ਪੰਜਾਬ 'ਚ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ? ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਹਾਈਕਮਾਨ ਦੇ ਫੈਸਲੇ ਬਾਰੇ ਸਥਿਤੀ ਕੀਤੀ ਸਪੱਸ਼ਟ
Pargat Singh ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਉਨ੍ਹਾਂ ਨਾਲੋਂ ਕਿਤੇ ਵੱਧ ਤਜਰਬੇਕਾਰ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਆਗੂ 40 ਤੋਂ 45 ਸਾਲਾਂ ਤੋਂ ਜਨਤਕ ਜੀਵਨ ਅਤੇ ਰਾਜਨੀਤੀ 'ਚ ਸਰਗਰਮ ਹਨ, ਜਦਕਿ ਉਨ੍ਹਾਂ ਕੋਲ ਲਗਪਗ 10 ਤੋਂ 12 ਸਾਲਾਂ ਦਾ ਸਿਆਸੀ ਤਜਰਬਾ ਹੈ। ਉਹ ਸੀਨੀਅਰ ਆਗੂਆਂ ਦੇ ਤਜਰਬੇ ਦਾ ਲਾਭ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਚੋਣ ਮੈਦਾਨ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।
Publish Date: Fri, 09 Oct 2026 01:37 PM (IST)
Updated Date: Fri, 09 Oct 2026 02:09 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੜੇਗੀ। ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇੰਨੇ ਚਿਹਰੇ ਹਨ ਕਿ ਹਰ ਕੋਈ ਮੁੱਖ ਮੰਤਰੀ ਬਣਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਂ ਲੈਂਦਿਆਂ ਖ਼ੁਦ ਨੂੰ ਵੀ ਇਸ ਦੌੜ 'ਚ ਸ਼ਾਮਲ ਦੱਸਿਆ। ਹਾਲਾਂਕਿ, ਉਨ੍ਹਾਂ ਕਿਸੇ ਇਕ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਦੀ ਬਜਾਏ ਸਮੂਹਿਕ ਲੀਡਰਸ਼ਿਪ 'ਤੇ ਜ਼ੋਰ ਦਿੱਤਾ।
ਗੱਲਬਾਤ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਉਨ੍ਹਾਂ ਨਾਲੋਂ ਕਿਤੇ ਵੱਧ ਤਜਰਬੇਕਾਰ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਆਗੂ 40 ਤੋਂ 45 ਸਾਲਾਂ ਤੋਂ ਜਨਤਕ ਜੀਵਨ ਤੇ ਰਾਜਨੀਤੀ 'ਚ ਸਰਗਰਮ ਹਨ, ਜਦਕਿ ਉਨ੍ਹਾਂ ਕੋਲ ਲਗਪਗ 10 ਤੋਂ 12 ਸਾਲਾਂ ਦਾ ਸਿਆਸੀ ਤਜਰਬਾ ਹੈ। ਉਹ ਸੀਨੀਅਰ ਆਗੂਆਂ ਦੇ ਤਜਰਬੇ ਦਾ ਲਾਭ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਚੋਣ ਮੈਦਾਨ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।
ਸਾਰਿਆਂ ਦੀ ਭੂਮਿਕਾ ਤੈਅ ਹੋਵੇਗੀ
ਪਰਗਟ ਸਿੰਘ ਨੇ ਪੰਜਾਬ ਕਾਂਗਰਸ 'ਚ ਧੜੇਬੰਦੀ ਤੇ ਆਪਸੀ ਮਤਭੇਦਾਂ ਦੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਾਰੇ ਆਗੂ ਇਕਜੁੱਟ ਹੋ ਕੇ ਚੋਣ ਮੈਦਾਨ 'ਚ ਉਤਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਚੋਣਾਂ 'ਚ ਹਰੇਕ ਆਗੂ ਦੀ ਭੂਮਿਕਾ ਤੈਅ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲੇਗਾ। ਪਾਰਟੀ 'ਚ ਕਿਸੇ ਇਕ ਵਿਅਕਤੀ ਦੀ ਬਜਾਏ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਰਣਨੀਤੀ 'ਤੇ ਕੰਮ ਕੀਤਾ ਜਾਵੇਗਾ।
ਹਾਕੀ ਦੇ ਮੈਦਾਨ ਤੋਂ ਰਾਜਨੀਤੀ 'ਚ ਆਏ ਪਰਗਟ ਸਿੰਘ ਨੇ ਆਪਣੀ ਗੱਲ ਨੂੰ ਖੇਡ ਨਾਲ ਜੋੜਦਿਆਂ ਕਿਹਾ ਕਿ ਰਾਜਨੀਤੀ 'ਚ ਵੀ ਉਹ ਸਟ੍ਰਾਈਕਰ ਦੀ ਭੂਮਿਕਾ ਨਿਭਾਉਣਗੇ, ਪਰ ਫੁੱਲ ਬੈਕ ਵਜੋਂ ਵੀ ਖੇਡਣ ਲਈ ਤਿਆਰ ਹਨ। ਬਾਕੀ ਖਿਡਾਰੀਆਂ ਨੂੰ ਵੀ ਮੈਦਾਨ 'ਚ ਉਤਰ ਕੇ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਆਪਣੀ ਫਿਟਨੈੱਸ ਤੇ ਡ੍ਰਿਬਲਿੰਗ ਦਿਖਾਉਣੀ ਪਵੇਗੀ, ਤਾਂ ਹੀ ਟੀਮ ਬਿਹਤਰ ਪ੍ਰਦਰਸ਼ਨ ਕਰ ਸਕੇਗੀ।
ਸ੍ਰੀ ਹਰਿਮੰਦਰ ਸਾਹਿਬ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ
ਪਰਗਟ ਸਿੰਘ ਲਗਾਤਾਰ ਇਹ ਸੰਦੇਸ਼ ਦੇ ਰਹੇ ਹਨ ਕਿ ਪੰਜਾਬ ਕਾਂਗਰਸ ਇਕਜੁੱਟ ਹੋ ਕੇ ਚੋਣ ਮੈਦਾਨ 'ਚ ਉਤਰਨ ਲਈ ਤਿਆਰ ਹੈ। 8 ਅਕਤੂਬਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਾਲ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਅਗਲੀਆਂ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਕੀਤੀ। ਹੁਣ ਪਾਰਟੀ ਦਾ ਅਗਲਾ ਪੜਾਅ ਹੋਰਨਾਂ ਜ਼ਿਲ੍ਹਿਆਂ ਦੇ ਦੌਰੇ ਅਤੇ ਉਸ ਤੋਂ ਬਾਅਦ ਚੰਡੀਗੜ੍ਹ 'ਚ ਹੋਣ ਵਾਲਾ ਪ੍ਰੋਗਰਾਮ ਹੈ। ਪਰਗਟ ਸਿੰਘ ਨੂੰ ਉਮੀਦ ਹੈ ਕਿ ਸਮੂਹਿਕ ਲੀਡਰਸ਼ਿਪ ਤੇ ਸਾਰੇ ਆਗੂਆਂ ਦੀ ਸਰਗਰਮ ਭਾਗੀਦਾਰੀ ਨਾਲ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕਰੇਗੀ।