ਆਸ਼ੂਤੋਸ਼ ਗਰਗ ਨੂੰ ਯੂਪੀਐਸਸੀ ਸਫ਼ਲਤਾ ’ਤੇ ਮੁੱਖ ਮੰਤਰੀ ਮਾਨ ਨੇ ਕੀਤਾ ਸਨਮਾਨਿਤ
ਜੈਤੋ ਦੇ ਆਸ਼ੂਤੋਸ਼ ਗਰਗ ਨੂੰ ਯੂਪੀਐਸਸੀ ਸਫ਼ਲਤਾ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸਨਮਾਨਿਤ
Publish Date: Tue, 16 Jun 2026 04:48 PM (IST)
Updated Date: Wed, 17 Jun 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਸਿਵਲ ਸਰਵਿਸਿਜ਼ ਪ੍ਰੀਖਿਆ-2025 ਵਿੱਚ ਸਫ਼ਲਤਾ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਪੰਜਾਬ ਭਵਨ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਮੰਡੀ ਦੇ ਵਸਨੀਕ ਆਸ਼ੂਤੋਸ਼ ਗਰਗ ਨੂੰ ਯੂਪੀਐਸਸੀ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 479 ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਸ਼ੂਤੋਸ਼ ਗਰਗ ਦੀ ਇਸ ਉਪਲਬਧੀ ਨੂੰ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਸੂਬੇ ਦੇ ਨੌਜਵਾਨ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਫ਼ਲਤਾਵਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਉੱਚੇ ਟੀਚੇ ਨਿਰਧਾਰਤ ਕਰਨ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਆਸ਼ੂਤੋਸ਼ ਗਰਗ ਦੇ ਪਿਤਾ ਡਾ. ਪ੍ਰਦੀਪ ਗਰਗ, ਮਾਤਾ ਸ੍ਰੀਮਤੀ ਸੁਮਨ ਗਰਗ ਅਤੇ ਪਤਨੀ ਡਾ. ਸੋਫੀਆ ਗਰਗ ਵੀ ਮੌਜੂਦ ਰਹੇ। ਪਰਿਵਾਰ ਨੇ ਇਸ ਸਨਮਾਨ ਨੂੰ ਆਪਣੇ ਲਈ ਮਾਣ ਵਾਲਾ ਪਲ ਦੱਸਦਿਆਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣੇ ਵਿਚਾਰ ਸਾਂਝੇ ਕਰਦਿਆਂ ਆਸ਼ੂਤੋਸ਼ ਗਰਗ ਨੇ ਕਿਹਾ ਕਿ ਯੂਪੀਐਸਸੀ ਦੀ ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਮੁਸ਼ਕਲ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚੋਂ ਇੱਕ ਹੈ, ਜਿਸ ਲਈ ਲੰਬੇ ਸਮੇਂ ਤੱਕ ਨਿਰੰਤਰ ਮਿਹਨਤ, ਸਬਰ ਅਤੇ ਮਾਨਸਿਕ ਦ੍ਰਿੜਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਹਾਸਲ ਕਰਨ ਲਈ ਅਸਫ਼ਲਤਾਵਾਂ ਤੋਂ ਸਿੱਖਣਾ ਅਤੇ ਲਗਾਤਾਰ ਆਪਣੇ ਟੀਚੇ ਵੱਲ ਵਧਦੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਗਰਗ ਇਸ ਸਮੇਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਡਰੱਗ ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਰਕਾਰੀ ਨੌਕਰੀ ਦੌਰਾਨ ਯੂਪੀਐਸਸੀ ਵਰਗੀ ਕਠਿਨ ਪ੍ਰੀਖਿਆ ਵਿੱਚ ਸ਼ਾਨਦਾਰ ਰੈਂਕ ਹਾਸਲ ਕਰਨਾ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਲਗਨ ਦਾ ਪ੍ਰਮਾਣ ਹੈ। ਆਸ਼ੂਤੋਸ਼ ਗਰਗ ਦੀ ਇਸ ਵੱਡੀ ਪ੍ਰਾਪਤੀ ’ਤੇ ਜੈਤੋ ਸ਼ਹਿਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ ਸਗੋਂ ਪੂਰੇ ਜੈਤੋ ਅਤੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਦੇਸ਼ ਪੱਧਰ ’ਤੇ ਰੌਸ਼ਨ ਕੀਤਾ ਹੈ। ਇਸ ਮੌਕੇ ਸ਼੍ਰੀ ਅਗਰਵਾਲ ਸਭਾ ਜੈਤੋ ਦੇ ਚੇਅਰਮੈਨ ਤੀਰਥ ਰਾਜ ਗਰਗ, ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’, ਖ਼ਜ਼ਾਨਚੀ ਪ੍ਰਵੀਨ ਜੈਨ, ਸੰਯੁਕਤ ਸਕੱਤਰ ਰਮੇਸ਼ ਬਾਂਸਲ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਵਾਈਸ ਚੇਅਰਮੈਨ ਸੁਰਿੰਦਰ ਗਰਗ, ਮੀਤ ਪ੍ਰਧਾਨ ਕ੍ਰਿਸ਼ਨ ਗੋਇਲ, ਸੁਦਰਸ਼ਨ ਬਰਗਾੜੀ ਅਤੇ ਸਮੂਹ ਅਗਰਵਾਲ ਸਭਾ ਮੈਂਬਰਾਂ ਨੇ ਆਸ਼ੂਤੋਸ਼ ਗਰਗ ਅਤੇ ਉਨ੍ਹਾਂ ਦੇ ਪਿਤਾ ਡਾ. ਪ੍ਰਦੀਪ ਗਰਗ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਗਰਗ ਦੀ ਇਹ ਪ੍ਰਾਪਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਸਰੋਤ ਬਣੇਗੀ ਅਤੇ ਹੋਰ ਨੌਜਵਾਨਾਂ ਨੂੰ ਵੀ ਸਿਵਲ ਸੇਵਾਵਾਂ ਵਰਗੇ ਉੱਚ ਅਹੁਦਿਆਂ ਲਈ ਮਿਹਨਤ ਕਰਨ ਦਾ ਉਤਸ਼ਾਹ ਦੇਵੇਗੀ।