- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਪਣੀਆਂ 47 ਸੀਟਾਂ ਦੀ ਮੰਗ ਦੇ ਹੱਕ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਲਾਵਾ ਗਠਜੋੜ ਟੁੱਟਣ ਮਗਰੋਂ ਮਜ਼ਬੂਤ ਹੋਏ ਸੰਗਠਨ, ਆਬਾਦੀ ਦੇ ਢਾਂਚੇ ਅਤੇ ਸਮਾਜਿਕ ਬਦਲਾਅ ਦਾ ਹਵਾਲਾ ਦੇ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਅਰਧ-ਸ਼ਹਿਰੀ ਇਲਾਕਿਆਂ ਵਿੱਚ ਉਸ ਦੀ ਪਕੜ ਵਧੀ ਹੈ। ਸਥਾਨਕ ਚੋਣਾਂ ਵਿੱਚ ਵੀ ਉਸ ਨੂੰ ਪੇਂਡੂ ਵੋਟਰਾਂ ਦਾ ਸਮਰਥਨ ਮਿਲਿਆ ਸੀ।

ਰਮਨਜੀਤ ਸਿੰਘ ਮਣਕੂ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਰਾਹ ਵਿੱਚ ਸੀਟਾਂ ਦੀ ਵੰਡ ਅੜਿੱਕਾ ਬਣ ਗਈ ਹੈ। ਭਾਵੇਂ ਭਾਜਪਾ ਗਠਜੋੜ ਵਿੱਚ ਵੱਡੇ ਭਰਾ ਦੀ ਭੂਮਿਕਾ ਦਾ ਦਾਅਵਾ ਨਹੀਂ ਕਰ ਰਹੀ, ਪਰ ਸ਼ਹਿਰੀ ਤੇ ਅਰਧ-ਸ਼ਹਿਰੀ ਸੀਟਾਂ ਸਬੰਧੀ ਉਸ ਦੀ ਸੂਚੀ ਨੇ ਅਕਾਲੀ ਦਲ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਵਿੱਚ ਕਈ ਅਜਿਹੇ ਹਲਕੇ ਹਨ, ਜਿੱਥੇ ਅਕਾਲੀ ਦਲ ਦਾ ਮਜ਼ਬੂਤ ਆਧਾਰ ਰਿਹਾ ਹੈ ਅਤੇ ਉਹ ਜਿੱਤਾਂ ਵੀ ਦਰਜ ਕਰਦਾ ਰਿਹਾ ਹੈ।
ਭਾਜਪਾ ਆਪਣੀਆਂ 47 ਸੀਟਾਂ ਦੀ ਮੰਗ ਦੇ ਹੱਕ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਲਾਵਾ ਗਠਜੋੜ ਟੁੱਟਣ ਮਗਰੋਂ ਮਜ਼ਬੂਤ ਹੋਏ ਸੰਗਠਨ, ਆਬਾਦੀ ਦੇ ਢਾਂਚੇ ਅਤੇ ਸਮਾਜਿਕ ਬਦਲਾਅ ਦਾ ਹਵਾਲਾ ਦੇ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਅਰਧ-ਸ਼ਹਿਰੀ ਇਲਾਕਿਆਂ ਵਿੱਚ ਉਸ ਦੀ ਪਕੜ ਵਧੀ ਹੈ। ਸਥਾਨਕ ਚੋਣਾਂ ਵਿੱਚ ਵੀ ਉਸ ਨੂੰ ਪੇਂਡੂ ਵੋਟਰਾਂ ਦਾ ਸਮਰਥਨ ਮਿਲਿਆ ਸੀ। ਭਾਜਪਾ 34 ਰਾਖਵੀਆਂ ਸੀਟਾਂ ਵਿੱਚੋਂ ਵੀ ਵੱਡਾ ਹਿੱਸਾ ਚਾਹੁੰਦੀ ਹੈ। ਮਾਝਾ ਅਤੇ ਦੁਆਬਾ ਖੇਤਰਾਂ ’ਤੇ ਉਸ ਦਾ ਖ਼ਾਸ ਧਿਆਨ ਹੈ।
ਭਾਜਪਾ ਲੀਡਰਸ਼ਿਪ ਮੁਤਾਬਕ ਅਰਧ-ਸ਼ਹਿਰੀ ਇਲਾਕਿਆਂ ਵਿੱਚ ਵਪਾਰੀ, ਦੁਕਾਨਦਾਰ, ਮੱਧ ਵਰਗੀ ਪਰਿਵਾਰ, ਮੁਲਾਜ਼ਮ ਅਤੇ ਨੇੜਲੇ ਪਿੰਡਾਂ ਦੇ ਕਿਸਾਨ ਵੋਟਰ ਇਕੱਠੇ ਵਸਦੇ ਹਨ। ਅਕਾਲੀ ਦਲ ਨਾਲ ਗਠਜੋੜ ਹੋਣ ’ਤੇ ਪੰਥਕ ਤੇ ਪੇਂਡੂ ਵਰਗਾਂ, ਖ਼ਾਸ ਕਰਕੇ ਕਿਸਾਨਾਂ ਦਾ ਸਮਰਥਨ ਵੀ ਮਿਲ ਸਕਦਾ ਹੈ। ਪਾਰਟੀ ਦਾ ਦਾਅਵਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦਾ ਵੋਟ ਹਿੱਸਾ 9.63 ਤੋਂ ਵਧ ਕੇ 18.56 ਫ਼ੀਸਦੀ ਹੋ ਗਿਆ ਸੀ। ਕਈ ਅਰਧ-ਸ਼ਹਿਰੀ ਹਲਕਿਆਂ ਵਿੱਚ ਉਹ ਇਕੱਲਿਆਂ ਹੀ ਅਕਾਲੀ ਦਲ ਤੋਂ ਅੱਗੇ ਰਹੀ। ਇਸੇ ਆਧਾਰ ’ਤੇ ਉਹ ਪੁਰਾਣੀਆਂ ਸੀਟਾਂ ਦੇ ਨਾਲ ਉਨ੍ਹਾਂ ਹਲਕਿਆਂ ’ਤੇ ਵੀ ਦਾਅਵਾ ਕਰ ਰਹੀ ਹੈ, ਜਿੱਥੇ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ।
ਭਾਜਪਾ ਦੇ ਸਰਵੇਖਣ ਮੁਤਾਬਕ 2022 ਵਿੱਚ ਆਮ ਆਦਮੀ ਪਾਰਟੀ ਨੇ ਕੁਝ ਅਰਧ-ਸ਼ਹਿਰੀ ਹਲਕਿਆਂ ਵਿੱਚ ਜਿੱਤ ਦਰਜ ਕੀਤੀ ਸੀ, ਪਰ ਅਕਾਲੀ-ਭਾਜਪਾ ਗਠਜੋੜ ਹੁੰਦਾ ਤਾਂ ਉੱਥੇ ਜਿੱਤ ਸੰਭਵ ਸੀ। ਸ਼ਹਿਰੀ ਵੋਟਰਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਭਾਜਪਾ ਇਨ੍ਹਾਂ ਸੀਟਾਂ ’ਤੇ ਆਪਣਾ ਚੋਣ ਨਿਸ਼ਾਨ ਚਾਹੁੰਦੀ ਹੈ, ਤਾਂ ਜੋ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਲਾਹਾ ਲੈ ਸਕੇ।
ਸੂਤਰਾਂ ਅਨੁਸਾਰ ਭਾਜਪਾ ਦੀ 47 ਸੀਟਾਂ ਦੀ ਸੂਚੀ ਵਿੱਚ ਡੇਰਾਬੱਸੀ, ਮੋਹਾਲੀ, ਖਰੜ, ਪਟਿਆਲਾ ਦਿਹਾਤੀ, ਸੁਨਾਮ, ਸੰਗਰੂਰ, ਮਾਨਸਾ, ਮੋਗਾ, ਬਠਿੰਡਾ ਸ਼ਹਿਰੀ, ਬੱਲੂਆਣਾ, ਗੁਰੂ ਹਰਸਹਾਇ, ਪਾਇਲ, ਸਾਹਨੇਵਾਲ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਬਟਾਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਹਲਕਿਆਂ ’ਤੇ ਅਕਾਲੀ ਦਲ ਦਾ ਵੀ ਮਜ਼ਬੂਤ ਆਧਾਰ ਰਿਹਾ ਹੈ। ਅਕਾਲੀ ਦਲ ਦਾ ਤਰਕ ਹੈ ਕਿ ਪੇਂਡੂ ਹਲਕਿਆਂ ਵਿੱਚ ਉਸ ਦੇ ਉਮੀਦਵਾਰ ਹੋਣ ਨਾਲ ਗਠਜੋੜ ਨੂੰ ਵੱਧ ਫ਼ਾਇਦਾ ਹੋਵੇਗਾ। ਪਾਰਟੀ ਨੇ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਪਿੰਡਾਂ ਵਿੱਚ ਵਿਆਪਕ ਸੰਪਰਕ ਮੁਹਿੰਮਾਂ ਚਲਾਈਆਂ ਹਨ। ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਜਾਰੀ ਹੈ। ਗਠਜੋੜ ਬਾਰੇ ਆਖ਼ਰੀ ਤਸਵੀਰ ਐਲਾਨ ਤੋਂ ਬਾਅਦ ਹੀ ਸਾਫ਼ ਹੋਵੇਗੀ, ਪਰ ਸੀਟਾਂ ਦੀ ਵੰਡ ਵਿੱਚ ਸ਼ਹਿਰੀ ਤੇ ਅਰਧ-ਸ਼ਹਿਰੀ ਹਲਕਿਆਂ ਦੀ ਅਹਿਮ ਭੂਮਿਕਾ ਰਹੇਗੀ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ ਹਲਕਿਆਂ ’ਤੇ ਦਿੱਤੀ ਸੀ ਸਖ਼ਤ ਟੱਕਰ
ਵਿਧਾਨ ਸਭਾ ਹਲਕਿਆਂ ਦੇ ਹਿਸਾਬ ਨਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ 37, ਆਮ ਆਦਮੀ ਪਾਰਟੀ 33, ਭਾਜਪਾ 23 ਅਤੇ ਅਕਾਲੀ ਦਲ 9 ਹਲਕਿਆਂ ਵਿੱਚ ਅੱਗੇ ਰਿਹਾ ਸੀ। ਭਾਜਪਾ ਨੂੰ ਲੋਕ ਸਭਾ ਦੀ ਇਕ ਵੀ ਸੀਟ ਨਹੀਂ ਮਿਲੀ, ਪਰ ਉਸ ਦੇ ਉਮੀਦਵਾਰਾਂ ਨੇ ਮਾਝਾ ਖੇਤਰ ਦੇ ਸੁਜਾਨਪੁਰ, ਭੋਆ, ਪਠਾਨਕੋਟ ਅਤੇ ਅੰਮ੍ਰਿਤਸਰ ਉੱਤਰੀ, ਕੇਂਦਰੀ ਤੇ ਪੂਰਬੀ ਹਲਕਿਆਂ ਵਿੱਚ ਬੜ੍ਹਤ ਹਾਸਲ ਕੀਤੀ ਸੀ। ਦੁਆਬਾ ਵਿੱਚ ਦਸੂਹਾ, ਮੁਕੇਰੀਆਂ, ਜਲੰਧਰ ਕੇਂਦਰੀ ਤੇ ਉੱਤਰੀ ਅਤੇ ਹੁਸ਼ਿਆਰਪੁਰ ਵਿੱਚ ਉਸ ਨੂੰ ਬੜ੍ਹਤ ਮਿਲੀ। ਇਸੇ ਤਰ੍ਹਾਂ ਮਾਲਵਾ ਖੇਤਰ ਦੇ ਲੁਧਿਆਣਾ ਪੂਰਬੀ, ਦੱਖਣੀ, ਕੇਂਦਰੀ, ਪੱਛਮੀ ਤੇ ਉੱਤਰੀ, ਫ਼ਿਰੋਜ਼ਪੁਰ ਸ਼ਹਿਰੀ, ਬੱਲੂਆਣਾ, ਬਠਿੰਡਾ ਸ਼ਹਿਰੀ, ਰਾਜਪੁਰਾ, ਡੇਰਾਬੱਸੀ, ਪਟਿਆਲਾ ਅਤੇ ਅਬੋਹਰ ਵਿੱਚ ਵੀ ਭਾਜਪਾ ਅੱਗੇ ਰਹੀ ਸੀ।