- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਲਸੀ ਦੇ 108 ਪੌਦੇ ਮੁਫ਼ਤ ਵੰਡ ਕੇ ਮਨਾਇਆ ਜਨਮਦਿਨ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਅੱਜ ਦੇ ਸਮੇਂ ਵਿੱਚ ਜਿੱਥੇ ਜਨਮਦਿਨਾਂ ’ਤੇ ਫ਼ਜ਼ੂਲਖ਼ਰਚੀ ਦਾ ਰੁਝਾਨ ਵੱਧ ਰਿਹਾ ਹੈ, ਉੱਥੇ ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਖ਼ਜ਼ਾਨਚੀ ਰਾਜੀਵ ਸਿੰਗਲਾ ਨੇ ਆਪਣਾ ਜਨਮਦਿਨ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਣ ਦੇ ਉਦੇਸ਼ ਨਾਲ ਮਨਾਉਂਦਿਆਂ ਸ਼੍ਰੀ ਪੰਚਾਇਤੀ ਗਊਸ਼ਾਲਾ ਵਿਖੇ ਪਹੁੰਚੇ ਸ਼ਰਧਾਲੂਆਂ ਵਿੱਚ ਤੁਲਸੀ ਦੇ 108 ਪੌਦੇ ਮੁਫ਼ਤ ਵੰਡੇ। ਇਸ ਉਪਰਾਲੇ ਨੂੰ ਹਾਜ਼ਰ ਲੋਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਇਸ ਨੂੰ ਵਾਤਾਵਰਣ ਸੁਰੱਖਿਆ ਅਤੇ ਸੱਭਿਆਚਾਰਕ ਜਾਗਰੂਕਤਾ ਨਾਲ ਜੋੜਿਆ ਗਿਆ। ਇਸ ਮੌਕੇ ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’ ਨੇ ਕਿਹਾ ਕਿ ਤੁਲਸੀ ਦੇ ਪੌਦੇ ਵੰਡਣਾ ਸਿਰਫ਼ ਇੱਕ ਰੁੱਖ ਲਗਾਉਣ ਦੀ ਮੁਹਿੰਮ ਨਹੀਂ, ਸਗੋਂ ਵਾਤਾਵਰਣ ਦੀ ਸੰਭਾਲ ਅਤੇ ਭਾਰਤੀ ਸੱਭਿਆਚਾਰਕ ਮੁੱਲਾਂ ਨੂੰ ਅੱਗੇ ਵਧਾਉਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਉਪਰਾਲੇ ਲੋਕਾਂ ਨੂੰ ਕੁਦਰਤ ਨਾਲ ਜੋੜਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਬਣਾਉਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸੰਗਠਨ ਦੇ ਸਥਾਨਕ ਪ੍ਰਧਾਨ ਕਸ਼ਮੀਰੀ ਲਾਲ ਗਰਗ ਨੇ ਕਿਹਾ ਕਿ ਸਨਾਤਨ ਪਰੰਪਰਾ ਵਿੱਚ ਤੁਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਅਤੇ ਮੰਗਲਕਾਰੀ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਤੁਲਸੀ ਦਾ ਪੌਦਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਤੁਲਸੀ ਦੀ ਨਿਯਮਤ ਵਰਤੋਂ ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਕਰਨ ਦੇ ਨਾਲ-ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਤੁਲਸੀ ਦੇ ਨੇੜੇ ਦੀਵਾ ਜਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਮੌਕੇ ਸ਼੍ਰੀ ਸਾਈਂ ਧਾਮ ਮੰਦਰ ਦੇ ਪੁਜਾਰੀ ਪੰਡਿਤ ਕੁਲਵਿੰਦਰ ਸ਼ਰਮਾ ਨੇ ਕਿਹਾ ਕਿ ਤੁਲਸੀ ਕੇਵਲ ਧਾਰਮਿਕ ਆਸਥਾ ਦਾ ਪ੍ਰਤੀਕ ਹੀ ਨਹੀਂ, ਸਗੋਂ ਆਯੁਰਵੇਦ ਵਿੱਚ ਇਸ ਨੂੰ ਇੱਕ ਮਹੱਤਵਪੂਰਨ ਔਸ਼ਧੀ ਪੌਦੇ ਵਜੋਂ ਵੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਤੁਲਸੀ ਦਾ ਨਿਯਮਤ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ, ਜ਼ੁਕਾਮ ਅਤੇ ਖੰਘ ਤੋਂ ਰਾਹਤ ਦਿੰਦਾ ਹੈ, ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਤੁਲਸੀ ਦਾ ਪੌਦਾ ਹੋਣਾ ਸਿਹਤ ਅਤੇ ਆਧਿਆਤਮਿਕ ਦ੍ਰਿਸ਼ਟੀ ਤੋਂ ਬਹੁਤ ਲਾਭਕਾਰੀ ਹੈ। ਇਸ ਮੌਕੇ ਰੀਤੂ ਸਿੰਗਲਾ, ਰਿਸ਼ਮਾ ਗਰਗ, ਖੁਸ਼ੀ, ਕੇਸ਼ਵ ਅਤੇ ਸੰਗਠਨ ਦੇ ਹੋਰ ਅਹੁਦੇਦਾਰਾਂ, ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।