- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਮੌਕੇ ਇਹ ਜਾਣਕਾਰੀ ਦਿੱਤੀ। ਇਹ ਟ੍ਰੇਨਿੰਗ ਪ੍ਰੋਗਰਾਮ ਇਲੈਕਟੋਰਲ ਰਜਿਟ੍ਰੇਸਨ ਅਫ਼ਸਰ (ਈ.ਆਰ.ਓ.), ਏ.ਈ.ਆਰ.ਓ., ਏ.ਈ.ਆਰ.ਓ.-1 ਤੇ ਸਹਾਇਕ ਈ.ਆਰ.ਓ. ਲਈ ਕੀਤਾ ਗਿਆ ਸੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ’ਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਅਧੀਨ ਘਰੋਂ ਘਰੀਂ ਗਣਨਾ ਪ੍ਰਕਿਰਿਆ ਸਮਾਪਤ ਹੋਣ ਉਪਰੰਤ 13 ਅਗਸਤ ਨੂੰ ਡਰਾਫਟ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਵੇਗੀ ਅਤੇ ਦਾਅਵਿਆਂ ਤੇ ਇਤਰਾਜ਼ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ ਕਿ 12 ਸਤੰਬਰ ਤੱਕ ਜਾਰੀ ਰਹੇਗੀ। ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਮੌਕੇ ਇਹ ਜਾਣਕਾਰੀ ਦਿੱਤੀ। ਇਹ ਟ੍ਰੇਨਿੰਗ ਪ੍ਰੋਗਰਾਮ ਇਲੈਕਟੋਰਲ ਰਜਿਟ੍ਰੇਸਨ ਅਫ਼ਸਰ (ਈ.ਆਰ.ਓ.), ਏ.ਈ.ਆਰ.ਓ., ਏ.ਈ.ਆਰ.ਓ.-1 ਤੇ ਸਹਾਇਕ ਈ.ਆਰ.ਓ. ਲਈ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਫਰੰਟ ਲਾਈਨ ਵਰਕਰਾਂ (ਬੀ.ਐੱਲ.ਓ) ਦੀ ਸਮਰਪਣ ਭਾਵਨਾ ਵਾਲੇ ਕਾਰਜ ਕਾਰਨ ਹੀ ਸਮਾਂ ਰਹਿੰਦਿਆਂ ਪੰਜਾਬ ਰਾਜ ’ਚ 100 ਫ਼ੀਸਦ ਡਿਜੀਟਾਈਜੇਸ਼ਨ ਮੁਕੰਮਲ ਹੋ ਸਕਿਆ ਤੇ ਨਾਲ ਹੀ ਏ.ਐੱਸ.ਡੀ.ਡੀ. ਲਿਸਟਾਂ ’ਚ ਬਹੁਤ ਘੱਟ ਲੋਕ ਪਏ ਹਨ, ਜਿਸ ਕਾਰਨ ਬਹੁਤ ਸੀਮਤ ਗਿਣਤੀ ’ਚ ਨੋਟਿਸ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਪ੍ਰਕਿਰਿਆ ਦਾ ਉਦੇਸ਼ ਯੋਗ ਵਿਅਕਤੀ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਨਾ ਹੈ ਅਤੇ ਅਯੋਗ ਵੋਟਰ ਨੂੰ ਸੂਚੀਆਂ ’ਚੋਂ ਬਾਹਰ ਕੱਢਣਾ ਹੈ।
ਮਿਤਰਾ ਨੇ ਕਿਹਾ ਕਿ ਜਿਵੇਂ ਐੱਸ.ਆਈ.ਆਰ. 2026 ਦੇ ਪਹਿਲੇ ਪੜਾਅ ਦੌਰਾਨ ਵੱਡ ਆਕਾਰੀ ਕੰਮ ਨੂੰ ਬਿਨਾਂ ਕਿਸੇ ਊਣਤਾਈਆਂ ਦੇ ਨੇਪਰੇ ਚਾੜ੍ਹਿਆ ਹੈ ਉਸੇ ਤਰ੍ਹਾਂ ਹੁਣ ਦਾਅਵਿਆਂ ਤੇ ਇਤਰਾਜਾਂ ਸਮੇਂ ਦੌਰਾਨ ਵੀ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. 2026 ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਦੀਆਂ ਸਿਆਸੀ ਪਾਰਟੀਆਂ ਤੇ ਮੀਡੀਆ ਵਲੋਂ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੇ ਪਾਰਦਰਸ਼ੀ ਤੇ ਜਵਾਬਦੇਹ ਕਾਰਜ਼ ਪ੍ਰਣਾਲੀ ਕਾਰਨ ਘਰੋਂ-ਘਰੀਂ ਗਣਨਾ ਸ਼ੁਰੁ ਹੋਣ ਦੇ ਕੁਝ ਹੀ ਦਿਨਾਂ ਵਿਚ ਰਾਜਨੀਤਕ ਪਾਰਟੀਆਂ ਅਤੇ ਮੀਡੀਆ ਦੇ ਸਾਰੇ ਸ਼ੰਕੇ ਦੂਰ ਹੋ ਗਏ।
ਮਿਤਰਾ ਨੇ ਦੱਸਿਆ ਕਿ ਨੋਟਿਸ ਪੀਰੀਅਡ, ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਦੌਰਾਨ ਕੀਤਾ ਜਾਵੇਗਾ ਜ਼ੋ ਕਿ ਕੁਲ 57 ਦਿਨ ਬਣਦੇ ਹਨ। ਇਸ ਉਪਰੰਤ 12 ਅਕਤੂਬਰ ਨੂੰ ਫਾਈਨਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ 12 ਸਤੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਇਤਰਾਜ਼ ਅਤੇ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ। ਟ੍ਰੇਨਿੰਗ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਨੂੰ ਇਤਰਾਜ਼ ਅਤੇ ਦਾਅਵਾ ਦੇ ਕਾਲ, ਨੋਟਿਸ ਪੀਰੀਅਡ, ਇਤਰਾਜ਼ ਅਤੇ ਦਾਅਵਿਆਂ ਦੇ ਨਿਪਟਾਰੇ ਦੇ ਕਾਲ ਨਾਲ ਸਬੰਧਤ ਸਾਰੀਆਂ ਪ੍ਰੀਕਿਰਿਆਵਾਂ ਬਾਰੇ ਬਹੁਤ ਬਾਰੀਕੀ ਨਾਲ ਜਾਣੂ ਕਰਵਾਇਆ ਗਿਆ।