ਪੜ੍ਹਨ ਗਈਆਂ ਦੋ ਵਿਦਿਆਰਥਣਾਂ ਰਹੱਸਮਈ ਹਾਲਾਤ ’ਚ ਗਾਇਬ, ਅਗਵਾ ਦਾ ਮਾਮਲਾ ਦਰਜ, ਇਲਾਕੇ ’ਚ ਸਨਸਨੀ
ਸਥਾਨਕ ਸਰਕਾਰੀ ਕਾਲਜ ’ਚ ਪੜ੍ਹਨ ਗਈਆਂ ਦੋ ਸਹੇਲੀਆਂ ਦੇ ਭੇਦਭਰੇ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆਂ ਦੇ ਘਰ ਵਾਪਸ ਨਾ ਪਰਤਣ ’ਤੇ ਪਰਿਵਾਰ ਵੱਲੋਂ ਜਤਾਏ ਖ਼ਦਸ਼ੇ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 11 Jul 2026 12:52 PM (IST)
Updated Date: Sat, 11 Jul 2026 12:55 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਸਥਾਨਕ ਸਰਕਾਰੀ ਕਾਲਜ ’ਚ ਪੜ੍ਹਨ ਗਈਆਂ ਦੋ ਸਹੇਲੀਆਂ ਦੇ ਭੇਦਭਰੇ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆਂ ਦੇ ਘਰ ਵਾਪਸ ਨਾ ਪਰਤਣ ’ਤੇ ਪਰਿਵਾਰ ਵੱਲੋਂ ਜਤਾਏ ਖ਼ਦਸ਼ੇ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਭੈ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੋਨੂੰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਅਮਲਾਲਾ ਡੇਰਾਬੱਸੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਲੰਘੀ 8 ਜੁਲਾਈ ਦੀ ਸਵੇਰ ਨੂੰ ਉਸ ਦੀ 18 ਸਾਲਾ ਧੀ ਮੁਸਕਾਨ ਆਪਣੀ ਸਹੇਲੀ ਪੂਨਮ (19) ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਚੰਡਿਆਲਾ ਨਾਲ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਗਈ ਸੀ।
ਦੇਰ ਸ਼ਾਮ ਤੱਕ ਵੀ ਜਦੋਂ ਦੋਵੇਂ ਕੁੜੀਆਂ ਘਰ ਵਾਪਸ ਨਹੀਂ ਪਰਤੀਆਂ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ’ਤੇ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਲੜਕੀ ਦੇ ਪਿਤਾ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਕਿਸੇ ਨਾ-ਮਾਲੂਮ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਉਨ੍ਹਾਂ ਦੀਆਂ ਲੜਕੀਆਂ ਨੂੰ ਬਹਿਲਾ-ਫੁਸਲਾ ਕੇ ਜਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾ ਕੇ ਛੁਪਾ ਕੇ ਰੱਖਿਆ ਗਿਆ ਹੈ।
ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀਆਂ ਦੀ ਭਾਲ ਲਈ ਆਸ-ਪਾਸ ਦੇ ਇਲਾਕੇ ਅਤੇ ਕਾਲਜ ਦੇ ਰੂਟ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਦੋਵਾਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।