'ਪੰਜਾਬ ਦੇ ਹਜ਼ਾਰਾਂ ਨੌਜਵਾਨ ਕਿੱਥੇ ਹਨ?' ਸਤਲੁਜ ਵਿਵਾਦ ਦਰਮਿਆਨ ਬੀਬੀ ਖਾਲੜਾ ਨੇ ਕੀਤੀ ਕਮਿਸ਼ਨ ਬਣਾਉਣ ਦੀ ਮੰਗ, ਰਵਨੀਤ ਬਿੱਟੂ ਦਾ ਮਿਲਿਆ ਸਮਰਥਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ' ਨੂੰ ਲੈ ਕੇ ਦੇਸ਼ 'ਚ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਦੀ ਉਸ ਮੰਗ ਦਾ ਸਮਰਥਨ ਕੀਤਾ, ਜਿਸ 'ਚ ਉਨ੍ਹਾਂ ਨੇ ਪੁਲਿਸ ਹਿਰਾਸਤ 'ਚੋਂ ਗਾਇਬ ਹੋਏ ਲੋਕਾਂ, ਫਰਜ਼ੀ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦੇ ਮਾਮਲਿਆਂ 'ਚ ਪੀੜਤਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਇੱਕ 'ਲੋਕ ਕਮਿਸ਼ਨ' ਬਣਾਉਣ ਦੀ ਗੱਲ ਕਹੀ ਹੈ।
Publish Date: Tue, 14 Jul 2026 12:43 PM (IST)
Updated Date: Tue, 14 Jul 2026 12:45 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ' ਨੂੰ ਲੈ ਕੇ ਦੇਸ਼ 'ਚ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਦੀ ਉਸ ਮੰਗ ਦਾ ਸਮਰਥਨ ਕੀਤਾ, ਜਿਸ 'ਚ ਉਨ੍ਹਾਂ ਨੇ ਪੁਲਿਸ ਹਿਰਾਸਤ 'ਚੋਂ ਗਾਇਬ ਹੋਏ ਲੋਕਾਂ, ਫਰਜ਼ੀ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦੇ ਮਾਮਲਿਆਂ 'ਚ ਪੀੜਤਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਇੱਕ 'ਲੋਕ ਕਮਿਸ਼ਨ' ਬਣਾਉਣ ਦੀ ਗੱਲ ਕਹੀ ਹੈ।
ਰਵਨੀਤ ਬਿੱਟੂ ਨੇ ਸਮਰਥਨ ਕਰਦਿਆਂ ਕਿਹਾ ਕਿ ਇਸ ਕਮਿਸ਼ਨ 'ਚ ਪੰਜਾਬ 'ਚ ਅੱਤਵਾਦ (ਕਾਲੇ ਦੌਰ) ਦੌਰਾਨ ਮਾਰੇ ਗਏ ਸਾਰੇ ਲੋਕਾਂ, ਜਿਨ੍ਹਾਂ 'ਚ ਆਮ ਨਾਗਰਿਕ, ਪੁਲਿਸ ਮੁਲਾਜ਼ਮ, ਹਿੰਦੂ, ਸਿੱਖ ਅਤੇ ਖਾੜਕੂ ਸ਼ਾਮਲ ਹਨ, ਉਨ੍ਹਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।
100 ਫੀਸਦੀ ਸਮਰਥਨ ਕਰਦੇ ਹਾਂ: ਰਵਨੀਤ ਬਿੱਟੂ
ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਉਹ ਇਸ ਮੰਗ ਦਾ 100 ਫੀਸਦੀ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਵਾਦਤ ਦਾਅਵਿਆਂ ਦੀ ਜਾਂਚ ਇੱਕ ਕਾਨੂੰਨੀ ਅਤੇ ਸਮਾਂਬੱਧ ਪ੍ਰਕਿਰਿਆ ਰਾਹੀਂ ਹੋਣੀ ਚਾਹੀਦੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਭਵਿੱਖ ਅਮਨ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਹਿੰਸਾ ਨੂੰ ਨਕਾਰਨ 'ਚ ਹੀ ਹੈ।
ਰਵਨੀਤ ਬਿੱਟੂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੂੰ ਵੀ ਅਪੀਲ ਕੀਤੀ ਕਿ ਉਹ ਮੰਗਲਵਾਰ ਨੂੰ ਸਤਲੁਜ ਦਰਿਆ ਦੇ ਕੰਢੇ ਅਰਦਾਸ ਦੌਰਾਨ ਪੰਜਾਬ 'ਚ ਵਰ੍ਹਿਆਂ ਤੋਂ ਚੱਲੀ ਆ ਰਹੀ ਹਿੰਸਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਨ।
ਪਰਮਜੀਤ ਕੌਰ ਨੇ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਤੋਂ ਲੋਕ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਪੰਜਾਬ 'ਚ 1980 ਤੋਂ 1990 ਦੇ ਦਰਮਿਆਨ ਕਿੰਨੇ ਲੋਕ ਗਾਇਬ ਹੋਏ ਸਨ।
ਸੋਸ਼ਲ ਮੀਡੀਆ ਦੇ 'ਐਕਸ' ਪਲੇਟਫਾਰਮ 'ਤੇ ਪਰਮਜੀਤ ਕੌਰ ਨੇ ਲਿਖਿਆ, "ਪੰਜਾਬ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਬੁਲਾਈ ਗਈ ਅਰਦਾਸ ਸਭਾ ਲਈ ਮੰਗਲਵਾਰ, 14 ਜੁਲਾਈ ਨੂੰ ਹਰੀਕੇ ਪੱਤਣ 'ਤੇ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ। ਮੈਂ ਪੰਜਾਬ ਦੇ ਲੋਕਾਂ, ਪੂਰੇ ਸਿੱਖ ਪੰਥ ਅਤੇ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੀ ਹਾਂ ਜੋ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ 'ਚ ਵਿਸ਼ਵਾਸ ਰੱਖਦੇ ਹਨ ਕਿ ਉਹ ਸੱਚਾਈ ਦੀ ਭਾਲ 'ਚ ਇੱਕਜੁੱਟ ਹੋਣ।" ਪਰਮਜੀਤ ਕੌਰ, ਜਿਨ੍ਹਾਂ ਨੇ 1995 'ਚ ਪੁਲਿਸ ਹਿਰਾਸਤ ਦੌਰਾਨ ਆਪਣੇ ਪਤੀ ਦੇ ਕਥਿਤ ਅਗਵਾ ਅਤੇ ਕਤਲ ਤੋਂ ਬਾਅਦ 'ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ' ਦੇ ਬੈਨਰ ਹੇਠ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਕੰਮ ਕੀਤਾ ਹੈ, ਉਨ੍ਹਾਂ ਨੇ ਆਪ੍ਰੇਸ਼ਨ ਬਲੂ ਸਟਾਰ ਅਤੇ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸਿੱਖਾਂ ਖ਼ਿਲਾਫ਼ ਹੋਈ ਹਿੰਸਾ ਦੀਆਂ ਘਟਨਾਵਿਆਂ ਨੂੰ ਵੀ ਯਾਦ ਕੀਤਾ।
ਬਿੱਟੂ ਨੇ ਫ਼ਿਲਮ 'ਤੇ ਚੁੱਕੇ ਸਵਾਲ ਬਿੱਟੂ ਨੇ ਖਾਲੜਾ 'ਤੇ ਬਣੀ ਬਾਇਓਪਿਕ ਫ਼ਿਲਮ 'ਸਤਲੁਜ' 'ਤੇ ਆਪਣੇ ਇਤਰਾਜ਼ਾਂ ਨੂੰ ਮੁੜ ਦੁਹਰਾਉਂਦੇ ਹੋਏ, ਫ਼ਿਲਮ 'ਚ ਦਿਖਾਏ ਗਏ 25,000 ਲੋਕਾਂ ਦੇ ਕਥਿਤ ਤੌਰ 'ਤੇ ਗਾਇਬ ਹੋਣ ਦੇ ਦਾਅਵੇ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਅੰਕੜਾ ਸਿਰਫ਼ ਤਿੰਨ ਸ਼ਮਸ਼ਾਨਘਾਟਾਂ ਦੇ ਡਾਟੇ ਤੋਂ ਕੱਢਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਫ਼ਿਲਮ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਸਾਬਕਾ ਡੀਜੀਪੀ ਕੇਪੀਐਸ ਗਿੱਲ, ਸਿੱਖ ਭਾਈਚਾਰੇ ਅਤੇ ਜਾਨੀ ਨੁਕਸਾਨ ਦੀ ਗਿਣਤੀ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਬਿੱਟੂ ਨੇ ਕਿਹਾ ਕਿ ਫ਼ਿਲਮ ਬਣਾਉਣ ਵਾਲਿਆਂ ਨੂੰ ਉਸ ਦੌਰ ਬਾਰੇ ਬਿਹਤਰ ਖੋਜ (ਰਿਸਰਚ) ਕਰਨੀ ਚਾਹੀਦੀ ਸੀ ਅਤੇ ਸਾਫ਼ ਤੌਰ 'ਤੇ ਇਹ ਦੱਸਣਾ ਚਾਹੀਦਾ ਸੀ ਕਿ ਜਸਵੰਤ ਸਿੰਘ ਖਾਲੜਾ ਦੇ ਗਾਇਬ ਹੋਣ ਸਮੇਂ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਸਨ।