- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਬੂ ਆਹੁਜਾ ਬਣੇ ਫਰੀਦਕੋਟ ਨਗਰ ਕੌਂਸਲ ਦੇ ਨਵੇਂ ਪ੍ਰਧਾਨ

ਨਵੀਂ ਨਿਯੁਕਤੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਤੇਜ਼ੀ ਆਵੇਗੀ : ਹਰਦੀਪ ਮੁੰਡੀਆਂ
ਪੰਜਾਬੀ ਜਾਗਰਣ ਟੀਮ, ਫਰੀਦਕੋਟ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਕੌਸਲਰ ਬੱਬੂ ਅਹੂਜਾ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦੇ 7 ਕੌਸਲਰਾਂ ਦੇ ਸਮਰਥਨ ਸਦਕਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਬੱਬੂ ਆਹੁਜਾ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਸਬੰਧੀ ਰਸਮੀ ਐਲਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ। ਉਹਨਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਬੱਬੂ ਆਹੁਜਾ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਇਹ ਚੋਣ ਸਰਬਸੰਮਤੀ ਨਾਲ ਹੋਈ ਹੈ। ਨਵੇਂ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਨੂੰ ਵਧਾਈ ਦਿੰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਮੰਤਰੀ ਮੁੰਡੀਆ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਨਿਯੁਕਤੀ ਨਾਲ ਫਰੀਦਕੋਟ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਦੀ ਗਤੀ ਤੇਜ਼ ਹੋਵੇਗੀ। ਇਸ ਤੋਂ ਇਲਾਵਾ, ਇਸ ਮੌਕੇ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਸਪੱਸ਼ਟ ਕੀਤਾ ਕਿ ਚੋਣ ਸਬੰਧੀ ਹਾਈ ਕੋਰਟ ਵਿੱਚ ਚੱਲ ਰਿਹਾ ਕੇਸ ਹੁਣ ਪਾਰਟੀ ਦੇ ਹੱਕ ਵਿੱਚ ਹੋ ਗਿਆ ਹੈ।ਇਸ ਮੌਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਫਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਲਈ ਅਹੁਦਾ ਸੰਭਾਲਦਿਆਂ ਹੀ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੌਂਸਲ ਦਾ ਖ਼ਜ਼ਾਨਾ ਪੂਰੀ ਤਰ੍ਹਾਂ ਖਾਲੀ ਹੈ ਅਤੇ ਸ਼ਹਿਰ ਇਸ ਵੇਲੇ ਗੰਦਗੀ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਪਿਛਲੇ ਦਿਨੀਂ ਤਨਖਾਹਾਂ ਨਾ ਮਿਲਣ ਕਾਰਨ ਸਫਾਈ ਸੇਵਕਾਂ ਨੇ 15 ਦਿਨਾਂ ਦੀ ਲੰਮੀ ਹੜਤਾਲ ਕੀਤੀ ਸੀ, ਜਿਸ ਨੂੰ ਇਪਰੂਵਮੈਂਟ ਟਰਸਟ ਵੱਲੋਂ ਡੇਢ ਕਰੋੜ ਰੁਪਏ ਦੇ ਕੇ ਤਨਖਾਹਾਂ ਦੇਣ ਦੇ ਭਰੋਸੇ ਤੋਂ ਬਾਅਦ ਖ਼ਤਮ ਕਰਵਾਇਆ ਗਿਆ ਸੀ। ਪਰ ਪ੍ਰਸ਼ਾਸਨ ਦੀ ਇਹ ਰਾਹਤ ਸਿਰਫ਼ ਇੱਕ ਦਿਨ ਹੀ ਚੱਲ ਸਕੀ। ਅਗਲੇ ਹੀ ਦਿਨ ਪੰਜਾਬ ਪੱਧਰ 'ਤੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਵਿਆਪੀ ਹੜਤਾਲ ਸ਼ੁਰੂ ਕਰ ਦਿੱਤੀ ਗਈ, ਜਿਸ ਕਾਰਨ ਫਰੀਦਕੋਟ ਸ਼ਹਿਰ ਇੱਕ ਵਾਰ ਫਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ।
ਨਵੇਂ ਪ੍ਰਧਾਨ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ
ਡੁੱਬਦੀ ਆਰਥਿਕਤਾ: ਖਾਲੀ ਖ਼ਜ਼ਾਨੇ ਦੇ ਚੱਲਦਿਆਂ ਡੇਢ ਕਰੋੜ ਰੁਪਏ ਦੇ ਕੀਤੇ ਵਾਅਦੇ ਨੂੰ ਪੂਰਾ ਕਰਨਾ ਅਤੇ ਕੌਂਸਲ ਨੂੰ ਕੰਗਾਲੀ ਵਿੱਚੋਂ ਬਾਹਰ ਕੱਢਣਾ। ਸੂਬਾ ਪੱਧਰੀ ਹੜਤਾਲ ਦਾ ਹੱਲ: ਸਥਾਨਕ ਪੱਧਰ 'ਤੇ ਗੱਲਬਾਤ ਕਰਕੇ ਜਾਂ ਸਰਕਾਰ ਦੇ ਸਹਿਯੋਗ ਨਾਲ ਸਫਾਈ ਸੇਵਕਾਂ ਨੂੰ ਮੁੜ ਕੰਮ 'ਤੇ ਲਿਆਉਣਾ। ਸ਼ਹਿਰ ਦੀ ਸਫ਼ਾਈ: ਪਿਛਲੇ ਕਈ ਦਿਨਾਂ ਤੋਂ ਜਮ੍ਹਾਂ ਹੋਏ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਲੋਕਾਂ ਨੂੰ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਉਣਾ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਪ੍ਰਧਾਨ ਇਸ ਵਿੱਤੀ ਸੰਕਟ ਅਤੇ ਹੜਤਾਲ ਦੀ ਦੋਹਰੀ ਮਾਰ ਤੋਂ ਫਰੀਦਕੋਟ ਨਗਰ ਕੌਂਸਲ ਨੂੰ ਕਿਵੇਂ ਉਭਾਰਦੇ ਹਨ।