'ਆਪ' ਨਾਲ ਹੋਵੇਗੀ ਸਿੱਧੀ ਟੱਕਰ! ਬਘੇਲ ਦਾ ਵੱਡਾ ਦਾਅਵਾ- 2027 'ਚ ਰਾਹੁਲ ਗਾਂਧੀ ਦੇ ਨਾਂ 'ਤੇ ਲੜੀ ਜਾਵੇਗੀ ਪੰਜਾਬ ਦੀ ਚੋਣ, ਵੜਿੰਗ ਦੀ ਪ੍ਰਧਾਨਗੀ 'ਤੇ ਲੱਗਿਆ ਵਿਰਾਮ
ਕਾਂਗਰਸ ਨੇ 2027 ਦੀ ਪੰਜਾਬ ਵਿਧਾਨ ਸਭਾ ਚੋਣ ਲਈ ਰਾਹੁਲ ਗਾਂਧੀ ਨੂੰ ਮੁੱਖ ਚੋਣ ਚਿਹਰਾ ਬਣਾਉਣ ਦੇ ਸੰਕੇਤ ਦਿੱਤੇ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੋਣ ਲੜੇਗੀ ਅਤੇ ਉਸ ਦੀ ਸਿੱਧੀ ਟੱਕਰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਵਿੱਚ ਮੁਕਾਬਲੇ ਵਿੱਚ ਨਹੀਂ ਹੈ।
Publish Date: Tue, 14 Jul 2026 10:37 AM (IST)
Updated Date: Tue, 14 Jul 2026 10:38 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਕਾਂਗਰਸ ਨੇ 2027 ਦੀ ਪੰਜਾਬ ਵਿਧਾਨ ਸਭਾ ਚੋਣ ਲਈ ਰਾਹੁਲ ਗਾਂਧੀ ਨੂੰ ਮੁੱਖ ਚੋਣ ਚਿਹਰਾ ਬਣਾਉਣ ਦੇ ਸੰਕੇਤ ਦਿੱਤੇ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੋਣ ਲੜੇਗੀ ਅਤੇ ਉਸ ਦੀ ਸਿੱਧੀ ਟੱਕਰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਵਿੱਚ ਮੁਕਾਬਲੇ ਵਿੱਚ ਨਹੀਂ ਹੈ।
ਦਿੱਲੀ ਵਿੱਚ ਇਕ ਇੰਟਰਵਿਊ ਦੌਰਾਨ ਬਘੇਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਫ਼ੈਸਲਾ ਸਮੇਂ ਆਉਣ 'ਤੇ ਪਾਰਟੀ ਹਾਈਕਮਾਨ ਕਰੇਗੀ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੀਆਂ ਚਰਚਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।
ਬਘੇਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਗੱਠਜੋੜ ਤੋਂ ਬਿਨਾਂ ਇਕੱਲੇ ਚੋਣ ਲੜੇਗੀ। ਕਿਸਾਨਾਂ ਦੇ ਮੁੱਦੇ ਨੂੰ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਲੋਕ ਨਹੀਂ ਭੁੱਲੇ। ਉਨ੍ਹਾਂ ਭਾਜਪਾ 'ਤੇ ਧਾਰਮਿਕ ਧਰੁਵੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਵੀ ਲਾਇਆ।
ਕੈਪਟਨ ਬਾਰੇ ਵੀ ਦਿੱਤੀ ਪ੍ਰਤੀਕਿਰਿਆ ਭੂਪੇਸ਼ ਬਘੇਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀਆਂ ਚਰਚਾਵਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਕੈਪਟਨ ਨਾਲ ਕੋਈ ਮੁਲਾਕਾਤ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਹੱਕ ਵਿੱਚ ਬਿਆਨ ਦੇਣ ਤੋਂ ਬਾਅਦ ਕੈਪਟਨ ਨੂੰ ਈਡੀ ਦਾ ਸੰਮਨ ਭੇਜਿਆ ਗਿਆ, ਜਿਸ ਨੂੰ ਕਾਂਗਰਸ ਪਹਿਲਾਂ ਵੀ ਸਿਆਸੀ ਬਦਲਾਖੋਰੀ ਕਰਾਰ ਦੇ ਚੁੱਕੀ ਹੈ।