- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਹੌਲੀ-ਹੌਲੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ : ਡਾ. ਗੁਰਚਰਨ ਭਗਤੂਆਣਾ/ਜਗਦੇਵ ਢੱਲਾ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਕ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਅਤੇ ਉੱਘੇ ਸਮਾਜ ਸੇਵੀ ਤੇ ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’ ਨੇ ਕਿਹਾ ਕਿ ਪੰਜਾਬ ਅੱਜ ਨਸ਼ਿਆਂ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਖ਼ਮਿਆਜ਼ਾ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਭੁਗਤਣਾ ਪੈ ਰਿਹਾ ਹੈ। ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੇ ਯੋਜਨਾਬੱਧ ਢੰਗ ਨਾਲ ਪੰਜਾਬ ਦੇ ਕੋਨੇ-ਕੋਨੇ ਵਿੱਚ ਆਪਣਾ ਜਾਲ ਵਿਛਾ ਕੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਸੂਬੇ ਦੇ ਭਵਿੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਸਿਰਫ਼ ਕਾਨੂੰਨ ਦੇ ਹੀ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਦੇਸ਼ ਦੀ ਸੁਰੱਖਿਆ ਦੇ ਵੀ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਵਧਦੀ ਦਲੇਰੀ ਅੰਦਰੂਨੀ ਸੁਰੱਖਿਆ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ ਲਈ ਸਖ਼ਤ, ਪ੍ਰਭਾਵਸ਼ਾਲੀ ਅਤੇ ਨਿਰੰਤਰ ਕਾਰਵਾਈ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ਿਆਂ ਤੋਂ ਹੋਣ ਵਾਲੀ ਕਾਲੀ ਕਮਾਈ ਦਾ ਇਸਤੇਮਾਲ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਅਤੇ ਸਮਾਜ ਵਿੱਚ ਅਸਥਿਰਤਾ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਡਾ. ਗੁਰਚਰਨ ਭਗਤੂਆਣਾ ਅਤੇ ਜਗਦੇਵ ਸਿੰਘ ‘ਗੋਰਾ ਢੱਲਾ’ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ, ਪਰ ਨਸ਼ਾ ਤਸਕਰ ਇਸੇ ਤਾਕਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਚੁੱਪ ਰਹਿਣ ਦਾ ਸਮਾਂ ਨਹੀਂ, ਸਗੋਂ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋ ਕੇ ਜਾਗਰੂਕਤਾ ਅਤੇ ਲੋਕ ਲਹਿਰ ਖੜ੍ਹੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਵਿਕਸਤ ਦਿਮਾਗ ਹੈ, ਜੋ ਉਸ ਦੀ ਸੋਚ, ਸਮਝ, ਫ਼ੈਸਲੇ ਅਤੇ ਵਿਵਹਾਰ ਨੂੰ ਨਿਯੰਤਰਿਤ ਕਰਦਾ ਹੈ। ਪਰ ਨਸ਼ਾ ਸਭ ਤੋਂ ਪਹਿਲਾਂ ਦਿਮਾਗ ਨੂੰ ਹੀ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਵਿਅਕਤੀ ਦੀ ਸੋਚਣ-ਸਮਝਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਸਹੀ ਤੇ ਗਲਤ ਵਿੱਚ ਫ਼ਰਕ ਕਰਨ ਦੇ ਯੋਗ ਨਹੀਂ ਰਹਿੰਦਾ। ਹੌਲੀ-ਹੌਲੀ ਉਹ ਆਪਣੇ ਵਿਵਹਾਰ, ਭਾਵਨਾਵਾਂ ਅਤੇ ਫ਼ੈਸਲਿਆਂ ’ਤੇ ਕਾਬੂ ਗੁਆ ਬੈਠਦਾ ਹੈ, ਜਿਸ ਦੇ ਮਾੜੇ ਪ੍ਰਭਾਵ ਨਾ ਸਿਰਫ਼ ਉਸ ਦੀ ਆਪਣੀ ਜ਼ਿੰਦਗੀ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਝੱਲਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਵਿਅਕਤੀ ਨੂੰ ਚੋਰੀ, ਡਕੈਤੀ, ਹਿੰਸਾ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਧੱਕ ਦਿੰਦੀ ਹੈ। ਜਦੋਂ ਲਤ ਨੂੰ ਪੂਰਾ ਕਰਨ ਲਈ ਆਰਥਿਕ ਤੰਗੀ ਵਧਦੀ ਹੈ ਤਾਂ ਕਈ ਵਾਰ ਵਿਅਕਤੀ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਹਿੰਸਕ ਵਿਵਹਾਰ ਕਰਨ ਤੱਕ ਉਤਰ ਆਉਂਦਾ ਹੈ। ਅਜਿਹੀਆਂ ਦਰਦਨਾਕ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ, ਜਿੱਥੇ ਨਸ਼ੇ ਦੀ ਲਤ ਕਾਰਨ ਪਰਿਵਾਰ ਬਿਖਰ ਜਾਂਦੇ ਹਨ ਅਤੇ ਬੇਕਸੂਰ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਦਿਮਾਗ ਹੀ ਨਹੀਂ, ਸਗੋਂ ਦਿਲ, ਜਿਗਰ, ਗੁਰਦੇ ਅਤੇ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ ਨੂੰ ਵੀ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਕਈ ਗੰਭੀਰ ਅਤੇ ਮਹਿੰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਕਈ ਮਾਮਲਿਆਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਕਿਸੇ ਵੀ ਰੂਪ ਵਿੱਚ ਮਨੋਰੰਜਨ ਜਾਂ ਤਣਾਅ ਤੋਂ ਰਾਹਤ ਦਾ ਸਾਧਨ ਨਹੀਂ, ਸਗੋਂ ਇੱਕ ਅਜਿਹਾ ਜ਼ਹਿਰ ਹੈ ਜੋ ਹੌਲੀ-ਹੌਲੀ ਮਨੁੱਖ ਦੀ ਸਿਹਤ, ਪਰਿਵਾਰ, ਭਵਿੱਖ ਅਤੇ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਦੋਵੇਂ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਨਸ਼ਾਖੋਰੀ ਸਿਰਫ਼ ਇੱਕ ਨਿੱਜੀ ਜਾਂ ਪਰਿਵਾਰਕ ਸਮੱਸਿਆ ਨਹੀਂ, ਸਗੋਂ ਰਾਸ਼ਟਰੀ ਵਿਕਾਸ ਲਈ ਵੀ ਵੱਡੀ ਰੁਕਾਵਟ ਹੈ। ਇਸ ਨਾਲ ਅਪਰਾਧ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ ਅਤੇ ਸਮਾਜਿਕ ਅਸਥਿਰਤਾ ਵਰਗੀਆਂ ਸਮੱਸਿਆਵਾਂ ਨੂੰ ਹੋਰ ਬਲ ਮਿਲਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਆਪਕ ਪੱਧਰ ’ਤੇ ਹੁੰਦੀ ਹੈ, ਉੱਥੇ ਸਮਾਜਿਕ ਅਤੇ ਆਰਥਿਕ ਵਿਕਾਸ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਨਸ਼ਿਆਂ ਵਿਰੁੱਧ ਜੰਗ ਸਿਰਫ਼ ਸਰਕਾਰ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦਾ ਸਾਂਝਾ ਫ਼ਰਜ਼ ਹੈ। ਡਾ. ਗੁਰਚਰਨ ਭਗਤੂਆਣਾ ਅਤੇ ਜਗਦੇਵ ਸਿੰਘ ‘ਗੋਰਾ ਢੱਲਾ’ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸਿਰਫ਼ ਭੌਤਿਕ ਸਹੂਲਤਾਂ ਪ੍ਰਦਾਨ ਕਰਨਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਸੰਗਤ, ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਦੋਸਤਾਂ ਬਾਰੇ ਵੀ ਲਗਾਤਾਰ ਜਾਣਕਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ, ਸਕੂਲ, ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਰਕਾਰ ਮਿਲ ਕੇ ਜਾਗਰੂਕਤਾ ਮੁਹਿੰਮਾਂ ਚਲਾਉਣ ਅਤੇ ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਰੁਜ਼ਗਾਰ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਣ, ਤਾਂ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਨਿਸ਼ਚਿਤ ਤੌਰ ’ਤੇ ਸਾਕਾਰ ਕੀਤਾ ਜਾ ਸਕਦਾ ਹੈ।