- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਟ ਬੈਂਕ ਆਫ਼ ਇੰਡੀਆ ਜੈਤੋ ਵਿਖੇ 72ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਦੇਸ਼ ਦੀ ਸਭ ਤੋਂ ਵੱਡੀ ਅਤੇ ਭਰੋਸੇਯੋਗ ਬੈਂਕਿੰਗ ਸੰਸਥਾ ਸਟੇਟ ਬੈਂਕ ਆਫ਼ ਇੰਡੀਆ ਦੇ 72ਵੇਂ ਸਥਾਪਨਾ ਦਿਵਸ ਮੌਕੇ ਸਥਾਨਕ ਐੱਸ.ਬੀ.ਆਈ. ਜੈਤੋ ਸ਼ਾਖਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਬਰਾਂਚ ਦੇ ਚੀਫ਼ ਮੈਨੇਜਰ ਵਿਕਾਸ ਗਰਗ ਦੀ ਅਗਵਾਈ ਹੇਠ ਸਮੁੱਚੇ ਬੈਂਕ ਸਟਾਫ਼ ਨੇ ਬੜੇ ਉਤਸ਼ਾਹ, ਖੁਸ਼ੀ ਅਤੇ ਗੌਰਵ ਨਾਲ ਸਥਾਪਨਾ ਦਿਵਸ ਮਨਾਉਂਦਿਆਂ ਗਾਹਕਾਂ ਅਤੇ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਸਮਾਗਮ ਦੌਰਾਨ ਬੈਂਕ ਸਟਾਫ਼ ਵੱਲੋਂ ਕੇਕ ਕੱਟ ਕੇ 72ਵੇਂ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਬੈਂਕ ਵਿੱਚ ਪਹੁੰਚੇ ਗਾਹਕਾਂ ਨੂੰ ਲੱਡੂ ਵੰਡ ਕੇ ਇਸ ਇਤਿਹਾਸਕ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗਾਹਕਾਂ ਨੇ ਵੀ ਬੈਂਕ ਪ੍ਰਬੰਧਨ ਨੂੰ ਵਧਾਈ ਦਿੰਦਿਆਂ ਸਾਲਾਂ ਤੋਂ ਮਿਲ ਰਹੀਆਂ ਭਰੋਸੇਯੋਗ ਅਤੇ ਬਿਹਤਰ ਬੈਂਕਿੰਗ ਸੇਵਾਵਾਂ ਦੀ ਸ਼ਲਾਘਾ ਕੀਤੀ। ਸਥਾਪਨਾ ਦਿਵਸ ਨੂੰ ਸਮਾਜਿਕ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਾਲ ਜੋੜਦਿਆਂ ਸਟੇਟ ਬੈਂਕ ਆਫ਼ ਇੰਡੀਆ ਜੈਤੋ ਵੱਲੋਂ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਟਰੀ ਗਾਰਡ ਸਮੇਤ ਛਾਂਦਾਰ ਪੌਦਾ ਲਗਾਇਆ ਗਿਆ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਵਾਤਾਵਰਣ ਦੀ ਸੰਭਾਲ, ਰੁੱਖਾਂ ਦੀ ਮਹੱਤਤਾ ਅਤੇ ਹਰ ਨਾਗਰਿਕ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਹਰੇ-ਭਰੇ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਚੀਫ਼ ਮੈਨੇਜਰ ਵਿਕਾਸ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਦੇਸ਼ ਦੀ ਆਰਥਿਕ ਤਰੱਕੀ ਦਾ ਇੱਕ ਮਜ਼ਬੂਤ ਥੰਮ੍ਹ ਹੈ, ਜਿਸ ਨੇ ਪਿਛਲੇ 72 ਸਾਲਾਂ ਦੌਰਾਨ ਕਰੋੜਾਂ ਗਾਹਕਾਂ ਦਾ ਭਰੋਸਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਬੈਂਕ ਹਰ ਵਰਗ ਦੇ ਲੋਕਾਂ ਦਾ ਆਪਣਾ ਬੈਂਕ ਹੈ, ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਪਾਰਦਰਸ਼ੀ, ਭਰੋਸੇਯੋਗ ਅਤੇ ਉੱਚ ਪੱਧਰੀ ਬੈਂਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬੈਂਕ ਭਵਿੱਖ ਵਿੱਚ ਵੀ ਗਾਹਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਆਧੁਨਿਕ ਤਕਨਾਲੋਜੀ ਅਤੇ ਬਿਹਤਰ ਸੰਵਾਵਾਂ ਰਾਹੀਂ ਦੇਸ਼ ਦੀ ਆਰਥਿਕ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਨਿਰੰਤਰ ਜਾਰੀ ਰੱਖੇਗਾ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਸਹਾਇਕ ਜਨਰਲ ਸਕੱਤਰ ਕਾਮਰੇਡ ਇੰਦਰਜੀਤ ਸਿੰਘ ਸਿੱਧੂ ਨੇ ਵੀ ਬੈਂਕ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਐੱਸ.ਬੀ.ਆਈ. ਨੇ ਹਮੇਸ਼ਾ ਗਾਹਕ ਸੇਵਾ ਨੂੰ ਪਹਿਲ ਦਿੱਤੀ ਹੈ ਅਤੇ ਕਰਮਚਾਰੀਆਂ ਨੇ ਵੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਸੰਸਥਾ ਦੀ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਮੌਕੇ ਅਸਿਸਟੈਂਟ ਮੈਨੇਜਰ ਪ੍ਰੀਆ ਜੈਨ, ਗੌਰਵ ਕੁਮਾਰ, ਸੁਰਿੰਦਰ ਕੁਮਾਰ, ਨਿਤਿਨ ਕੁਮਾਰ, ਪਰਮਜੀਤ ਸਿੰਘ ‘ਪੰਮਾ’ ਬਿਸ਼ਨੰਦੀ, ਅਵਤਾਰ ਸਿੰਘ, ਬੂਟਾ ਸਿੰਘ, ਬਲਰਾਜ ਸਿੰਘ, ਰਮਨਦੀਪ ਕੌਰ, ਦਿਕਸ਼ਾ ਰਾਣੀ, ਆਤਰ ਸਿੰਘ, ਗੁਰਪ੍ਰੀਤ ਸਿੰਘ, ਕਰਨ ਕੁਮਾਰ, ਗਣੇਸ਼ ਕੁਮਾਰ, ਬਲਵਿੰਦਰ ਸਿੰਘ, ਪ੍ਰੀਆ ਸਮੇਤ ਸਮੁੱਚਾ ਬੈਂਕ ਸਟਾਫ਼ ਹਾਜ਼ਰ ਸੀ। ਇਸ ਤੋਂ ਇਲਾਵਾ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫਾਊਂਡੇਸ਼ਨ ਵੱਲੋਂ ਗੁਰਜੰਗ ਸਿੰਘ, ਰੇਸ਼ਮ ਸਿੰਘ ਬਰਾੜ, ਜਗਦੇਵ ਸਿੰਘ ‘ਗੋਰਾ ਢੱਲਾ’, ਸੁਰਿੰਦਰਪਾਲ ਸਿੰਘ ਝੱਖੜਵਾਲਾ, ਜਗਜੀਤ ਸਿੰਘ ਅਤੇ ਕੁਲਬੀਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੁੜੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ਵਿੱਚ ਸਮੂਹ ਹਾਜ਼ਰ ਮੈਂਬਰਾਂ ਨੇ ਸੰਕਲਪ ਲਿਆ ਕਿ ਬੈਂਕਿੰਗ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਅਤੇ ਵਾਤਾਵਰਣ ਸੰਭਾਲ ਲਈ ਵੀ ਇਸ ਤਰ੍ਹਾਂ ਦੇ ਲੋਕ-ਭਲਾਈ ਕਾਰਜ ਭਵਿੱਖ ਵਿੱਚ ਨਿਰੰਤਰ ਜਾਰੀ ਰੱਖੇ ਜਾਣਗੇ।