- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦੇ ਰੋਡ ਸ਼ੋਅ ਵਿਚ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਦੀ ਮੌਜੂਦਗੀ ਨੇ ਸਿਆਸਤ ਭਖਾਈ,

- ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਦਾਅਵਿਆਂ ’ਤੇ ਉੱਠੇ ਸਵਾਲ, ਕਾਂਗਰਸ ਦੀ ਵੀ ਚਿੰਤਾ ਵਧੀ
- ਨਗਰ ਨਿਗਮ ਚੋਣਾਂ ’ਚ ‘ਆਪ’ ਦੀ ਸ਼ਾਨਦਾਰ ਜਿੱਤ ਦੀ ਮਨਾਈ ਖੁਸ਼ੀ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਅਤੇ ‘ਆਪ’ ਦਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਨ ਦੀ ਖੁਸ਼ੀ ਐਤਵਾਰ ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਗਏ ਵਿਸ਼ਾਲ ਰੋਡ ਸ਼ੋਅ ਵਿਚ ਕਾਂਗਰਸੀ ਕੌਂਸਲਰ ਹਰਜੀਤ ਸਿੰਘ ਭੋਲੂ ਬੈਦਵਾਨ ਅਤੇ ਅਮਨ ਪਾਸਵਾਨ ਅਤੇ ਭਾਜਪਾ ਦੇ ਕੌਂਸਲਰ ਡਾ. ਕੁਲਦੀਪ ਸਿੰਘ ਬਲੌਂਗੀ ਸਰਗਰਮ ਨਜ਼ਰ ਆਏ। ਇਨ੍ਹਾਂ ਕੌਂਸਲਰਾਂ ਦੇ ਰੋਡ ਸ਼ੋਅ ਵਿਚ ਹਿੱਸਾ ਲੈਣ ਦੀ ਕਾਰਵਾਈ ਨੇ ਸ਼ਹਿਰ ਵਿਚ ਸਿਆਸਤ ਫਿਰ ਤੋਂ ਭਖਾ ਦਿੱਤੀ ਹੈ। ਇਸ ਤੋਂ ਪਹਿਲਾਂ ਮੇਅਰ ਦੀ ਚੋਣ ਸਮੇਂ ਤਿੰਨ ਭਾਜਪਾ ਕੌਂਸਲਰਾਂ ਵੱਲੋਂ ਸਮਰਥਨ ਦੇਣ ਕਾਰਨ ਵਿਰੋਧੀ ਧਿਰ ਕਾਫ਼ੀ ਚਰਚਾ ਵਿਚ ਰਹੀ ਹੈ। ਹਾਲਾਂਕਿ ਬਾਅਦ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਤਿੰਨੇ ਕੌਂਸਲਰਾਂ ਨੇ ਆਪਣੀ ਸਫ਼ਾਈ ਦੇ ਦਿੱਤੀ ਸੀ ਪ੍ਰੰਤੂ ਹੁਣ ‘ਆਪ’ ਰੋਡ ਸ਼ੋਅ ਵਿਚ ਭਾਜਪਾ ਅਤੇ ਕਾਂਗਰਸੀ ਕੌਂਸਲਰ ਦੀ ਮੌਜੂਦਗੀ ਨੇ ਸਿਆਸਤ ਭਖਾ ਦਿੱਤੀ ਹੈ।
ਭਾਜਪਾ ਦੇ ਕੌਂਸਲਰ ਡਾ. ਕੁਲਦੀਪ ਸਿੰਘ ਬਿੱਟੂ ਦੀ ਮੌਜੂਦਗੀ ਬਾਰੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਮੀਡੀਆ ਵਿਚ ਇਹ ਸਪੱਸ਼ਟ ਕੀਤਾ ਸੀ ਕਿ ਭਾਜਪਾ ਦੇ ਸਾਰੇ ਕੌਂਸਲਰ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਭਾਜਪਾ ਵਿਚ ਕਿਸੇ ਕਿਸਮ ਦੀ ਫੁੱਟ ਨਹੀਂ ਹੈ।
ਸਿਆਸੀ ਹਲਕਿਆਂ ਵਿਚ ਕਾਂਗਰਸੀ ਕੌਂਸਲਰ ਹਰਜੀਤ ਸਿੰਘ ਭੋਲੂ ਨੂੰ ‘ਆਪ’ ਦੇ ਕਈ ਆਗੂਆਂ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਂਜ ਉਹ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੇਅਰ ਜੀਤੀ ਸਿੱਧੂ ਦੇ ਬਹੁਤ ਕਰੀਬੀ ਹਨ। ਉਹ ਨਾ ਸਿਰਫ਼ ਰੋਡ ਸ਼ੋਅ ਵਿਚ ਸ਼ਾਮਲ ਹੋਏ, ਸਗੋਂ ਮੰਚ ਤੋਂ ਸੰਬੋਧਨ ਵੀ ਕੀਤਾ ਹੈ। ਸੂਤਰਾਂ ਮੁਤਾਬਕ ਭੋਲੂ ‘ਆਪ’ ਦੀ ਮਹਿਲਾ ਕੌਂਸਲਰ ਦੇ ਪਤੀ ਦੇ ਬਹੁਤ ਕਰੀਬੀ ਦੋਸਤ ਹਨ। ਅਜਿਹੇ ਵਿਚ ਕਾਂਗਰਸੀ ਕੌਂਸਲਰਾਂ ਦੀ ਇਹ ਸਰਗਰਮੀ ਵੀ ਸ਼ਹਿਰ ਦੀ ਬਦਲ ਰਹੀ ਸਿਆਸੀ ਤਸਵੀਰ ਵੱਲ ਇਸ਼ਾਰਾ ਕਰ ਰਹੀ ਹੈ।
ਕਾਂਗਰਸੀ ਕੌਂਸਲਰ ਹਰਜੀਤ ਸਿੰਘ ਭੋਲੂ ਬੈਦਵਾਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ‘ਆਪ’ ਦੇ ਰੋਡ ਸ਼ੋਅ ਵਿਚ ਗਏ ਸਨ ਪ੍ਰੰਤੂ ਸਚਾਈ ਇਹ ਹੈ ਕਿ ਉਹ ਪਿੰਡ ਸੋਹਾਣਾ ਸਮੇਤ ਸੈਕਟਰ-76 ਤੋਂ 80 ਦੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਗਏ ਸੀ ਪ੍ਰੰਤੂ ਸਿਆਸੀ ਵਿਰੋਧੀਆਂ ਨੇ ਇਸ ਗੱਲ ਨੂੰ ਸਿਆਸੀ ਰੰਗਤ ਦੇ ਕੇ ਗ਼ਲਤ ਫਹਿਮੀ ਫਲਾ ਦਿੱਤੀ। ਉਨ੍ਹਾਂ ਦੱਸਿਆ ਕਿ ਸੋਹਾਣਾ ਨਗਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਆਉਣਾ ਬਹੁਤ ਵੱਡੀ ਗੱਲ ਹੈ। ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਹੈਸ਼ੀਅਤ ਵਿਚ ਮੁੱਖ ਮੰਤਰੀ ਨੂੰ ਆਪਣੀ ਗੱਲ ਕਹਿਣ ਗਏ ਸੀ ਅਤੇ ਉਹ ਆਪਣੇ ਇਸ ਮਕਸਦ ਵਿਚ ਕਾਮਯਾਬ ਵੀ ਹੋਏ ਹਨ। ਉਨ੍ਹਾਂ ਨੇ ਸਰਕਾਰ ਤੱਕ ਲੋਕ ਸਮੱਸਿਆਵਾਂ ਨਾਲ ਸਬੰਧਤ ਚਾਰ ਮੰਗ ਪੱਤਰ ਪਹੁੰਚਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਭੋਲੂ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਝੂਠੀਆਂ ਅਫ਼ਵਾਹਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਹਨ।
ਭਾਜਪਾ ਕੌਂਸਲਰ ਡਾ. ਕੁਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਹ ਭਾਜਪਾ ਦੇ ਵਫ਼ਾਦਾਰ ਵਰਕਰ ਹਨ ਅਤੇ ਪਹਿਲੀ ਵਾਰ ਬਲੌਂਗੀ ਤੋਂ ਚੋਣ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਬਲੌਂਗੀ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਰੋਡ ਸ਼ੋਅ ਵਿਚ ਗਏ ਸੀ ਪ੍ਰੰਤੂ ਕੁੱਝ ਲੋਕਾਂ ਨੇ ਇਸ ਦਾ ਗ਼ਲਤ ਮਤਲਵ ਕੱਢ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਉਹ ਹਰੇਕ ਸਰਕਾਰ ਅਤੇ ਆਗੂ ਦਾ ਬੂਹਾ ਖੜਕਾਉਣਗੇ।