- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ 2 ਅਕਤੂਬਰ ਨੂੰ ਸੀ.ਆਈ.ਏ. ਸਟਾਫ਼ ਦੀ ਟੀਮ ਜੈਤੋ ਤੋਂ ਹਰੀਨੌਂ ਮੋੜ, ਖਾਰਾ ਹੁੰਦੇ ਹੋਏ ਕੋਟਕਪੂਰਾ ਵੱਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਪਿੰਡ ਖਾਰਾ ਵਿਖੇ ਇੱਕ ਬੰਦ ਪਏ ਪੈਟਰੋਲ ਪੰਪ ਨੇੜੇ ਮੋਟਰਸਾਈਕਲ ਕੋਲ ਖੜ੍ਹੇ ਨੌਜਵਾਨ ਅਤੇ ਔਰਤ ’ਤੇ ਪੁਲਿਸ ਨੂੰ ਸ਼ੱਕ ਹੋਇਆ। ਦੋਵਾਂ ਨੂੰ ਕਾਬੂ ਕਰਨ ਉਪਰੰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲਈ ਗਈ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ: ਫ਼ਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਪਿੰਡ ਖਾਰਾ ਤੋਂ ਫੜੀ ਗਈ 1 ਕਿੱਲੋ 118 ਗ੍ਰਾਮ ਹੈਰੋਇਨ ਦੀ ਖੇਪ ਨੇ ਪੁਲਿਸ ਦੀ ਜਾਂਚ ਦਾ ਰੁਖ ਸਿਰਫ਼ ਬਰਾਮਦਗੀ ਤੱਕ ਸੀਮਤ ਨਾ ਰੱਖਦਿਆਂ ਇਸ ਦੇ ਪਿੱਛੇ ਕੰਮ ਕਰ ਰਹੇ ਸਪਲਾਈ ਨੈੱਟਵਰਕ ਵੱਲ ਕਰ ਦਿੱਤਾ ਹੈ। ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੀਤੀ ਕਾਰਵਾਈ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਖੇਪ ਕਿੱਥੋਂ ਲਿਆਂਦੀ ਗਈ ਅਤੇ ਇਸ ਨੂੰ ਅੱਗੇ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਪਹੁੰਚਾਇਆ ਜਾਣਾ ਸੀ।
ਪੁਲਿਸ ਅਨੁਸਾਰ 2 ਅਕਤੂਬਰ ਨੂੰ ਸੀ.ਆਈ.ਏ. ਸਟਾਫ਼ ਦੀ ਟੀਮ ਜੈਤੋ ਤੋਂ ਹਰੀਨੌਂ ਮੋੜ, ਖਾਰਾ ਹੁੰਦੇ ਹੋਏ ਕੋਟਕਪੂਰਾ ਵੱਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਪਿੰਡ ਖਾਰਾ ਵਿਖੇ ਇੱਕ ਬੰਦ ਪਏ ਪੈਟਰੋਲ ਪੰਪ ਨੇੜੇ ਮੋਟਰਸਾਈਕਲ ਕੋਲ ਖੜ੍ਹੇ ਨੌਜਵਾਨ ਅਤੇ ਔਰਤ ’ਤੇ ਪੁਲਿਸ ਨੂੰ ਸ਼ੱਕ ਹੋਇਆ। ਦੋਵਾਂ ਨੂੰ ਕਾਬੂ ਕਰਨ ਉਪਰੰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ 1 ਕਿਲੋ 118 ਗ੍ਰਾਮ ਹੈਰੋਇਨ, ਦੋ ਮੋਬਾਈਲ ਫੋਨ, ਇੱਕ ਸਪਲੈਂਡਰ ਮੋਟਰਸਾਈਕਲ ਅਤੇ 5,100 ਰੁਪਏ ਡਰੱਗ ਮਨੀ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਾਜਨ ਕੁਮਾਰ ਵਾਸੀ ਪਿੰਡ ਪੰਜੇਕੇ ਉੱਤਰ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਰਾਜ ਕੌਰ ਉਰਫ਼ ਛਿੰਦਰ ਵਾਸੀ ਲਾਧੂ ਕਾ ਮੰਡੀ, ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਖੇਪ ਫ਼ਾਜ਼ਿਲਕਾ/ਫ਼ਿਰੋਜ਼ਪੁਰ ਖੇਤਰ ਤੋਂ ਲਿਆ ਕੇ ਅੱਗੇ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ। ਇਸ ਕਰਕੇ ਹੁਣ ਜਾਂਚ ਦਾ ਮਹੱਤਵਪੂਰਨ ਪੱਖ ਖੇਪ ਦੇ ਸਰੋਤ ਅਤੇ ਇਸ ਨਾਲ ਜੁੜੇ ਅੱਗੇ-ਪਿੱਛੇ ਦੇ ਸੰਪਰਕਾਂ ਦੀ ਪਛਾਣ ਕਰਨਾ ਹੈ। ਪੁਲਿਸ ਨੇ ਦੋਵਾਂ ਕੋਲੋਂ ਮਿਲੇ ਮੋਬਾਈਲ ਫੋਨਾਂ ਅਤੇ ਹੋਰ ਜਾਣਕਾਰੀ ਦੇ ਆਧਾਰ ’ਤੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਰਾਜ ਕੌਰ ਦਾ ਪਿਛਲਾ ਰਿਕਾਰਡ ਵੀ ਪੁਲਿਸ ਜਾਂਚ ਦਾ ਅਹਿਮ ਹਿੱਸਾ ਬਣਿਆ ਹੋਇਆ ਹੈ। ਪੁਲਿਸ ਰਿਕਾਰਡ ਮੁਤਾਬਿਕ ਉਸ ਖ਼ਿਲਾਫ਼ ਪਹਿਲਾਂ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ 2022 ਦਾ ਇੱਕ ਮਾਮਲਾ ਵੱਖ-ਵੱਖ ਆਈ.ਪੀ.ਸੀ. ਧਾਰਾਵਾਂ ਤਹਿਤ ਹੈ, ਜਦਕਿ 29 ਮਾਰਚ 2026 ਅਤੇ 5 ਅਗਸਤ 2026 ਨੂੰ ਉਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਵੀ ਮਾਮਲੇ ਦਰਜ ਹੋਏ ਸਨ।
ਇਸੇ ਦੌਰਾਨ ਫ਼ਰੀਦਕੋਟ ਪੁਲਿਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ 10 ਮਾਮਲੇ ਦਰਜ ਕਰਕੇ 14 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੈਗਾਬਾਲਿਨ ਕੈਪਸੂਲਾਂ ਸਬੰਧੀ 2 ਮਾਮਲਿਆਂ ਵਿੱਚ 146 ਕੈਪਸੂਲ ਬਰਾਮਦ ਕਰਕੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਸਦਰ ਕੋਟਕਪੂਰਾ ਵਿਖੇ ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 240, ਮਿਤੀ 2 ਅਕਤੂਬਰ 2026, ਧਾਰਾ 21-C/27(a)/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦਾ ਅਗਲਾ ਪੜਾਅ ਖੇਪ ਦੇ ਸਰੋਤ ਅਤੇ ਇਸ ਦੀ ਅੱਗੇ ਸਪਲਾਈ ਨਾਲ ਜੁੜੇ ਲੋਕਾਂ ਤੱਕ ਪਹੁੰਚਣ ’ਤੇ ਕੇਂਦਰਿਤ ਹੈ।