ਚੰਡੀਗੜ੍ਹ DAV ਕਾਲਜ ਦੇ ਤਿੰਨ ਪ੍ਰੋਫੈਸਰਾਂ ਦੀਆਂ ਡਿਗਰੀਆਂ ਮਿਲੀਆਂ ਫਰਜ਼ੀ; ਪ੍ਰਬੰਧਕਾਂ ਨੇ ਲਿਆ ਐਕਸ਼ਨ, ਸੇਵਾਵਾਂ ਕੀਤੀਆਂ ਖ਼ਤਮ ਸੈਕਟਰ-10 ਸਥਿਤ DAV ਕਾਲਜ ਦੀ ਗਵਰਨਿੰਗ ਬਾਡੀ ਨੇ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਨਦੀਪ ਜੋਸਨ ਸਮੇਤ ਤਿੰਨ ਪ੍ਰੋਫੈਸਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਇਨ੍ਹਾਂ ਤਿੰਨਾਂ ਦੀਆਂ ਡਿਗਰੀਆਂ ਫਰਜ਼ੀ ਮਿਲਣ 'ਤੇ ਪ੍ਰਬੰਧਕਾਂ ਨੇ ਇਹ ਐਕਸ਼ਨ ਲਿਆ ਹੈ। ਕਾਲਜ ਪ੍ਰਬੰਧਕਾਂ ਅਨੁਸਾਰ ਮਨਦੀਪ ਖ਼ਿਲਾਫ਼ ਕਾਰਵਾਈ ਪੰਜਾਬ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਦੀ ਪ੍ਰਵਾਨਗੀ ਵਾਪਸ ਲੈਣ ਅਤੇ ਸੀਐਮਜੇ ਯੂਨੀਵਰਸਿਟੀ, ਸ਼ਿਲਾਂਗ ਦੀਆਂ ਪੀਐਚਡੀ ਡਿਗਰੀਆਂ ਨੂੰ ਅਮਾਨਤਾ ਪ੍ਰਦਾਨ ਕਰਨ ਸੰਬੰਧੀ ਨਿਆਂਇਕ ਅਤੇ ਕਾਨੂੰਨੀ ਫੈਸਲਿਆਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ।
Publish Date: Tue, 07 Jul 2026 12:58 PM (IST)
Updated Date: Tue, 07 Jul 2026 01:01 PM (IST)
ਜਾਗਰਣ ਪ੍ਰਤੀਨਿਧ, ਚੰਡੀਗੜ੍ਹ - ਸੈਕਟਰ-10 ਸਥਿਤ DAV ਕਾਲਜ ਦੀ ਗਵਰਨਿੰਗ ਬਾਡੀ ਨੇ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਨਦੀਪ ਜੋਸਨ ਸਮੇਤ ਤਿੰਨ ਪ੍ਰੋਫੈਸਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਇਨ੍ਹਾਂ ਤਿੰਨਾਂ ਦੀਆਂ ਡਿਗਰੀਆਂ ਫਰਜ਼ੀ ਮਿਲਣ 'ਤੇ ਪ੍ਰਬੰਧਕਾਂ ਨੇ ਇਹ ਐਕਸ਼ਨ ਲਿਆ ਹੈ। ਕਾਲਜ ਪ੍ਰਬੰਧਕਾਂ ਅਨੁਸਾਰ ਮਨਦੀਪ ਖ਼ਿਲਾਫ਼ ਕਾਰਵਾਈ ਪੰਜਾਬ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਦੀ ਪ੍ਰਵਾਨਗੀ ਵਾਪਸ ਲੈਣ ਅਤੇ ਸੀਐਮਜੇ ਯੂਨੀਵਰਸਿਟੀ, ਸ਼ਿਲਾਂਗ ਦੀਆਂ ਪੀਐਚਡੀ ਡਿਗਰੀਆਂ ਨੂੰ ਅਮਾਨਤਾ ਪ੍ਰਦਾਨ ਕਰਨ ਸੰਬੰਧੀ ਨਿਆਂਇਕ ਅਤੇ ਕਾਨੂੰਨੀ ਫੈਸਲਿਆਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ।
ਮਨਦੀਪ ਜੋਸਨ ਕਰੀਬ 13 ਸਾਲਾਂ ਤੋਂ ਕਾਲਜ 'ਚ ਕੰਮ ਕਰ ਰਹੇ ਸਨ। ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਅਜੇ ਸੂਰੀ ਵੱਲੋਂ ਜਾਰੀ ਹੁਕਮਾਂ 'ਚ ਕਾਰਜਕਾਰੀ ਪ੍ਰਿੰਸੀਪਲ ਡਾ. ਮੋਨਾ ਨਾਰੰਗ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਲ 2013 'ਚ ਮੇਘਾਲਿਆ ਦੇ ਰਾਜਪਾਲ ਨੇ ਸੀਐਮਜੇ ਯੂਨੀਵਰਸਿਟੀ ਦੀਆਂ ਡਿਗਰੀਆਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਨੇ ਵੀ ਇਹਨਾਂ ਡਿਗਰੀਆਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਵੀ ਇਸ ਸਬੰਧਿਤ ਮਾਮਲੇ 'ਚ ਫੈਸਲਾ ਸੁਣਾਇਆ ਸੀ।
ਦੂਜੇ ਪਾਸੇ, ਪ੍ਰਬੰਧਕਾਂ ਨੇ 3 ਜੁਲਾਈ ਨੂੰ ਸ਼ਾਲਿਕਾ ਰਾਣੀ ਅਤੇ ਵਿਨੋਦ ਕੁਮਾਰ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ। ਪ੍ਰਬੰਧਕਾਂ ਮੁਤਾਬਕ ਇਨ੍ਹਾਂ ਦੀਆਂ ਨਿਯੁਕਤੀਆਂ ਵੀ ਸੀਐਮਜੇ ਯੂਨੀਵਰਸਿਟੀ ਦੀਆਂ ਅਮਾਨ ਪੀਐਚਡੀ ਡਿਗਰੀਆਂ ਦੇ ਅਧਾਰ 'ਤੇ ਹੋਈਆਂ ਸਨ।
ਆਰਟੀਆਈ ਕਾਰਕੁਨ ਨੇ ਕੀਤੀ ਅਗਲੀ ਕਾਰਵਾਈ ਦੀ ਮੰਗ
ਆਰਟੀਆਈ ਕਾਰਕੁਨ ਡਾ. ਰਾਜਿੰਦਰ ਕੇ. ਸਿੰਗਲਾ ਨੇ ਕਿਹਾ ਕਿ ਸਿਰਫ਼ ਸੇਵਾਵਾਂ ਖ਼ਤਮ ਕਰਨਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ 'ਚ ਕਥਿਤ ਰੂਪ 'ਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਿਵਲ, ਅਪਰਾਧਿਕ ਅਤੇ ਵਿਭਾਗੀ ਕਾਰਵਾਈ ਕਰਨ ਅਤੇ ਫਰਜ਼ੀ ਡਿਗਰੀਆਂ ਦੇ ਅਧਾਰ 'ਤੇ ਸਾਲਾਂ ਤੱਕ ਦਿੱਤੀ ਗਈ ਤਨਖ਼ਾਹ ਅਤੇ ਹੋਰ ਸਰਕਾਰੀ ਫੰਡਾਂ ਦੀ ਵਸੂਲੀ ਕਰਨ ਦੀ ਵੀ ਮੰਗ ਕੀਤੀ।