ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਕੱਢੀ ਰੋਸ ਰੈਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪਿੰਡ ਸੰਧਵਾਂ ਵਿਖੇ ਰੋਸ ਰੈਲੀ ਕਰਨ ਉਪਰੰਤ ਸਪੀਕਰ ਦੀ ਕੋਠੀ ਵੱਲ ਕੀਤਾ ਰੋਸ ਮਾਰਚ
Publish Date: Sun, 05 Jul 2026 04:57 PM (IST)
Updated Date: Sun, 05 Jul 2026 05:00 PM (IST)
ਸਪੀਕਰ ਵਿਧਾਨ ਸਭਾ ਦੀ ਗੈਰ ਮੌਜੂਦਗੀ ਕਾਰਨ ਘਰ ਦੇ ਗੇਟ ’ਤੇ ਲਾਇਆ ਚਿਤਾਵਨੀ ਪੱਤਰ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਫਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਸੱਦੇ ਅਨੁਸਾਰ ਪਿੰਡ ਸੰਧਵਾਂ ਵਿਖੇ ਰੇਲਵੇ ਸਟੇਸ਼ਨ ਨੇੜੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਇਸ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਆਗੂਆਂ ਵੱਲੋਂ ਸਟੇਜ ਤੋਂ ਵਾਰ ਵਾਰ ਸਪੀਕਰ ਸੰਧਵਾਂ ਨੂੰ ਚਿਤਾਵਨੀ ਪੱਤਰ ਲੈ ਕੇ ਜਾਣ ਲਈ ਬੋਲਿਆ ਗਿਆ। ਪ੍ਰੰਤੂ ਉਹਨਾਂ ਵੱਲੋਂ ਚਿਤਾਵਨੀ ਪੱਤਰ ਨਾ ਲੈਣ ਕਾਰਨ ਆਗੂਆਂ ਵੱਲੋਂ ਲਏ ਗਏ ਫੈਸਲੇ ਅਨੁਸਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਜਾਂ ਕਿਸੇ ਹੋਰ ਨੂੰ ਚਿਤਾਵਨੀ ਪੱਤਰ ਨਾ ਦੇਣ ਲਈ ਬਜਿਦ ਰਹਿਣ ਕਾਰਨ ਪੰਜਾਬ ਸਰਕਾਰ ਦੇ ਨਾਂ ਇਹ ਚਿਤਾਵਨੀ ਪੱਤਰ ਸਪੀਕਰ ਸੰਧਵਾਂ ਦੀ ਕੋਠੀ ਦੇ ਗੇਟ ਤੇ ਲਗਾਉਣ ਲਈ ਮਜ਼ਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੁਕਮਰਾਨ ਪੰਜਾਬ ਸਰਕਾਰ ਵੱਲੋਂ ਆਪਣੇ ਸਵਾ ਚਾਰ ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਬਹੁਤ ਮਾੜਾ ਵਤੀਰਾ ਅਖਤਿਆਰ ਕੀਤਾ ਹੋਇਆ ਹੈ। ਇਸ ਐਕਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਦੇ ਮੁੱਖ ਕਨਵੀਨਰ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ , ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਬਿਕਰਮਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ, ਹਰਪ੍ਰੀਤ ਸਿੰਘ ਟੀ.ਐਸ.ਯੂ, ਬਲਕਾਰ ਸਿੰਘ ਸਹੋਤਾ, ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਕੁਲਵੰਤ ਸਿੰਘ ਚਾਨੀ, ਕਲਵਿੰਦਰ ਸਿੰਘ ਮੌੜ, ਆਸ਼ਾ ਵਰਕਰ ਯੂਨੀਅਨ ਦੇ ਸੂਬਾਈ ਆਗੂ ਅਮਰਜੀਤ ਕੌਰ ਰਣ ਸਿੰਘ ਵਾਲਾ, ਸਰਬਜੀਤ ਕੌਰ ਮਚਾਕੀ, ਪਾਵਰ ਕਾਮ ਪੈਨਸ਼ਨ ਆਗੂ ਰਮੇਸ਼ ਕੌਸ਼ਲ, ਅਧਿਆਪਕ ਆਗੂ ਗਗਨ ਪਾਹਵਾ, ਧਰਮਿੰਦਰ ਸਿੰਘ, ਸਿਮਰਜੀਤ ਸਿੰਘ ਬਰਾੜ , ਜਸਵਿੰਦਰ ਸਿੰਘ ਬਰਗਾੜੀ, ਵੀਰ ਇੰਦਰਜੀਤ ਸਿੰਘ ਪੁਰੀ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੌਲੀਆ , ਅਮਰਜੀਤ ਸਿੰਘ ਵਾਲੀਆ , ਕੁਲਦੀਪ ਸ਼ਰਮਾ ਸੂਬਾਈ ਆਗੂ ਨਗਰ ਕੌਂਸਲ, ਗੁਰਤੇਜ ਸਿੰਘ ਖਹਿਰਾ , ਬਲਵਿੰਦਰ ਰਾਮ ਸ਼ਰਮਾ , ਜਗਤਾਰ ਸਿੰਘ ਗਿੱਲ , ਇੰਦਰਜੀਤ ਸਿੰਘ ਗਿੱਲ, ਪ੍ਰੀਤ ਭਗਵਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਔਲਖ ਨੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਇਹ ਸਰਕਾਰ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪਹੁੰਚ ਦੇ ਪੱਖ ਤੋਂ ਪਿਛਲੀਆਂ ਸਾਰੀਆਂ ਹੁਕਮਰਾਨ ਸਰਕਾਰਾਂ ਨਾਲੋਂ ਨਖਿੱਧ ਸਾਬਿਤ ਹੋਈ ਹੈ। ਇਹ ਪਹਿਲੀ ਸਰਕਾਰ ਹੈ, ਜਿਹੜੀ ਆਪਣੇ ਮੁਲਾਜਮਾਂ ਨੂੰ ਡੀ ਏ ਦੇਣ ਦੀ ਬਜਾਏ ਮਾਨਯੋਗ ਹਾਈ ਕੋਰਟ ਵਿੱਚ ਮਹਿੰਗੇ ਪ੍ਰਾਈਵੇਟ ਵਕੀਲ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿਰੁੱਧ ਕੇਸ ਲੜ ਰਹੀ ਹੈ। ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਮੁੱਖ ਮੰਤਰੀ, ਪੰਜਾਬ ਸਰਕਾਰ ਤੁਰੰਤ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਸਾਰੇ ਮਸਲੇ ਤੁਰੰਤ ਹੱਲ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 18 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ 6 ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਸਮੂਹ ਕੱਚੇ ਅਤੇ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਤੁਰੰਤ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਮੰਨਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਮਾਨਯੋਗ ਅਦਾਲਤਾਂ ਵੱਲੋਂ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਸਾਰੇ ਫੈਸਲੇ ਤੁਰੰਤ ਜਨਰਲਾਈਜ਼ ਕਰਕੇ ਲਾਗੂ ਕੀਤੇ ਜਾਣ, ਮੰਗ ਪੱਤਰ ਵਿੱਚ ਸ਼ਾਮਲ ਸਮੂਹ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਖਾਸ ਤੌਰ ਤੇ ਮਿਤੀ 17-07-2020 ਤੋਂ ਬਾਦ ਭਰਤੀ ਮੁਲਾਜ਼ਮਾਂ ਤੇ ਲਾਗੂ ਕੀਤੇ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਨੂੰ ਮੁੱਖ ਰੱਖ ਕੇ 17-07-2026 ਨੂੰ ਮੁਹਾਲੀ ਵਿਖੇ ਮਹਾਂ ਰੈਲੀ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਗਲੋਂ ਜੂਲਾ ਲਾਉਣ ਦਾ ਪ੍ਰਣ ਲਿਆ ਜਾਵੇਗਾ। ਸੂਬਾਈ ਤਾਲਮੇਲ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਲਾਗੂ ਕਰਨ ਲਈ ਫਰੀਦਕੋਟ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਮੈਂਬਰ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਸਾਹਮਣੇ 11 ਜੁਲਾਈ, 2026 ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਨਾਂ ਚਿਤਾਵਨੀ ਪੱਤਰ ਦੇਣ ਅਤੇ 17 ਜੁਲਾਈ ਨੂੰ ਅਨਾਜ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਸੂਬਾ ਪੱਧਰੀ ਲਾਮਿਸਾਲ ਰੈਲੀ ਅਤੇ ਮੁਜ਼ਾਹਰਾ ਕਰਕੇ ਅਗਲੇ ਤਿੱਖੇ ਸੰਘਰਸ਼ਾਂ ਦਾ ਐਲਾਨ ਕਰਨਗੇ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਹਨਾਂ ਸਾਰਿਆਂ ਨੂੰ ਸਬਕ ਸਿਖਾਉਣਾ ਲਈ ਪ੍ਰਣ ਲੈਣਗੇ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਣ ਦਾ ਨਿਰਣਾ ਕਰਕੇ ਪੰਜਾਬ ਦੀ ਸੱਤਾ ਤੋਂ ਲਾਂਭੇ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਹਰਜਸਦੀਪ ਸਿੰਘ,ਕੁਲਦੀਪ ਸਿੰਘ, ਘਣੀਆਂ, ਮਨਦੀਪ ਸਿੰਘ ਕਪੂਰ, ਪੈਨਸ਼ਨਰ ਆਗੂ ਸੋਮ ਨਾਥ ਅਰੋੜਾ ਬਿਸ਼ਨ ਕੁਮਾਰ ਅਰੋੜਾ, ਅਜੀਤ ਸਿੰਘ ਖਾਲਸਾ, ਰਮੇਸ਼ ਕੌਸ਼ਲ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਵੀਰ ਸਿੰਘ ਕੰਮੇਆਣਾ, ਮਲਕੀਤ ਸਿੰਘ, ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਪੰਜਾਬ ਮੰਡੀ ਬੋਰਡ, ਮੰਦਰ ਸਿੰਘ ਲੈਕਚਰਾਰ, ਸੁਖਮੰਦਰ ਸਿੰਘ ਸੰਧਵਾਂ, ਹਰਪਾਲ ਸਿੰਘ ਸਿਹਤ ਵਿਭਾਗ ਆਦਿ ਹਾਜ਼ਰ ਸਨ।