- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਇਕ ਵਿਅਕਤੀ ਆਪਣੀ ਐਕਟਿਵਾ ਮੰਦਰ ਦੇ ਸਾਹਮਣੇ ਖੜ੍ਹੀ ਕਰਕੇ ਆਸ-ਪਾਸ ਘੁੰਮਣ ਲੱਗ ਪਿਆ। ਜਦੋਂ ਮਹਿਲਾ ਮੰਦਰ ਵਿਚ ਪਹੁੰਚੀ ਤਾਂ ਮੁਲਜ਼ਮ ਨੇ ਮੌਕਾ ਪਾ ਕੇ ਉਸ ’ਤੇ ਹਮਲਾ ਕਰ ਦਿੱਤਾ। ਮਹਿਲਾ ਨੇ ਹਿੰਮਤ ਦਿਖਾਉਂਦਿਆਂ ਨੇੜੇ ਪਿਆ ਡੰਡਾ ਚੁੱਕ ਕੇ ਮੁਲਜ਼ਮ ਦਾ ਵਿਰੋਧ ਕੀਤਾ ਪਰ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸਥਿਤ ਸੱਤਿਆਨਾਰਾਇਣ ਮੰਦਰ ਵਿਚ ਮੱਥਾ ਟੇਕਣ ਪਹੁੰਚੀ ਇਕ ਮਹਿਲਾ ’ਤੇ ਲੁਟੇਰੇ ਨੇ ਹਮਲਾ ਕਰ ਦਿੱਤਾ। ਮਹਿਲਾ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮ ਨੇ ਉਸ ਦਾ ਸਿਰ ਕੰਧ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਕੰਨਾਂ ਵਿਚ ਪਾਈਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਿਆ। ਪੀੜਤ ਮਹਿਲਾ ਦੀ ਪਛਾਣ ਸੀਮਾ ਦੇਵੀ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰ ਸਤਬੀਰ ਰਾਣਾ ਨੇ ਦੱਸਿਆ ਕਿ ਸੀਮਾ ਦੇਵੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸਾਢੇ 4 ਵਜੇ ਮਹਾਰਾਣਾ ਪ੍ਰਤਾਪ ਭਵਨ ਨੇੜੇ ਸਥਿਤ ਮੰਦਰ ’ਚ ਸਫ਼ਾਈ ਕਰਨ ਅਤੇ ਮੱਥਾ ਟੇਕਣ ਲਈ ਪਹੁੰਚੀ ਸੀ। ਉਸ ਸਮੇਂ ਮੰਦਰ ਵਿਚ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ ਅਤੇ ਪੁਜਾਰੀ ਆਪਣੇ ਘਰ ’ਚ ਸੁੱਤਾ ਹੋਇਆ ਸੀ। ਇਸੇ ਦੌਰਾਨ ਇਕ ਵਿਅਕਤੀ ਆਪਣੀ ਐਕਟਿਵਾ ਮੰਦਰ ਦੇ ਸਾਹਮਣੇ ਖੜ੍ਹੀ ਕਰਕੇ ਆਸ-ਪਾਸ ਘੁੰਮਣ ਲੱਗ ਪਿਆ। ਜਦੋਂ ਮਹਿਲਾ ਮੰਦਰ ਵਿਚ ਪਹੁੰਚੀ ਤਾਂ ਮੁਲਜ਼ਮ ਨੇ ਮੌਕਾ ਪਾ ਕੇ ਉਸ ’ਤੇ ਹਮਲਾ ਕਰ ਦਿੱਤਾ। ਮਹਿਲਾ ਨੇ ਹਿੰਮਤ ਦਿਖਾਉਂਦਿਆਂ ਨੇੜੇ ਪਿਆ ਡੰਡਾ ਚੁੱਕ ਕੇ ਮੁਲਜ਼ਮ ਦਾ ਵਿਰੋਧ ਕੀਤਾ ਪਰ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸਤਬੀਰ ਰਾਣਾ ਅਨੁਸਾਰ ਮੁਲਜ਼ਮ ਨੇ ਉਸ ਦਾ ਸਿਰ ਕਈ ਵਾਰ ਕੰਧ ਨਾਲ ਮਾਰਿਆ, ਜਿਸ ਕਾਰਨ ਉਹ ਹੇਠਾਂ ਡਿੱਗ ਪਈ। ਇਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੁਟੇਰਾ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਖਿੱਚ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਮਲੇ ਦੌਰਾਨ ਮਹਿਲਾ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ। ਸਤਬੀਰ ਰਾਣਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਸੀਮਾ ਦੇਵੀ ਦੀ ਅੱਖ ਵਿਚ ਲੈਂਸ ਪੁਆਇਆ ਗਿਆ ਸੀ। ਹਮਲੇ ਦੌਰਾਨ ਅੱਖ ’ਤੇ ਸੱਟ ਲੱਗਣ ਕਾਰਨ ਉਥੋਂ ਖ਼ੂਨ ਨਿਕਲਣ ਲੱਗ ਪਿਆ। ਮਹਿਲਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੜਕੇ ਅਤੇ ਦੇਰ ਰਾਤ ਮੰਦਰਾਂ, ਹਾਈਵੇ ਅਤੇ ਸੁੰਨਸਾਨ ਥਾਵਾਂ ਦੇ ਆਸ-ਪਾਸ ਪੁਲਿਸ ਗਸ਼ਤ ਵਧਾਉਣ ਦੇ ਨਾਲ-ਨਾਲ ਮੁਲਜ਼ਮ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।
ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਦਰ ’ਚ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਤਾਂ ਮੁਲਜ਼ਮ ਦੀ ਪਛਾਣ ਕਰਨ ਵਿਚ ਪੁਲਿਸ ਨੂੰ ਮਦਦ ਮਿਲ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।