
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕੂਲਾਂ ਨੂੰ ਨਸ਼ਾ ਮੁਕਤ ਕਲੱਬ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਨ੍ਹਾਂ ਵਿੱਚ ਅਧਿਆਪਕਾਂ, ਮੁਖੀਆਂ ਅਤੇ ਗੈਰ-ਅਧਿਆਪਨ ਅਮਲੇ ਨੂੰ ਮੈਂਬਰ ਬਣਾਇਆ ਜਾਵੇਗਾ। ਰਚਨਾਤਮਕ ਅਤੇ ਸੰਵਾਦਾਤਮਕ ਢੰਗ ਨਾਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਤਾਂ ਜੋ ਵਿਦਿਆਰਥੀ ਨਸ਼ਿਆਂ ਵਰਗੇ ਗੰਭੀਰ ਮੁੱਦੇ ਨੂੰ ਸਮਝ ਸਕਣ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲਾਂ ਵਿੱਚ ਸਾਲ ਭਰ ਜਾਗਰੂਕਤਾ ਪ੍ਰੋਗਰਾਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਲਈ ਰਚਨਾਤਮਕ ਗਤੀਵਿਧੀਆਂ ਦੀ ਲੜੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ।
ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ (ਐੱਸਸੀਈਆਰਟੀ) ਵੱਲੋਂ ਜਾਰੀ ਗਤੀਵਿਧੀ ਕੈਲੰਡਰ ਮੁਤਾਬਕ ਪੂਰੇ ਵਿੱਦਿਅਕ ਸਾਲ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੀ ਭਾਗੀਦਾਰੀ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਅਗਸਤ ਵਿੱਚ ਵਿਦਿਆਰਥੀਆਂ ਤੋਂ ‘ਨਸ਼ਾ ਵਿਰੋਧੀ’ ਸੰਦੇਸ਼ ਵਾਲੇ ਪੋਸਟਰ ਬਣਵਾਏ ਜਾਣਗੇ। ਸਤੰਬਰ ਵਿੱਚ ਮਾਪਿਆਂ ਦੀ ਭਾਗੀਦਾਰੀ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਸਕੂਲ ਪ੍ਰਬੰਧਕਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਅਤੇ ਨਸ਼ਾਖੋਰੀ ਦੀ ਪਛਾਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਮਾਪੇ-ਅਧਿਆਪਕ ਮਿਲਣੀਆਂ ਕਰਵਾਉਣ ਲਈ ਕਿਹਾ ਗਿਆ ਹੈ। ਅਕਤੂਬਰ ਵਿੱਚ ਕਵਿਤਾ ਲੇਖਣ ਅਤੇ ਕੁਇਜ਼ ਮੁਕਾਬਲੇ ਹੋਣਗੇ, ਜਦਕਿ ਨਵੰਬਰ ਤੋਂ ਫਰਵਰੀ ਤੱਕ ਨਸ਼ਾ ਵਿਰੋਧੀ ਜਾਗਰੂਕਤਾ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ।
ਸਕੂਲਾਂ ’ਚ ਬਣਨਗੇ ਨਸ਼ਾ ਮੁਕਤ ਕਲੱਬ
ਸਕੂਲਾਂ ਨੂੰ ਨਸ਼ਾ ਮੁਕਤ ਕਲੱਬ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਨ੍ਹਾਂ ਵਿੱਚ ਅਧਿਆਪਕਾਂ, ਮੁਖੀਆਂ ਅਤੇ ਗੈਰ-ਅਧਿਆਪਨ ਅਮਲੇ ਨੂੰ ਮੈਂਬਰ ਬਣਾਇਆ ਜਾਵੇਗਾ। ਰਚਨਾਤਮਕ ਅਤੇ ਸੰਵਾਦਾਤਮਕ ਢੰਗ ਨਾਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਤਾਂ ਜੋ ਵਿਦਿਆਰਥੀ ਨਸ਼ਿਆਂ ਵਰਗੇ ਗੰਭੀਰ ਮੁੱਦੇ ਨੂੰ ਸਮਝ ਸਕਣ। ਅਜਿਹੇ ਅਧਿਆਪਕਾਂ ਦੀ ਪਛਾਣ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ, ਜੋ ਨਸ਼ਿਆਂ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਢੁੱਕਵੇਂ ਢੰਗ ਨਾਲ ਨਜਿੱਠਣਾ ਜਾਣਦੇ ਹੋਣ। ਸਰਕਾਰ ਵੱਲੋਂ 21 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਨਸ਼ਾਖੋਰੀ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਸਕੂਲਾਂ ਦੇ 500 ਮੀਟਰ ਘੇਰੇ ’ਚ ਹੋਣਗੇ ਨਸ਼ਾ ਮੁਕਤ ਜ਼ੋਨ
ਸਕੂਲਾਂ ਦੇ ਆਲੇ-ਦੁਆਲੇ 500 ਮੀਟਰ ਦਾ ਘੇਰਾ ਨਸ਼ਾ ਮੁਕਤ ਜ਼ੋਨ ਬਣਾਉਣ ਅਤੇ ਐਂਟੀ-ਡਰੱਗ ਕਲੱਬ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਨਸ਼ਿਆਂ ਦੇ ਘਾਤਕ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵੀਡੀਓ ਆਧਾਰਿਤ ਪਾਠਕ੍ਰਮ ਦੀ ਵਰਤੋਂ ਕੀਤੀ ਜਾਵੇਗੀ। ਸਕੂਲਾਂ ਵਿੱਚ ਸੁਝਾਅ ਬਕਸੇ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਨਸ਼ਿਆਂ ਦੀ ਸ਼ੱਕੀ ਵਰਤੋਂ ਸਬੰਧੀ ਜਾਣਕਾਰੀ ਦੇ ਸਕਣ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਲਾਸਰੂਮ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਜਾਗਰੂਕਤਾ ਅਤੇ ਰੋਕਥਾਮ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਆਲੇ-ਦੁਆਲੇ 500 ਮੀਟਰ ਦਾ ਨਸ਼ਾ ਮੁਕਤ ਜ਼ੋਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਗਤੀਵਿਧੀਆਂ ਦੀ ਨਿਗਰਾਨੀ ਵੀ ਲਾਜ਼ਮੀ ਕੀਤੀ ਗਈ ਹੈ ਅਤੇ ਸਕੂਲ ਮੁਖੀਆਂ ਤੇ ਸਲਾਹਕਾਰਾਂ ਨੂੰ ਕੰਮ ਦੀ ਸਮੀਖਿਆ ਕਰਨ ਦੇ ਨਾਲ ਤਸਵੀਰਾਂ ਸਮੇਤ ਰਿਕਾਰਡ ਰੱਖਣਾ ਹੋਵੇਗਾ।