- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2026 ਵਿੱਚ ਵੀ ਇਹ ਰੁਝਾਨ ਜਾਰੀ ਹੈ ਅਤੇ ਜੁਲਾਈ ਤੱਕ 14 ਹਜ਼ਾਰ ਤੋਂ ਵੱਧ ਲੋਕ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋ ਚੁੱਕੇ ਹਨ। ਦਾਖ਼ਲਿਆਂ ਵਿੱਚ ਇਹ ਵਾਧਾ ਮਾਰਚ 2025 ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਨੂੰ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਲਾਜ ਪ੍ਰਤੀ ਵਧ ਰਹੇ ਭਰੋਸੇ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਰਮਿਆਨ ਸਰਕਾਰੀ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ 2024 ਦੌਰਾਨ 9,577 ਦਾਖ਼ਲੇ ਹੋਏ ਸਨ, ਜੋ 2025 ਵਿੱਚ ਵਧ ਕੇ 25,290 ਹੋ ਗਏ। ਇਸ ਤਰ੍ਹਾਂ ਇੱਕ ਸਾਲ ਵਿੱਚ 164 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਾਲ 2026 ਵਿੱਚ ਵੀ ਇਹ ਰੁਝਾਨ ਜਾਰੀ ਹੈ ਅਤੇ ਜੁਲਾਈ ਤੱਕ 14 ਹਜ਼ਾਰ ਤੋਂ ਵੱਧ ਲੋਕ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋ ਚੁੱਕੇ ਹਨ। ਦਾਖ਼ਲਿਆਂ ਵਿੱਚ ਇਹ ਵਾਧਾ ਮਾਰਚ 2025 ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਨੂੰ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਲਾਜ ਪ੍ਰਤੀ ਵਧ ਰਹੇ ਭਰੋਸੇ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਹੁਣ ਪਰਿਵਾਰ ਨਸ਼ੇ ਦੀ ਸਮੱਸਿਆ ਨੂੰ ਲੁਕਾਉਣ ਦੀ ਬਜਾਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਸਥਾਗਤ ਇਲਾਜ ਦਿਵਾਉਣ ਲਈ ਅੱਗੇ ਆ ਰਹੇ ਹਨ।
ਪੁਨਰਵਾਸ ਕੇਂਦਰਾਂ ਵਿੱਚ ਵੀ ਵਧੀ ਗਿਣਤੀ
ਸਰਕਾਰੀ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲਿਆਂ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। 2024 ਵਿੱਚ ਇੱਥੇ 2,644 ਲੋਕ ਦਾਖ਼ਲ ਹੋਏ ਸਨ, ਜਦਕਿ 2025 ਵਿੱਚ ਇਹ ਗਿਣਤੀ ਵਧ ਕੇ 8,574 ਹੋ ਗਈ। ਇਸ ਤਰ੍ਹਾਂ ਇੱਕ ਸਾਲ ਵਿੱਚ 224 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ।
ਜੁਲਾਈ 2026 ਤੱਕ ਹੀ 5,800 ਤੋਂ ਵੱਧ ਲੋਕ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲ ਹੋ ਚੁੱਕੇ ਹਨ, ਜੋ 2025 ਵਿੱਚ ਦਰਜ ਕੁੱਲ ਦਾਖ਼ਲਿਆਂ ਦਾ ਲਗਭਗ 68 ਫੀਸਦੀ ਹੈ।
ਓਓਏਟੀ ਕਲੀਨਿਕਾਂ ਵਿੱਚ ਵੀ ਵਧੇ ਨਵੇਂ ਮਰੀਜ਼
ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਲਈ ਪੰਜਾਬ ਵਿੱਚ ਚੱਲ ਰਹੇ ਆਊਟਪੇਸ਼ੈਂਟ ਓਪਿਓਇਡ ਅਸਿਸਟਡ ਟ੍ਰੀਟਮੈਂਟ (OOAT) ਕਲੀਨਿਕਾਂ ਵਿੱਚ ਵੀ ਨਵੇਂ ਮਰੀਜ਼ਾਂ ਦੀ ਗਿਣਤੀ ਵਧੀ ਹੈ।
2024 ਵਿੱਚ 13,033 ਨਵੇਂ ਰਜਿਸਟ੍ਰੇਸ਼ਨ ਹੋਏ ਸਨ, ਜੋ 2025 ਵਿੱਚ ਵਧ ਕੇ 17,702 ਹੋ ਗਏ। ਇਸ ਸਾਲ ਅਗਸਤ ਤੱਕ 12,500 ਤੋਂ ਵੱਧ ਨਵੇਂ ਮਰੀਜ਼ ਇਨ੍ਹਾਂ ਕਲੀਨਿਕਾਂ ਵਿੱਚ ਰਜਿਸਟਰ ਹੋ ਚੁੱਕੇ ਹਨ।
11 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੀ ਕਾਨੂੰਨੀ ਰਾਹਤ
ਸਰਕਾਰ ਨੇ ਨਸ਼ੀਲੇ ਪਦਾਰਥਾਂ ਅਤੇ ਮਨੋ-ਪ੍ਰਭਾਵੀ ਪਦਾਰਥ ਐਕਟ ਦੀ ਧਾਰਾ 64ਏ ਤਹਿਤ ਵੀ 27 ਅਗਸਤ 2026 ਤੱਕ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਾਨੂੰਨੀ ਰਾਹਤ ਦਿੱਤੀ ਹੈ।
ਇਹ ਵਿਵਸਥਾ ਨਸ਼ੇ ਦੀ ਲਤ ਤੋਂ ਪੀੜਤ ਜਾਂ ਨਸ਼ੇ ਦੀ ਵਰਤੋਂ/ਕਬਜ਼ੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਇਲਾਜ ਵੱਲ ਅੱਗੇ ਵਧਣ ’ਤੇ ਕਾਨੂੰਨੀ ਰਾਹਤ ਪ੍ਰਦਾਨ ਕਰਦੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਵਿੱਚ ਵਧ ਰਹੇ ਦਾਖ਼ਲੇ ਮੁਹਿੰਮ ਲਈ ਉਤਸ਼ਾਹਜਨਕ ਸੰਕੇਤ ਹਨ। ਪਰਿਵਾਰ ਸੰਸਥਾਗਤ ਮਦਦ ਲੈ ਰਹੇ ਹਨ ਅਤੇ ਇਲਾਜ ਦੀ ਵਿਵਸਥਾ ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਰਹੀ ਹੈ, ਜੋ ਪਹਿਲਾਂ ਰਸਮੀ ਇਲਾਜ ਪ੍ਰਣਾਲੀ ਤੋਂ ਬਾਹਰ ਰਹਿ ਜਾਂਦੇ ਸਨ।
ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਿੰਨ ਮੁੱਖ ਆਧਾਰ ਹਨ—ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ, ਪ੍ਰਭਾਵਿਤ ਲੋਕਾਂ ਦਾ ਇਲਾਜ ਅਤੇ ਪੁਨਰਵਾਸ, ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੋਕਥਾਮ।
ਸਰਕਾਰ ਦਾ ਟੀਚਾ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਲੋਕਾਂ ਨੂੰ ਮੁੜ ਆਮ ਜ਼ਿੰਦਗੀ ਵਿੱਚ ਲਿਆਉਣਾ ਅਤੇ ਪਰਿਵਾਰਾਂ ਨੂੰ ਦੁਬਾਰਾ ਜੋੜਨਾ ਹੈ।