Video : ਨਸ਼ਿਆਂ ਵਿਰੁੱਧ ਫਰੀਦਕੋਟ 'ਚ ਵੱਡੀ ਮੁਹਿੰਮ, 26 ਜੂਨ ਨੂੰ ਗਰਜੇਗਾ 'ਗੁੱਡ ਮੌਰਨਿੰਗ ਕਲੱਬ' ਦਾ ਵਾਹਨ ਕਾਫ਼ਲਾ; DC ਤੇ SSP ਕਰਨਗੇ ਰੈਲੀ ਦੀ ਸ਼ੁਰੂਆਤ
ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ 'ਚ ਲਗਾਤਾਰ ਸਰਗਰਮ ਰਹਿਣ ਵਾਲੀ ਨਿਸ਼ਕਾਮ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ 26 ਜੂਨ ਨੂੰ ਮਨਾਏ ਜਾਣ ਵਾਲੇ 'ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' (ਇੰਟਰਨੈਸ਼ਨਲ ਐਂਟੀ ਡਰੱਗ ਡੇਅ) ਦੇ ਮੌਕੇ 'ਤੇ ਨਸ਼ਿਆਂ ਖ਼ਿਲਾਫ਼ ਇੱਕ ਵਿਸ਼ਾਲ ਰੈਲੀ ਕੱਢਣ ਦਾ ਫੈਸਲਾ ਕੀਤਾ ਹੈ।
Publish Date: Tue, 23 Jun 2026 11:37 AM (IST)
Updated Date: Tue, 23 Jun 2026 11:41 AM (IST)

ਕੋਟਕਪੂਰਾ : ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ 'ਚ ਲਗਾਤਾਰ ਸਰਗਰਮ ਰਹਿਣ ਵਾਲੀ ਨਿਸ਼ਕਾਮ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ 26 ਜੂਨ ਨੂੰ ਮਨਾਏ ਜਾਣ ਵਾਲੇ 'ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' (ਇੰਟਰਨੈਸ਼ਨਲ ਐਂਟੀ ਡਰੱਗ ਡੇਅ) ਦੇ ਮੌਕੇ 'ਤੇ ਨਸ਼ਿਆਂ ਖ਼ਿਲਾਫ਼ ਇੱਕ ਵਿਸ਼ਾਲ ਰੈਲੀ ਕੱਢਣ ਦਾ ਫੈਸਲਾ ਕੀਤਾ ਹੈ।
ਕੋਟਕਪੂਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ 26 ਜੂਨ ਨੂੰ ਸਵੇਰੇ ਠੀਕ 8:00 ਵਜੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਮਾਜ ਸੁਧਾਰਕ ਇਕੱਤਰ ਹੋਣਗੇ, ਜਿੱਥੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਅਹਿਮ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਤੇ SSP ਦਿਖਾਉਣਗੇ ਹਰੀ ਝੰਡੀ
ਉਨ੍ਹਾਂ ਦੱਸਿਆ ਕਿ ਇਸ ਨਸ਼ਾ ਵਿਰੋਧੀ ਰੈਲੀ ਦੇ ਕਾਫ਼ਲੇ ਨੂੰ ਰਵਾਨਾ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਮਾਨਯੋਗ ਐੱਸ.ਐੱਸ.ਪੀ. ਸ੍ਰ. ਗੁਰਬੰਸ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਦੋਵੇਂ ਉੱਚ ਅਧਿਕਾਰੀ ਨਸ਼ਿਆਂ ਦੀ ਕਰੋਪੀ ਦੀ ਸਮੱਸਿਆ ਦੇ ਹੱਲ ਅਤੇ ਇਸ ਦੇ ਮੁਕੰਮਲ ਖ਼ਾਤਮੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਇਸ ਵਿਸ਼ਾਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਰੈਲੀ 'ਚ ਹਰ ਬੁਲਾਰਾ ਸਿਰਫ਼ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਹੀ ਆਪਣੇ ਵਿਚਾਰ ਪੇਸ਼ ਕਰੇਗਾ।
ਵੱਖ-ਵੱਖ ਸ਼ਹਿਰਾਂ 'ਚੋਂ ਗੁਜ਼ਰੇਗਾ ਰੈਲੀ ਦਾ ਕਾਫ਼ਲਾ
ਡਾ. ਢਿੱਲੋਂ ਮੁਤਾਬਕ ਫਰੀਦਕੋਟ ਤੋਂ ਰਵਾਨਾ ਹੋਣ ਤੋਂ ਬਾਅਦ ਕਾਰਾਂ, ਜੀਪਾਂ, ਸਕੂਟਰਾਂ ਅਤੇ ਮੋਟਰਸਾਈਕਲਾਂ ਸਮੇਤ ਵੱਖ-ਵੱਖ ਵਾਹਨਾਂ ਦਾ ਇਹ ਵੱਡਾ ਕਾਫ਼ਲਾ ਸਵੇਰੇ 9:30 ਵਜੇ ਬੱਤੀਆਂ ਵਾਲਾ ਚੌਂਕ, ਕੋਟਕਪੂਰਾ ਵਿਖੇ ਪਹੁੰਚੇਗਾ। ਇਸ ਜਗ੍ਹਾ 'ਤੇ ਵੀ ਵੱਖ-ਵੱਖ ਸੰਸਥਾਵਾਂ ਦੇ ਆਗੂ ਨਸ਼ਾ ਵਿਰੋਧੀ ਦਿਵਸ ਦੀ ਮਹੱਤਤਾ ਅਤੇ ਨਸ਼ਿਆਂ ਦੇ ਖ਼ਾਤਮੇ ਸਬੰਧੀ ਚਰਚਾ ਕਰਨਗੇ।
ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅੱਗੇ ਦੱਸਿਆ ਕਿ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਇਹ ਕਾਫ਼ਲਾ ਨਵੀਂ ਦਾਣਾ ਮੰਡੀ ਬਾਘਾਪੁਰਾਣਾ ਲਈ ਰਵਾਨਾ ਹੋਵੇਗਾ। ਉੱਥੇ ਪਹੁੰਚ ਕੇ ਵੀ ਨਸ਼ਿਆਂ ਖ਼ਿਲਾਫ਼ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਫਿਰ ਰੈਲੀ ਦੀ ਸਮਾਪਤੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਪ੍ਰੋਗਰਾਮ ਦੌਰਾਨ 'ਬਾਬਾ ਫਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਕੋਟਕਪੂਰਾ' ਦਾ ਪੂਰਨ ਸਹਿਯੋਗ ਰਹੇਗਾ।