- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੇਜ਼-4 ਤੇ 5 ਦੀ ਡਿਵਾਈਡਿੰਗ ਸੜਕ ਨੂੰ ਖੁਰਚ ਕੇ ਬਣਾਉਣ ਦਾ ਕੰਮ ਸ਼ੁਰੂ, ਸਾਲ ਤੋਂ ਟੁੱਟੀ ਹੋਈ ਸੀ ਸੜਕ

-ਫੇਜ਼-4 ਤੇ 5 ਦੀ ਡਿਵਾਈਡਿੰਗ ਸੜਕ ਨੂੰ ਖੁਰਚ ਕੇ ਬਣਾਉਣ ਦਾ ਕੰਮ ਸ਼ੁਰੂ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ :
ਪੀਟੀਐੱਲ ਚੌਕ ਦੇ ਨੇੜੇ ਫੇਜ਼-4 ਅਤੇ ਫੇਜ਼-4 ਦੀ ਡਿਵਾਈਡਿੰਗ ਸੜਕ, ਜੋ ਪਿਛਲੇ ਲੰਮੇ ਸਮੇਂ ਤੋਂ ਕੌਂਸਲਰਾਂ ਦੇ ਆਪਸੀ ਵਿਵਾਦ ਕਾਰਨ ਰੁਕੀ ਹੋਈ ਸੀ, ਨੂੰ ਹੁਣ ਸਕਰੈਚ (ਉੱਪਰਲੀ ਪਰਤ ਖੁਰਚ ਕੇ) ਕਰਕੇ ਨਵੇਂ ਸਿਰਿਓਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਫ਼ੇਜ਼-4 ਦੀ ਸਾਬਕਾ ਕੌਂਸਲਰ ਤੇ ਫ਼ੇਜ਼-5 ਦੀ ਸਾਬਕਾ ਤੇ ਮੌਜੂਦਾ ਕੌਂਸਲਰ ਵਿਚਾਲੇ ਚੱਲ ਰਹੇ ਮਤਭੇਦਾਂ ਕਾਰਨ ਪਿਛਲੇ ਇਕ ਸਾਲ ਤੋਂ ਇਸ ਸੜਕ ਦੇ ਨਿਰਮਾਣ ’ਚ ਰੋੜਾ ਅਟਕਾਇਆ ਜਾ ਰਿਹਾ ਸੀ।
ਫ਼ੇਜ਼-4 ਦੀ ਸਾਬਕਾ ਕੌਂਸਲਰ ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਫ਼ੇਜ਼-4 ਦਾ ਇਲਾਕਾ ਨੀਵਾਂ ਹੋਣ ਕਰਕੇ ਇੱਥੇ ਬਰਸਾਤੀ ਪਾਣੀ ਦੀ ਮਾਰ ਸਭ ਤੋਂ ਵੱਧ ਪੈਂਦੀ ਹੈ। ਇਸ ਬਰਸਾਤੀ ਪਾਣੀ ਨੂੰ ਸੜਕ ਦੇ ਰਸਤੇ ਰਾਹੀਂ ਦੂਜੇ ਪਾਸੇ, ਯਾਨੀ ਫ਼ੇਜ਼-5 ਵੱਲ ਕੱਢਿਆ ਜਾਂਦਾ ਹੈ। ਨਗਰ ਨਿਗਮ ਵੱਲੋਂ ਕਈ ਵਾਰ ਇਸ ਸੜਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਕੰਮ ਸਿਰੇ ਨਹੀਂ ਚੜ੍ਹ ਸਕਿਆ। ਹੁਣ ਦੋਵਾਂ ਧਿਰਾਂ ਵਿਚਾਲੇ ਸੜਕ ਨੂੰ ਪਹਿਲਾਂ ਸਕਰੈਚ (ਖੁਰਚ ਕੇ ਨੀਵਾਂ) ਕਰਨ ਅਤੇ ਫਿਰ ਬਣਾਉਣ 'ਤੇ ਸਹਿਮਤੀ ਬਣੀ ਹੈ, ਜਿਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਫ਼ੇਜ਼-4 ਵਿਚ ਜਮ੍ਹਾਂ ਹੋਣ ਵਾਲਾ ਬਰਸਾਤੀ ਪਾਣੀ ਇਸ ਸੜਕ ਦੇ ਰਸਤੇ ਫ਼ੇਜ਼-5 ਰਾਹੀਂ ਹੁੰਦਾ ਹੋਇਆ ਆਸਾਨੀ ਨਾਲ ਬਾਹਰ ਨਿਕਲ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਰਸਾਤ ਦੇ ਦਿਨਾਂ ਵਿਚ ਫ਼ੇਜ਼-4 ਅਤੇ 5 ਦੇ ਇਲਾਕਿਆਂ ’ਚ ਲੋਕਾਂ ਦੇ ਘਰਾਂ ਅੰਦਰ ਪਾਣੀ ਵੜਨ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਮੁੱਦੇ 'ਤੇ ਪੁੱਡਾ ਦੇ ਸਾਬਕਾ ਐਕਸੀਅਨ ਐੱਨਐੱਸ ਕਲਸੀ ਨੇ ਕਿਹਾ ਕਿ ਨਿਗਮ ਨੂੰ ਫ਼ੇਜ਼-4 ਤੇ ਫ਼ੇਜ਼-5 ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਇਕ ਪੁਖ਼ਤਾ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਨਿਗਮ ਨੂੰ ਪਲਾਨਿੰਗ ਡਰਾਫਟ (ਨਿਕਾਸੀ ਦੇ ਨਕਸ਼ੇ) ਬਣਾ ਕੇ ਦਿੱਤੇ ਗਏ ਹਨ, ਪਰ ਅਧਿਕਾਰੀ ਉਨ੍ਹਾਂ 'ਤੇ ਗੰਭੀਰਤਾ ਨਾਲ ਕੰਮ ਨਹੀਂ ਕਰਦੇ। ਇਹੀ ਕਾਰਨ ਹੈ ਕਿ ਹਰ ਸਾਲ ਸਥਾਨਕ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਭਾਰੀ ਮਾਰ ਝੱਲਣੀ ਪੈਂਦੀ ਹੈ।