
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

BBMB ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਵਰਤੋਂ ਲੋੜ ਮੁਤਾਬਕ ਕਰਨ ਦੀ ਹਦਾਇਤ ਕੀਤੀ ਹੈ। ਬੋਰਡ ਨੇ 21 ਅਗਸਤ ਨੂੰ ਤਿੰਨੋਂ ਸੂਬਿਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ, ਤਾਂ ਜੋ ਆਉਣ ਵਾਲੇ ਸੁੱਕੇ ਮਹੀਨਿਆਂ ਲਈ ਜਲ ਭੰਡਾਰ ਨੂੰ ਬਚਾਇਆ ਜਾ ਸਕੇ।

ਸਟੇਟ ਬਿਊਰੋ, ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਵਾਰ ਕਮਜ਼ੋਰ ਮਾਨਸੂਨ ਨੇ ਭਾਖੜਾ ਜਲ ਭੰਡਾਰ ਵਿੱਚ ਪਾਣੀ ਦੀ ਆਮਦ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੀ ਵਰਤੋਂ ਲੋੜ ਮੁਤਾਬਕ ਹੀ ਕਰਨ ਦੀ ਹਦਾਇਤ ਕੀਤੀ ਹੈ। ਬੋਰਡ ਨੇ 21 ਅਗਸਤ ਨੂੰ ਤਿੰਨੋਂ ਸੂਬਿਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ, ਤਾਂ ਜੋ ਆਉਣ ਵਾਲੇ ਸੁੱਕੇ ਮਹੀਨਿਆਂ ਲਈ ਜਲ ਭੰਡਾਰ ਨੂੰ ਬਚਾਇਆ ਜਾ ਸਕੇ।
ਬੀਤੇ ਸੋਮਵਾਰ ਤਕ ਭਾਖੜਾ ਡੈਮ ਦੇ ਗੋਬਿੰਦ ਸਾਗਰ ਜਲ ਭੰਡਾਰ ਦਾ ਜਲ ਪੱਧਰ 1634 ਫੁੱਟ ਰਿਹਾ। ਇਹ ਔਸਤ ਪੱਧਰ ਤੋਂ ਕਰੀਬ 25 ਫੁੱਟ ਅਤੇ ਪੂਰਨ ਜਲ ਭਰਾਅ ਪੱਧਰ 1680 ਫੁੱਟ ਤੋਂ 46 ਫੁੱਟ ਘੱਟ ਹੈ। BBMB ਦੇ ਚੇਅਰਮੈਨ ਮਨੋਜ ਤ੍ਰਿਪਾਠੀ ਮੁਤਾਬਕ ਇਸ ਸਮੇਂ ਤੱਕ ਜਲ ਪੱਧਰ ਕਰੀਬ 1660 ਫੁੱਟ ਦੇ ਆਸ-ਪਾਸ ਪਹੁੰਚ ਜਾਂਦਾ ਸੀ, ਪਰ ਇਸ ਵਾਰ ਸਥਿਤੀ ਕਾਫ਼ੀ ਪਿੱਛੇ ਹੈ।
ਭਾਖੜਾ 'ਚ ਇਸ ਸਮੇਂ ਪਾਣੀ ਦੀ ਵੱਧ ਤੋਂ ਵੱਧ ਆਮਦ ਕਰੀਬ 42,000 ਕਿਊਸਿਕ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਇਕ ਲੱਖ ਕਿਊਸਿਕ ਤੋਂ ਵੱਧ ਸੀ। ਯਾਨੀ ਇਸ ਵਾਰ ਪਾਣੀ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਹੈ। ਇਸ ਦੇ ਬਾਵਜੂਦ ਤਿੰਨੋਂ ਸੂਬੇ ਵੱਡੀ ਮਾਤਰਾ 'ਚ ਪਾਣੀ ਲੈ ਰਹੇ ਹਨ। ਬੋਰਡ ਦੇ ਅੰਕੜਿਆਂ ਮੁਤਾਬਕ ਪੰਜਾਬ ਕਰੀਬ 17,000 ਕਿਊਸਿਕ, ਰਾਜਸਥਾਨ 13,000 ਤੋਂ 14,000 ਕਿਊਸਿਕ ਤੇ ਹਰਿਆਣਾ ਕਰੀਬ 8,600 ਕਿਊਸਿਕ ਪਾਣੀ ਲੈ ਰਿਹਾ ਹੈ। ਤਿੰਨੋਂ ਸੂਬਿਆਂ ਦੀ ਕੁੱਲ ਨਿਕਾਸੀ ਕਰੀਬ 39,000 ਕਿਊਸਿਕ ਹੈ।
ਇਸ ਨਾਲ ਜਲ ਭੰਡਾਰ ਵਿਚ ਪਾਣੀ ਬਚਾਉਣ ਦੀ ਗੁੰਜਾਇਸ਼ ਕਾਫ਼ੀ ਘੱਟ ਰਹਿ ਗਈ ਹੈ। BBMB ਮੁਤਾਬਕ ਭਰਾਅ ਦਾ ਦੌਰ 20 ਸਤੰਬਰ ਤੱਕ ਚੱਲੇਗਾ। ਇਸ ਤੋਂ ਬਾਅਦ 21 ਸਤੰਬਰ ਤੋਂ ਜਲ ਭੰਡਾਰਾਂ ਵਿੱਚ ਜਮ੍ਹਾਂ ਪਾਣੀ ਮੰਗ ਦੇ ਅਨੁਸਾਰ ਛੱਡਿਆ ਜਾਵੇਗਾ।
ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਫਿਲਹਾਲ ਮੀਂਹ ਦੀ ਭਵਿੱਖਬਾਣੀ ਵੀ ਜ਼ਿਆਦਾ ਉਤਸ਼ਾਹਜਨਕ ਨਹੀਂ ਹੈ। ਇਸ ਲਈ ਜਲ ਭੰਡਾਰਾਂ ਦੇ ਜਲ ਪੱਧਰ ਵਿੱਚ ਵੱਡੇ ਵਾਧੇ ਦੀ ਸੰਭਾਵਨਾ ਘੱਟ ਹੈ।
ਪੌਂਗ ਡੈਮ ਜਲ ਭੰਡਾਰ ਦੀ ਸਥਿਤੀ ਵੀ ਭਾਖੜਾ ਵਰਗੀ ਹੀ ਹੈ। ਇੱਥੇ ਜਲ ਪੱਧਰ 1365 ਫੁੱਟ ਹੈ, ਜੋ ਪੂਰਨ ਜਲ ਭਰਾਅ ਪੱਧਰ ਤੋਂ ਕਰੀਬ 25 ਫੁੱਟ ਘੱਟ ਹੈ। ਸਤੰਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਤਕਨੀਕੀ ਕਮੇਟੀ ਦੀ ਮੀਟਿੰਗ 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਪਿਛਲੇ ਸਾਲ ਮੌਨਸੂਨ ਦੌਰਾਨ ਭਾਖੜਾ ਜਲ ਭੰਡਾਰ 'ਚ ਪਾਣੀ ਦੀ ਆਮਦ ਇਕ ਲੱਖ ਕਿਊਸਿਕ ਤੋਂ ਵੱਧ ਪਹੁੰਚ ਗਈ ਸੀ। ਇਸ ਨਾਲ ਜਲ ਪੱਧਰ ਤੇਜ਼ੀ ਨਾਲ ਵਧਿਆ ਅਤੇ 5 ਸਤੰਬਰ ਨੂੰ ਇਹ 1680 ਫੁੱਟ ਦੇ ਵੱਧ ਤੋਂ ਵੱਧ ਪੱਧਰ ਤਕ ਪਹੁੰਚ ਗਿਆ ਸੀ। 19 ਅਗਸਤ ਨੂੰ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਨੂੰ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਕਮਜ਼ੋਰ ਮੌਨਸੂਨ ਕਾਰਨ ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਅਜਿਹੇ ਵਿੱਚ BBMB ਦੀ ਚਿੰਤਾ ਹੁਣ ਆਉਣ ਵਾਲੇ ਸੁੱਕੇ ਮਹੀਨਿਆਂ ਲਈ ਲੋੜੀਂਦਾ ਪਾਣੀ ਬਚਾਉਣ ਨੂੰ ਲੈ ਕੇ ਹੈ।