- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਮਾਨਦੀਪ ਸਿੰਘ ਬਣੇ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਜਨਰਲ ਸਕੱਤਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਪੰਜਾਬ ਯੂਥ ਕਾਂਗਰਸ ਵੱਲੋਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਅਹੁਦਿਆਂ ਲਈ ਕਰਵਾਈਆਂ ਗਈਆਂ ਆਨਲਾਈਨ ਚੋਣਾਂ ਦੇ ਨਤੀਜੇ ਐਲਾਨੇ ਜਾਣ ਉਪਰੰਤ ਫ਼ਰੀਦਕੋਟ ਜ਼ਿਲ੍ਹੇ ਦੀ ਯੂਥ ਕਾਂਗਰਸ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਦੌਰਾਨ ਜੈਤੋ ਦੇ ਨੌਜਵਾਨ ਆਗੂ ਅਰਮਾਨਦੀਪ ਸਿੰਘ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਦਿਆਂ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਜਿੱਤੀ ਹੈ। ਅਰਮਾਨਦੀਪ ਸਿੰਘ ਟਿੱਬੀ ਸਾਹਿਬ ਰੋਡ, ਸਾਦਾ ਪੱਤੀ ਜੈਤੋ ਦੇ ਵਸਨੀਕ ਹਨ ਅਤੇ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਐੱਸ.ਸੀ. ਸੈੱਲ ਫ਼ਰੀਦਕੋਟ ਦੇ ਚੇਅਰਮੈਨ ਗੁਰਸੇਵਕ ਸਿੰਘ ਜੈਤੋ ਦੇ ਸਪੁੱਤਰ ਹਨ। ਉਨ੍ਹਾਂ ਦੀ ਇਸ ਅਹਿਮ ਜਿੱਤ ਨਾਲ ਕਾਂਗਰਸੀ ਆਗੂਆਂ, ਵਰਕਰਾਂ ਅਤੇ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਆਪਣੀ ਜਿੱਤ ਉਪਰੰਤ ਅਰਮਾਨਦੀਪ ਸਿੰਘ ਨੇ ਸਮੂਹ ਸਮਰਥਕਾਂ, ਯੂਥ ਕਾਂਗਰਸ ਦੇ ਸਾਥੀਆਂ ਅਤੇ ਨੌਜਵਾਨ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਕੇਵਲ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਹਰ ਉਸ ਨੌਜਵਾਨ ਦੀ ਜਿੱਤ ਹੈ ਜਿਸ ਨੇ ਕਾਂਗਰਸ ਦੀ ਵਿਚਾਰਧਾਰਾ ਅਤੇ ਨੌਜਵਾਨਾਂ ਦੀ ਆਵਾਜ਼ ’ਤੇ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਦਾ ਮੁੱਖ ਟੀਚਾ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਾ, ਵੱਧ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਦੇ ਉੱਚ ਆਗੂਆਂ ਤੱਕ ਪਹੁੰਚਾਉਣਾ ਹੋਵੇਗਾ। ਅਰਮਾਨਦੀਪ ਸਿੰਘ ਨੇ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ, ਅਖ਼ਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਰਾਹੁਲ ਗਾਂਧੀ, ਕਾਂਗਰਸ ਦੀ ਕੌਮੀ ਜਨਰਲ ਸਕੱਤਰ ਸ਼੍ਰੀਮਤੀ ਪ੍ਰਿਯੰਕਾ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ‘ਕਿੱਕੀ ਢਿੱਲੋਂ’ ਫ਼ਰੀਦਕੋਟ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਸਮੇਤ ਸਮੁੱਚੀ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨੌਜਵਾਨਾਂ ਦੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਹਲਕਾ ਜੈਤੋ ਦੇ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ‘ਬੱਬੂ ਬਰਾੜ’, ਸਾਬਕਾ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਜ਼ਿਲ੍ਹਾ ਕਾਂਗਰਸ ਕਮੇਟੀ ਐੱਸ.ਸੀ. ਸੈੱਲ ਦੇ ਚੇਅਰਮੈਨ ਗੁਰਸੇਵਕ ਸਿੰਘ ਜੈਤੋ, ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਸੈੱਲ ਫ਼ਰੀਦਕੋਟ ਦੇ ਚੇਅਰਮੈਨ ਡਾ. ਮੁਹੰਮਦ ਸਲੀਮ ਖਿਲਜੀ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’, ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ‘ਸ਼ੰਮ੍ਹੀ ਰੰਧਾਵਾ’ ਭਗਤੂਆਣਾ, ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਜ਼ਿਲ੍ਹਾ ਜਨਰਲ ਸਕੱਤਰ ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਜ਼ਿਲ੍ਹਾ ਸਕੱਤਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ‘ਜੱਸੀ’ ਜੈਤੋ, ਯੂਥ ਕਾਂਗਰਸ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਸੂਰਘੁਰੀ, ਸਾਬਕਾ ਸਰਪੰਚ ਹਰਜਿੰਦਰ ਸਿੰਘ ‘ਲਾਲੀ ਬਰਾੜ’ ਚੰਦਭਾਨ, ਕਾਂਗਰਸ ਕਮੇਟੀ ਓਬੀਸੀ ਸੈੱਲ ਬਲਾਕ ਜੈਤੋ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਚੈਨਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅਰਮਾਨਦੀਪ ਸਿੰਘ ਨੂੰ ਮੁਬਾਰਕਬਾਦ ਦਿੱਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅਰਮਾਨਦੀਪ ਸਿੰਘ ਦੀ ਇਹ ਜਿੱਤ ਫ਼ਰੀਦਕੋਟ ਜ਼ਿਲ੍ਹੇ ਵਿੱਚ ਯੂਥ ਕਾਂਗਰਸ ਲਈ ਨਵੀਂ ਊਰਜਾ ਅਤੇ ਤਾਕਤ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਅਤੇ ਸਰਗਰਮ ਆਗੂ ਵਜੋਂ ਅਰਮਾਨਦੀਪ ਸਿੰਘ ਦੀ ਭੂਮਿਕਾ ਨਾਲ ਨੌਜਵਾਨ ਵਰਗ ਵਿੱਚ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਪਾਰਟੀ ਦਾ ਸੰਗਠਨਾਤਮਕ ਢਾਂਚਾ ਹੋਰ ਮਜ਼ਬੂਤ ਹੋਵੇਗਾ।