ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿਚ ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਕਿਹਾ, ‘‘ਉਨ੍ਹਾਂ ਨੂੰ ਆਪਣੀ ਛੋਟੀ ਸੋਚ ਇਕ ਪਾਸੇ ਰੱਖ ਦੇਣੀ ਚਾਹੀਦੀ ਹੈ। ਇਹ ਮਾਮਲਾ ਸੂਬੇ ਦਾ ਨਹੀਂ ਮੁਲਕ ਦਾ ਹੈ। ਇਹ ਦੋ ਮੁਲਕਾਂ ਦੀ ਕੂਟਨੀਤੀ ਹੈ ਜੋ ਕਿ ਉਨ੍ਹਾਂ ਦੀ ਸੋਚ ਤੋਂ ਉੱਪਰਲੀ ਗੱਲ ਹੈ’’। ਵੜਿੰਗ ਨੇ ਮੁੰਬਈ ਵਿਚ ਗਾਇਕ ਕਲਾਕਾਰ ਦਾ ਸ਼ੋਅ ਰੱਦ ਹੋਣ ਬਾਰੇ ਕਿਹਾ ਸੀ ਕਿ ਸਿੱਖਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਕੈਨੇਡਾ ਤੇ ਭਾਰਤ ਦਰਮਿਆਨ ਵਿਗੜੇ ਰਿਸ਼ਤਿਆਂ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪਾਰਟੀ ਪੰਜਾਬ ਤੋਂ ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕੇਂਦਰੀ ਵਿਦੇਸ਼ ਮੰਤਰਾਲਾ ਨੂੰ ਅਪੀਲ ਕਰੇਗੀ ਕਿ ਉਹ ਹੈਲਪਲਾਈਨ ਸਥਾਪਤ ਕਰੇ ਤਾਂ ਜੋ ਉਹ ਵਿਦਿਆਰਥੀ ਜਿਹੜੇ ਕੈਨੇਡਾ ਜਾਣ ਵਾਲੇ ਹਨ ਜਾਂ ਉਥੋਂ ਆਉਣ ਵਾਲੇ ਹਨ, ਦੇ ਮਸਲੇ ਹੱਲ ਹੋ ਸਕਣ।
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿਚ ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਕਿਹਾ, ‘‘ਉਨ੍ਹਾਂ ਨੂੰ ਆਪਣੀ ਛੋਟੀ ਸੋਚ ਇਕ ਪਾਸੇ ਰੱਖ ਦੇਣੀ ਚਾਹੀਦੀ ਹੈ। ਇਹ ਮਾਮਲਾ ਸੂਬੇ ਦਾ ਨਹੀਂ ਮੁਲਕ ਦਾ ਹੈ। ਇਹ ਦੋ ਮੁਲਕਾਂ ਦੀ ਕੂਟਨੀਤੀ ਹੈ ਜੋ ਕਿ ਉਨ੍ਹਾਂ ਦੀ ਸੋਚ ਤੋਂ ਉੱਪਰਲੀ ਗੱਲ ਹੈ’’। ਵੜਿੰਗ ਨੇ ਮੁੰਬਈ ਵਿਚ ਗਾਇਕ ਕਲਾਕਾਰ ਦਾ ਸ਼ੋਅ ਰੱਦ ਹੋਣ ਬਾਰੇ ਕਿਹਾ ਸੀ ਕਿ ਸਿੱਖਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਇਸ ’ਤੇ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਭਾਸ਼ਾ ਤੋਂ ਜਾਪਦਾ ਹੈ ਕਿ ਜੋ ਸਾਜ਼ਿਸ਼ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਚੀ ਸੀ, ਉਸ ਵਿਚ ਉਹ ਕਾਮਯਾਬ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੇ ਅੱਤਵਾਦੀ ਹਰਦੀਪ ਨਿੱਜਰ ਦੇ ਕਤਲ ਵਿਚ ਭਾਰਤੀ ਏਜੰਸੀਆਂ ਦੀ ਭੂਮਿਕਾ ਦੱਸ ਕੇ ਸਮਾਜਿਕ ਸਦਭਾਵਨਾ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਜਾਖੜ ਨੇ ਅੱਗੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਮੁਲਕ ਜਾਂ ਮਜ਼ਹਬ ਨਹੀਂ ਹੁੰਦਾ। ਕੈਨੇਡਾ ਦੇ ਨਾਲ ਭਾਰਤ ਦੇ ਸਬੰਧਾਂ ਦੇ ਅਸਰ ਕਾਰਨ ਉਥੇ ਪੜ੍ਹਨ ਗਏ ਵਿਦਿਆਰਥੀਆਂ ਤੇ ਪੰਜਾਬ ਦੇ ਲੋਕਾਂ ਵਿਚ ਡਰ ਦੇ ਮਾਹੌਲ ਨੂੰ ਲੈ ਕੇ ਅਸੀਂ ਵੀ ਚਿੰਤਾ ਵਿਚ ਹਾਂ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਹਰ ਸਾਲ ਪੰਜਾਬ ਵਿੱਚੋਂ 60,000 ਕਰੋੜ ਰੁਪਏ ਜਾਂਦੇ ਹਨ। ਜੇ ਭਾਰਤ ਨੂੰ ਸੱਟ ਲੱਗੇਗੀ ਤਾਂ ਕੈਨੇਡਾ ਵੀ ਅਣਛੋਹਿਆ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਟਰੂਡੋ, ਕੱਟੜਪੰਥੀਆਂ ਤੇ ਵੱਖਵਾਦੀਆਂ ਦੀ ਮਦਦ ਨਾਲ ਘੱਟਗਿਣਤੀ ਵਿਚ ਆਪਣੀ ਸਰਕਾਰ ਚਲਾ ਰਹੇ ਹਨ। ਇਨ੍ਹਾਂ ਕੱਟੜ ਅਨਸਰਾਂ ਦੇ ਦਬਾਅ ਵਿਚ ਆ ਕੇ ਟਰੂਡੋ ਨੇ ਨਿੱਜਰ ਮਾਮਲੇ ਵਿਚ ਭਾਰਤ ਵਿਰੁੱਧ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰੂਡੋ ਕੌਮਾਂਤਰੀ ਮੰਚ ’ਤੇ ਵੀ ਫਸ ਗਏ ਹਨ ਕਿਉਂਕਿ ਹਰਦੀਪ ਨਿੱਜਰ ਦੇ ਕਤਲ ਲਈ ਉਹ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ ਹਾਲਾਂਕਿ ਕਾਤਲ ਹਾਲੇ ਫੜੇ ਨਹੀਂ ਗਏ ਤੇ ਨਾ ਉਨ੍ਹਾਂ ਕੋਲ ਕੋਈ ਸਬੂਤ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਆਪਣਾ ਸਟੈਂਡ ਬਦਲਣਾ ਪਿਆ ਹੈ।