‘ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ', ਹਰਪਾਲ ਸਿੰਘ ਚੀਮਾ ਨੇ ਪਰਗਟ ਸਿੰਘ 'ਤੇ ਵਿੰਨ੍ਹਿਆ ਨਿਸ਼ਾਨਾ; 1984 ਦੇ ਦੰਗਿਆਂ ਤੋਂ ਲੈ ਕੇ ਨਸ਼ਿਆਂ ਤਕ ਕਾਂਗਰਸ ਨੂੰ ਘੇਰਿਆ
Harpal Singh Cheema ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਘਟਨਾਵਾਂ ਨੂੰ ਨਹੀਂ ਭੁੱਲੇ, ਜਿਨ੍ਹਾਂ 'ਚ ਪਰਿਵਾਰਾਂ ਨੇ ਆਪਣੇ ਪੁੱਤਰ ਗੁਆਏ ਅਤੇ ਔਰਤਾਂ ਨੂੰ ਵਿਧਵਾ ਹੋਣਾ ਪਿਆ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਦਾ ਜ਼ਿਕਰ ਕਰਦਿਆਂ ਕਾਂਗਰਸ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ।
Publish Date: Fri, 23 Oct 2026 10:12 AM (IST)
Updated Date: Fri, 23 Oct 2026 10:45 AM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਚਲਾਉਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਪੀਲ ਦੇ ਵਿਚਕਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਿਚਕਾਰ ਤਿੱਖੀ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ। ਚੀਮਾ ਨੇ ਪ੍ਰਗਟ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ, “ਯੂ ਆਰ ਦੀ ਮੈਂਬਰ ਆਫ਼ ਚਿੱਟਾ ਪਾਰਟੀ” (ਤੁਸੀਂ ਚਿੱਟਾ ਪਾਰਟੀ ਦੇ ਮੈਂਬਰ ਹੋ)।
ਉਨ੍ਹਾਂ ਕਾਂਗਰਸ ਨੂੰ ਸਿੱਖ ਵਿਰੋਧੀ ਦੰਗਿਆਂ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਅਤੇ ਪੰਜਾਬ 'ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਬਣਾਇਆ। ਸਦਨ 'ਚ ਇਹ ਬਹਿਸ ਉਸ ਸਮੇਂ ਹੋਈ, ਜਦੋਂ ਸਪੀਕਰ ਵਿਰੋਧੀ ਧਿਰ ਨੂੰ ਨਾਅਰੇਬਾਜ਼ੀ ਛੱਡ ਕੇ ਪ੍ਰਸ਼ਨ ਕਾਲ ਚੱਲਣ ਦੇਣ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਸਵਾਲ ਉਠਾਉਣ ਦੀ ਅਪੀਲ ਕਰ ਰਹੇ ਸਨ।
ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਾਰਟੀ ਦੇ ਸ਼ਾਸਨਕਾਲ ਦੌਰਾਨ ਪੰਜਾਬ ਅਤੇ ਸਿੱਖ ਭਾਈਚਾਰੇ ਨੇ ਬਹੁਤ ਕੁਝ ਝੱਲਿਆ ਹੈ। ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਸੀ। ਉਨ੍ਹਾਂ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਲੈਂਦਿਆਂ ਵੀ ਕਾਂਗਰਸ ਨੂੰ ਘੇਰਿਆ।
ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਘਟਨਾਵਾਂ ਨੂੰ ਨਹੀਂ ਭੁੱਲੇ, ਜਿਨ੍ਹਾਂ 'ਚ ਪਰਿਵਾਰਾਂ ਨੇ ਆਪਣੇ ਪੁੱਤਰ ਗੁਆਏ ਅਤੇ ਔਰਤਾਂ ਨੂੰ ਵਿਧਵਾ ਹੋਣਾ ਪਿਆ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਦਾ ਜ਼ਿਕਰ ਕਰਦਿਆਂ ਕਾਂਗਰਸ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ।
ਨਸ਼ਿਆਂ ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਿਆ
ਵਿੱਤ ਮੰਤਰੀ ਨੇ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਪਹਿਲਾਂ ਆਪਣੇ ਸਿਆਸੀ ਰਿਕਾਰਡ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਂ ਲੈਂਦਿਆਂ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਮਾਮਲੇ ਦਾ ਜ਼ਿਕਰ ਕੀਤਾ।
ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਵਧੀ ਅਤੇ ਹੁਣ ਉਹੀ ਪਾਰਟੀ ਇਸ ਮੁੱਦੇ 'ਤੇ ਸਰਕਾਰ ਨੂੰ ਘੇਰ ਰਹੀ ਹੈ।
ਉਨ੍ਹਾਂ ਅਕਾਲੀ ਦਲ ਦੇ ਸ਼ਾਸਨਕਾਲ ਅਤੇ ਪੰਜਾਬ 'ਚ ਨਸ਼ਿਆਂ ਦੇ ਫੈਲਾਅ ਦਾ ਵੀ ਜ਼ਿਕਰ ਕੀਤਾ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਸੂਬੇ 'ਚ ਨਸ਼ਿਆਂ ਦੀ ਸਮੱਸਿਆ ਕਿਸ ਤਰ੍ਹਾਂ ਵਧੀ। ਉਨ੍ਹਾਂ ਨੇ ਧਾਰਮਿਕ ਸਥਾਨਾਂ 'ਤੇ ਜਾ ਕੇ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੇ ਆਗੂਆਂ 'ਤੇ ਵੀ ਸਵਾਲ ਚੁੱਕੇ।
ਨਕੋਦਰ ਗੋਲੀਕਾਂਡ ਦਾ ਵੀ ਕੀਤਾ ਜ਼ਿਕਰ
ਚੀਮਾ ਨੇ ਆਪਣੇ ਭਾਸ਼ਣ 'ਚ ਨਕੋਦਰ ਗੋਲੀਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਘਟਨਾਵਾਂ ਨੂੰ ਨਹੀਂ ਭੁੱਲੇ ਹਨ। ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂਆਂ ਤੋਂ ਪੁਰਾਣੇ ਮਾਮਲਿਆਂ ਅਤੇ ਆਪਣੇ ਸਿਆਸੀ ਕਾਰਜਕਾਲ ਨੂੰ ਲੈ ਕੇ ਸਵਾਲ ਕੀਤੇ।
ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਜਾਰੀ ਨਾਅਰੇਬਾਜ਼ੀ ਦੌਰਾਨ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਸਵਾਲ ਪ੍ਰਸ਼ਨ ਕਾਲ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਮੈਂਬਰ ਪ੍ਰਸ਼ਨ ਕਾਲ ਦੌਰਾਨ ਹੀ ਆਪਣੇ ਸਵਾਲਾਂ ਅਤੇ ਤਰਕਾਂ ਰਾਹੀਂ ਬਹਿਸ ਕਰਨ ਅਤੇ ਸਦਨ ਦੀ ਮਰਿਆਦਾ ਬਣਾਈ ਰੱਖਣ।