ਖ਼ਤਰੇ 'ਚ ਸਿੱਧੂ ਮੂਸੇਵਾਲਾ ਦਾ ਪਰਿਵਾਰ ! Z+ ਸਕਿਓਰਿਟੀ ਦੇਣ ਦੀ ਮੰਗ; ਕੇਂਦਰੀ ਗ੍ਰਹਿ ਮੰਤਰੀ ਤੋਂ ਮੰਗਿਆਂ ਮਿਲਣ ਦਾ ਸਮਾਂ
ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੇ ਪੱਤਰ 'ਚ ਵਾਸੂ ਰੰਜਨ ਨੇ ਕਿਹਾ ਕਿ 29 ਮਈ, 2022 ਨੂੰ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਸੀ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਦੇਖੀ, ਜਿਸ 'ਚ ਕਥਿਤ ਤੌਰ 'ਤੇ ਮੂਸੇਵਾਲਾ ਦੇ ਨਾਬਾਲਗ ਛੋਟੇ ਭਰਾ ਨੂੰ ਕੈਨੇਡਾ 'ਚ ਇਕ ਮੰਚ 'ਤੇ ਦੇਖਿਆ ਗਿਆ। ਵਕੀਲ ਮੁਤਾਬਕ, ਬੱਚੇ ਦੇ ਹਾਵ-ਭਾਵ ਅਤੇ ਅੰਦਾਜ਼ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਦਿਵਾਉਂਦੇ ਹਨ।
Publish Date: Fri, 23 Oct 2026 11:57 AM (IST)
Updated Date: Fri, 23 Oct 2026 12:01 PM (IST)
ਰੋਹਿਤ ਕੁਮਾਰ, ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾਉਣ ਅਤੇ ਉਨ੍ਹਾਂ ਦੇ ਛੋਟੇ ਭਰਾ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਉੱਠੀ ਹੈ। ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਕੌਂਸਲ ਆਫ਼ ਲਾਇਰਜ਼ ਦੇ ਚੇਅਰਮੈਨ ਵਾਸੂ ਰੰਜਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਸਮੇਤ ਉਨ੍ਹਾਂ ਦੇ ਨਾਬਾਲਗ ਪੁੱਤਰ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਰਿਵਾਰ 'ਤੇ ਗੈਂਗਸਟਰਾਂ ਦੇ ਹਮਲੇ ਦਾ ਖ਼ਦਸ਼ਾ ਜਤਾਉਂਦਿਆਂ ਖੁਫ਼ੀਆ ਏਜੰਸੀਆਂ ਤੋਂ ਤੁਰੰਤ ਖ਼ਤਰੇ ਦਾ ਮੁਲਾਂਕਣ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੇ ਪੱਤਰ 'ਚ ਵਾਸੂ ਰੰਜਨ ਨੇ ਕਿਹਾ ਕਿ 29 ਮਈ, 2022 ਨੂੰ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਸੀ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਦੇਖੀ, ਜਿਸ 'ਚ ਕਥਿਤ ਤੌਰ 'ਤੇ ਮੂਸੇਵਾਲਾ ਦੇ ਨਾਬਾਲਗ ਛੋਟੇ ਭਰਾ ਨੂੰ ਕੈਨੇਡਾ 'ਚ ਇਕ ਮੰਚ 'ਤੇ ਦੇਖਿਆ ਗਿਆ। ਵਕੀਲ ਮੁਤਾਬਕ, ਬੱਚੇ ਦੇ ਹਾਵ-ਭਾਵ ਅਤੇ ਅੰਦਾਜ਼ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਨੇ ਖ਼ਦਸ਼ਾ ਜਤਾਇਆ ਕਿ ਮੂਸੇਵਾਲਾ ਦੀ ਵਿਰਾਸਤ ਨਾਲ ਜੁੜੀ ਵਧਦੀ ਜਨਤਕ ਪਛਾਣ ਕਾਰਨ ਗੈਂਗਸਟਰ ਜਾਂ ਅਪਰਾਧਿਕ ਅਨਸਰ ਬੱਚੇ ਜਾਂ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਵਾਸੂ ਰੰਜਨ ਨੇ ਪੱਤਰ 'ਚ ਇਸ ਖ਼ਦਸ਼ੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਾਵਧਾਨੀ ਵਾਲੇ ਕਦਮ ਚੁੱਕਣ ਦੀ ਲੋੜ ਦੱਸੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਸਮਰੱਥ ਸੁਰੱਖਿਆ ਏਜੰਸੀਆਂ ਦੇ ਮੁਲਾਂਕਣ ਦੇ ਆਧਾਰ 'ਤੇ ਪਰਿਵਾਰ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦੇਣ 'ਤੇ ਵਿਚਾਰ ਕੀਤਾ ਜਾਵੇ।
ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ 'ਚ ਸਿਖਲਾਈ ਪ੍ਰਾਪਤ ਹਥਿਆਰਬੰਦ ਕਮਾਂਡੋ, ਨਜ਼ਦੀਕੀ ਸੁਰੱਖਿਆ ਕਰਮਚਾਰੀ, ਸੁਰੱਖਿਆ ਜੈਮਰ, ਅਗਾਊਂ ਸੁਰੱਖਿਆ ਪ੍ਰਬੰਧ ਅਤੇ ਵੱਖ-ਵੱਖ ਸੂਬਿਆਂ ਵਿਚਾਲੇ ਸੁਰੱਖਿਆ ਤਾਲਮੇਲ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਵੀ ਲਗਾਤਾਰ ਸੁਰੱਖਿਆ ਤਾਲਮੇਲ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਪੱਤਰ 'ਚ ਵਾਸੂ ਰੰਜਨ ਨੇ ਕਿਹਾ ਕਿ ਬੱਚੇ ਦੀ ਜ਼ਿੰਦਗੀ ਅਨਮੋਲ ਹੈ ਅਤੇ ਪਰਿਵਾਰ ਨੂੰ ਮੁੜ ਕਿਸੇ ਦੁਖਾਂਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਾਰੇ ਲੋੜੀਂਦੇ ਸਾਵਧਾਨੀ ਵਾਲੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਤੋਂ ਇਸ ਮਾਮਲੇ 'ਚ ਨਿੱਜੀ ਮੁਲਾਕਾਤ ਲਈ ਜਲਦੀ ਸਮਾਂ ਦੇਣ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਉਹ ਪਰਿਵਾਰ ਦੀ ਸੁਰੱਖਿਆ ਸਬੰਧੀ ਆਪਣੇ ਖ਼ਦਸ਼ੇ ਅਤੇ ਚਿੰਤਾਵਾਂ ਸਿੱਧੇ ਉਨ੍ਹਾਂ ਸਾਹਮਣੇ ਰੱਖ ਸਕਣ।
ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਇੰਟੈਲੀਜੈਂਸ ਬਿਊਰੋ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਖ਼ਤਰੇ ਦਾ ਮੁਲਾਂਕਣ ਕਰਨ ਅਤੇ ਢੁੱਕਵੀਂ ਰੋਕਥਾਮ ਵਾਲੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪੱਤਰ ਦੀ ਇਕ ਕਾਪੀ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਨੂੰ ਵੀ ਭੇਜੀ ਗਈ ਹੈ।
ਹਾਲਾਂਕਿ, ਪੱਤਰ 'ਚ ਗੈਂਗਸਟਰਾਂ ਵੱਲੋਂ ਕਿਸੇ ਖ਼ਾਸ ਧਮਕੀ ਜਾਂ ਹਮਲੇ ਦੀ ਪੁਸ਼ਟੀ ਦਾ ਜ਼ਿਕਰ ਨਹੀਂ ਹੈ। ਇਸ 'ਚ ਵਕੀਲ ਨੇ ਸੰਭਾਵੀ ਖ਼ਤਰੇ ਦਾ ਖ਼ਦਸ਼ਾ ਜਤਾਉਂਦਿਆਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਤੇ ਸਾਵਧਾਨੀ ਵਜੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।