਰੇਲਵੇ ਫਾਟਕ ਦੇ ਲਹਿੰਦੇ ਪਾਸੇ ਸ਼ਹਿਰ ਦੇ ਤਿੰਨ ਵਾਰਡਾਂ ਸਮੇਤ ਕਈ ਬਸਤੀਆਂ, ਅੱਧੀ ਦਰਜਨ ਤੋਂ ਵੱਧ ਸਕੂਲ, ਇੱਕ ਵੱਡਾ ਅੱਖਾਂ ਦਾ ਹਸਪਤਾਲ ਅਤੇ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਸਮੇਤ ਤਿੰਨ ਦਰਜਨ ਦੇ ਕਰੀਬ ਪਿੰਡਾਂ ਨਾਲ ਆਵਾਜਾਈ ਦਾ ਮੁੱਖ ਸੰਪਰਕ ਇਸੇ ਰਸਤੇ ਰਾਹੀਂ ਹੈ। ਫਾਟਕ ਦਾ ਰਸਤਾ ਅੰਗਰੇਜ਼ੀ ਦੇ ‘ਜੈਡ’ ਅੱਖਰ ਵਰਗਾ ਅਤੇ ਸੜਕ ਤੰਗ ਹੋਣ ਕਾਰਨ ਰੋਜ਼ਾਨਾ ਲੰਘਣ ਵਾਲੀਆਂ ਸਵਾਰੀ ਅਤੇ ਮਾਲ ਗੱਡੀਆਂ ਦੌਰਾਨ ਲੰਬੇ ਟਰੈਫ਼ਿਕ ਜਾਮ ਲੱਗ ਜਾਂਦੇ ਹਨ। ਸ਼ਹਿਰ ਦਾ ਬੱਸ ਸਟੈਂਡ, ਸਿਵਲ ਹਸਪਤਾਲ ਅਤੇ ਮੁੱਖ ਬਾਜ਼ਾਰ ਵੀ ਫਾਟਕ ਦੇ ਦੂਜੇ ਪਾਸੇ ਹੋਣ ਕਰਕੇ ਲੋਕਾਂ ਨੂੰ ਰੋਜ਼ਾਨਾ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਰੇਲਵੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਨ ਨਾਲ ਨਾ ਸਿਰਫ਼ ਟਰੈਫ਼ਿਕ ਸਮੱਸਿਆ ਦਾ ਸਥਾਈ ਹੱਲ ਹੋਵੇਗਾ, ਸਗੋਂ ਸ਼ਹਿਰ ਦੇ ਪੱਛਮੀ ਹਿੱਸੇ ਦੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।