- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਜਲਾ ਨੇ ਅੱਗੇ ਦੱਸਿਆ ਕਿ ਯੂਨੀਅਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੇ ਹਾਂਪੱਖੀ ਪਹੁੰਚ ਅਪਣਾਈ ਅਤੇ ਸੂਬਾ ਕੈਡਰ ਰੱਦ ਕਰਕੇ ਜ਼ਿਲ੍ਹਾ ਕੈਡਰ ਮੁੜ ਬਹਾਲ ਕਰ ਦਿੱਤਾ ਹੈ ਅਤੇ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਅੱਜ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬਾ ਰੈਵੇਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਦੱਸਿਆ ਕਿ ਸਾਲ 2024 ਵਿੱਚ ਸਰਕਾਰ ਨੇ ਪਟਵਾਰੀਆਂ ਦੇ ਰਵਾਇਤੀ ਜ਼ਿਲ੍ਹਾ ਕੈਡਰ ਨੂੰ ਬਦਲ ਕੇ ਸੂਬਾ ਕੈਡਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਥੇਬੰਦਕ ਅਨੁਸ਼ਾਸਨ ਬਣਾਏ ਰੱਖਦਿਆਂ, ਯੂਨੀਅਨ ਨੇ ਸੀਨੀਅਰ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨਾਲ ਸਾਰਥਕ ਵਿਚਾਰ-ਵਟਾਂਦਰਾ ਕੀਤਾ ਸੀ। ਇਸ ਗੱਲਬਾਤ ਦੌਰਾਨ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਸੂਬਾ ਕੈਡਰ ਲਾਗੂ ਹੋਣ ਨਾਲ ਨਵੀਂ ਭਰਤੀ, ਤਰੱਕੀਆਂ ਅਤੇ ਕਾਨੂੰਨੀ ਮਾਮਲਿਆਂ ਨਾਲ ਸਬੰਧਤ ਕਈ ਉਲਝਣਾਂ ਅਤੇ ਕਾਨੂੰਨੀ ਅੜਚਨਾਂ ਪੈਦਾ ਹੋ ਗਈਆਂ ਸਨ।
ਔਜਲਾ ਨੇ ਅੱਗੇ ਦੱਸਿਆ ਕਿ ਯੂਨੀਅਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੇ ਹਾਂਪੱਖੀ ਪਹੁੰਚ ਅਪਣਾਈ ਅਤੇ ਸੂਬਾ ਕੈਡਰ ਰੱਦ ਕਰਕੇ ਜ਼ਿਲ੍ਹਾ ਕੈਡਰ ਮੁੜ ਬਹਾਲ ਕਰ ਦਿੱਤਾ ਹੈ ਅਤੇ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਯੂਨੀਅਨ ਨੇ 1,001 ਨਵੇਂ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਰਕਾਰ ਦੇ ਕਦਮ ਦਾ ਵੀ ਸਵਾਗਤ ਕੀਤਾ। ਇਸ ਮੌਕੇ ਯੂਨੀਅਨ ਨੇ ਮੁੱਖ ਮੰਤਰੀ ਤੋਂ 17 ਜੁਲਾਈ 2020 ਤੋਂ ਬਾਅਦ ਸੇਵਾ ਵਿੱਚ ਆਏ ਨਵੇਂ ਪਟਵਾਰੀਆਂ ਦੀਆਂ ਘੱਟ ਤਨਖਾਹਾਂ ਵਿੱਚ ਤੁਰੰਤ ਵਾਧਾ ਕਰਨ ਦੀ ਪੁਰਜ਼ੋਰ ਮੰਗ ਕੀਤੀ। ਇਸ ਤੋਂ ਇਲਾਵਾ ਮਾਲ ਵਿਭਾਗ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਗੁੰਝਲਦਾਰ ਅਤੇ ਤਕਨੀਕੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦਿਆਂ ਪਟਵਾਰੀਆਂ ਨੂੰ ਢੁਕਵਾਂ ਟੈਕਨੀਕਲ ਸਕੇਲ ਦੇਣ ਦੀ ਮੰਗ ਵੀ ਕੀਤੀ।
ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸੂਬਾ ਰੈਵੇਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਔਜਲਾ ਨਾਲ ਆਲ ਇੰਡੀਆ ਨੁਮਾਇੰਦੇ ਸੁਮਨਦੀਪ ਸਿੰਘ ਭੁੱਲਰ, ਪੰਜਾਬ ਨੁਮਾਇੰਦੇ (ਰੋਪੜ) ਗੁਰਵਿੰਦਰ ਸਿੰਘ, ਪੰਜਾਬ ਨੁਮਾਇੰਦੇ (ਮਾਨਸਾ) ਪ੍ਰਦੀਪ ਸ਼ਰਮਾ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸੌਰਵ ਸ਼ੁਕਲਾ, ਸੰਗਰੂਰ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਸਰਾਓ, ਮਾਨਸਾ ਜ਼ਿਲ੍ਹਾ ਪ੍ਰਧਾਨ ਗੁਣਸ਼ੀਲ ਸਿੰਗਲਾ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਖੰਗੂੜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।