- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਧਰ, ਭਾਜਪਾ ਨੇ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ 18 ਸਤੰਬਰ ਤੋਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਣ ਵਾਲੀਆਂ ਨਸ਼ਾ ਵਿਰੋਧੀ ਜਾਗਰੂਕਤਾ ਯਾਤਰਾਵਾਂ ਅਤੇ ਰੈਲੀਆਂ ਕੱਢਣ ਦੀ ਯੋਜਨਾ ਹੈ।

ਰਮਨਜੀਤ ਸਿੰਘ ਮਣਕੂ, ਜਾਗਰਣ, ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਕਾਊਂਟਡਾਊਨ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਨਸ਼ੇ ਦੇ ਮੁੱਦੇ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 17 ਸਤੰਬਰ ਨੂੰ ਖ਼ਤਮ ਹੋਣ ਵਿੱਚ ਛੇ ਮਹੀਨੇ ਰਹਿ ਜਾਣਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲਾਂ ਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ। ਪਾਰਟੀ ਵੱਲੋਂ ਸਮੇਂ-ਸਮੇਂ ’ਤੇ ਇਸ ਮੁਹਿੰਮ ਤਹਿਤ ਕੀਤੀ ਕਾਰਵਾਈ ਦੇ ਅੰਕੜੇ ਜਾਰੀ ਕਰਕੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪ੍ਰੋਗਰਾਮ ਕਰ ਰਹੇ ਹਨ ਅਤੇ ਪਾਰਟੀ ਚੋਣੀ ਮੋਡ ਵਿੱਚ ਸਰਗਰਮ ਹੋ ਚੁੱਕੀ ਹੈ।
ਉਧਰ, ਭਾਜਪਾ ਨੇ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ 18 ਸਤੰਬਰ ਤੋਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਣ ਵਾਲੀਆਂ ਨਸ਼ਾ ਵਿਰੋਧੀ ਜਾਗਰੂਕਤਾ ਯਾਤਰਾਵਾਂ ਅਤੇ ਰੈਲੀਆਂ ਕੱਢਣ ਦੀ ਯੋਜਨਾ ਹੈ। ਇਸ ਮੁਹਿੰਮ ਤਹਿਤ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਨਸ਼ਿਆਂ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਦੀ ਗੱਲ ਕਰ ਚੁੱਕੇ ਹਨ।
ਕਾਂਗਰਸ ਨੇ ਵੀ ਨਸ਼ੇ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਸਚਿਨ ਪਾਇਲਟ 15 ਸਤੰਬਰ ਨੂੰ ਆਪਣੇ ਪਹਿਲੇ ਪੰਜਾਬ ਦੌਰੇ ’ਤੇ ਆ ਰਹੇ ਹਨ। ਦੌਰੇ ਦੇ ਪਹਿਲੇ ਦਿਨ ਹੀ ਉਹ ਤੂਰਬੰਜਾਰਾ ਵਾਸੀ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਰੋਸ ਮਾਰਚ ਅਤੇ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਕਈ ਆਗੂਆਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਚੋਣਾਂ ਨੇੜੇ ਆਉਂਦਿਆਂ ਨਸ਼ਾ ਵਿਰੋਧੀ ਮੁਹਿੰਮ ਰਾਹੀਂ ਵਿਰੋਧੀ ਧਿਰਾਂ ਜਿੱਥੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਇਸ ਮੁੱਦੇ ਰਾਹੀਂ ਲੋਕਾਂ ਨਾਲ ਸਿੱਧਾ ਜੁੜਨ ਦੀ ਰਣਨੀਤੀ ਵੀ ਅਪਣਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਨਸ਼ਾ ਪੰਜਾਬ ਦੀ ਚੋਣੀ ਸਿਆਸਤ ਦਾ ਅਹਿਮ ਕੇਂਦਰੀ ਮੁੱਦਾ ਬਣਨ ਦੇ ਆਸਾਰ ਹਨ।