- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੇ ਸੀਨੀਅਰ ਆਗੂ ਨੇ ਬੀਤੇ ਦਿਨੀਂ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ‘ਆਪ’, ਅਕਾਲੀ ਦਲ, ਕਾਂਗਰਸ ਨਾਲ ਸਬੰਧਤ ਕਈ ਵੱਡੇ ਨੇਤਾ ਭਾਜਪਾ ’ਚ ਸ਼ਾਮਲ ਹੋਣਗੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਅੱਜ ਪਹਿਲੀ ਵਾਰ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਡਾ. ਸੰਦੀਪ ਪਾਠਕ ਚੰਡੀਗੜ੍ਹ ਪੁੱਜੇ ਤੇ ਇਨ੍ਹਾਂ ਦੀ ਆਮਦ ਨਾਲ ਸੂਬੇ ਦੀ ਸਿਆਸਤ ਭਖ਼ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਆਗੂ ਅਗਲੇ ਦਿਨਾਂ ’ਚ ਭਾਜਪਾ ਵੱਲੋਂ ਨਸ਼ਿਆਂ ਤੇ ਸੂਬੇ ’ਚ ਵਿਗ਼ੜ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ’ਤੇ ਕੱਢੀਆਂ ਜਾ ਰਹੀਆਂ ਚਾਰ ਯਾਤਰਾਵਾਂ ’ਚ ਸ਼ਾਮਲ ਹੋਣਗੇ। ਭਾਜਪਾ ਲੀਡਰਸ਼ਿਪ ਅਜੇ ਇਹ ਫੈਸਲਾ ਨਹੀਂ ਕਰ ਸਕੀ ਕਿ ਰਾਘਵ ਚੱਢਾ ਤੇ ਡਾ. ਸੰਦੀਪ ਪਾਠਕ ਨੂੰ ਕਰੀਬ ਦਸ ਦਿਨਾਂ ਤੱਕ ਚੱਲਣ ਵਾਲੀਆਂ ਯਾਤਰਾਵਾਂ ’ਚ ਸ਼ਾਮਲ ਕਰਵਾਉਣਾ ਹੈ, ਜਾਂ ਫਿਰ ਕਿਸੇ ਵਿਸ਼ੇਸ਼ ਦਿਨ ਸੂਬੇ ’ਚ ਐਂਟਰੀ ਕਰਵਾਉਣੀ ਹੈ। ਹੁਣ ਤੱਕ ਇਨ੍ਹਾਂ ਆਗੂਆਂ ਦੇ ਪੰਜਾਬ ਵਿਚ ਆਉਣ ਨੂੰ ਲੈ ਕੇ ਭੰਬਲਭੂਸੇ ਦਾ ਮਾਹੌਲ ਚੱਲ ਰਿਹਾ ਸੀ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਆਗਾਮੀ ਦਿਨਾਂ ’ਚ ਪੰਜਾਬ ਭਾਜਪਾ ਇਨ੍ਹਾਂ ਆਗੂਆਂ ਜ਼ਰੀਏ ‘ਆਪ’ ’ਚ ਵੱਡਾ ਸਿਆਸੀ ਧਮਾਕਾ ਕਰ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਕਿ 15 ਸਤੰਬਰ ਤੋਂ ਬਾਅਦ ਸੂਬੇ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ ਅਤੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ ਹਨ। ਭਾਜਪਾ ਦੇ ਸੀਨੀਅਰ ਆਗੂ ਨੇ ਬੀਤੇ ਦਿਨੀਂ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ‘ਆਪ’, ਅਕਾਲੀ ਦਲ, ਕਾਂਗਰਸ ਨਾਲ ਸਬੰਧਤ ਕਈ ਵੱਡੇ ਨੇਤਾ ਭਾਜਪਾ ’ਚ ਸ਼ਾਮਲ ਹੋਣਗੇ। ਹੁਣ ਭਾਜਪਾ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸੂਬੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਸੂਬੇ ਦੇ ਚਾਰ ਵੱਖ-ਵੱਖ ਦਿਸ਼ਾਵਾਂ ਤੋਂ ਚਾਰ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਤੇ ਇਕ ਵੱਡੀ ਸਿਆਸੀ ਰੈਲੀ ਵੀ ਕੀਤੀ ਜਾਣੀ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ’ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ।ਚਾਰ ਰੈਲੀਆਂ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗਭਾਜਪਾ ਨੇ ਸੂਬੇ ’ਚ ਕੱਢੀਆਂ ਜਾਣ ਵਾਲੀਆਂ ਚਾਰ ਰੈਲੀਆਂ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਨਾਲ ਸਬੰਧਤ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਕੀਤੀ ਸੀ। ਮੀਟਿੰਗ ’ਚ ਸਤਨਾਮ ਸਿੰਘ ਸੰਧੂ, ਰਾਘਵ ਚੱਢਾ, ਅਸ਼ੋਕ ਮਿੱਤਲ, ਡਾ ਸੰਦੀਪ ਪਾਠਕ ਸ਼ਾਮਲ ਹੋਏ। ਦੱਸਿਆ ਜਾਂਦਾ ਹੈ ਕਿ ਵਿਕਰਮਜੀਤ ਸਿੰਘ ਸਾਹਨੀ ਵਿਦੇਸ਼ ’ਚ ਹਨ ਤੇ ਰਾਜਿੰਦਰ ਗੁਪਤਾ ਸਿਹਤ ਦੇ ਮਸਲੇ ਅਤੇ ਹਰਭਜਨ ਸਿੰਘ ਕਿਸੇ ਨਿੱਜੀ ਰੁਝੇਵੇ ਕਾਰਨ ਸ਼ਾਮਲ ਨਹੀਂ ਹੋ ਸਕੇ। ਪੰਜਾਬ ਭਾਜਪਾ ਮਾਮਲਿਆ ਦੇ ਇੰਚਾਰਜ ਡਾ. ਸਤੀਸ਼ ਪੁਨੀਆਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪੂਨੀਆ ਹੀ ਚੱਢਾ ਤੇ ਪਾਠਕ ਨੂੰ ਆਪਣੇ ਨਾਲ ਲੈ ਕੇ ਆਏ ਹਨ।