- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਾਮਲੇ ’ਚ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ, ਕਾਂਗਰਸ ਵਿਧਾਇਕ ਸੰਦੀਪ ਜਾਖੜ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਈਨਿੰਗ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਾਖੜਾ ਡੈਮ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਚੌਥੇ ਸਦਨ ’ਚ ਬਾਰਿਸ਼ਾਂ ਵਿਚਾਲੇ ਭਾਖੜਾ ਡੈਮ ’ਚ ਇੱਕਠੀ ਹੋ ਰਹੀ ਸਿਲਟ ਕਾਰਨ ਡੈਮ ਨੂੰ ਖ਼ਤਰੇ ਦਾ ਮੁੱਦਾ ਵੀ ਉੱਠਿਆ।
ਇਸ ਮਾਮਲੇ ’ਚ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ, ਕਾਂਗਰਸ ਵਿਧਾਇਕ ਸੰਦੀਪ ਜਾਖੜ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਈਨਿੰਗ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਾਖੜਾ ਡੈਮ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਇੱਕ ਨਿਊਜ਼ ਚੈਨਲ ਨੇ ਡੈਮ ਦੇ ਝੁਕਣ ਦੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਹਨ, ਜਿਸ ਨਾਲ ਜਨਤਾ ਵਿਚ ਭੰਬਲਭੂਸਾ ਪੈਦਾ ਹੋਇਆ ਹੈ। ਹਾਲਾਂਕਿ, ਇਸਦਾ ਇੰਜੀਨੀਅਰਿੰਗ ਡਿਜ਼ਾਈਨ ਅਜਿਹਾ ਹੈ ਕਿ ਪਾਣੀ ਦੇ ਦਬਾਅ ਕਾਰਨ ਇਸ ਦਾ ਥੋੜ੍ਹਾ ਜਿਹਾ ਝੁਕਣਾ ਆਮ ਵਰਤਾਰਾ ਹੈ। ਇਹ ਸਥਿਤੀ 1995 ਤੇ 2025 ਦੇ ਵਿਚਕਾਰ 15 ਵਾਰ ਆਈ ਤੇ ਹਰ ਵਾਰ ਜਦੋਂ ਪਾਣੀ ਦਾ ਦਬਾਅ ਘਟਿਆ ਤਾਂ ਡੈਮ ਆਪਣੀ ਆਮ ਸਥਿਤੀ ’ਚ ਵਾਪਸ ਆ ਗਿਆ। ਕਈ ਦੇਸ਼ਾਂ ਦੇ ਮਾਹਰਾਂ ਨੇ ਵੀ ਇਸਦੀ ਇੰਜੀਨੀਅਰਿੰਗ ਦੀ ਪ੍ਰਸ਼ੰਸਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦਾ ਲਗਭਗ 26 ਪ੍ਰਤੀਸ਼ਤ ਗਾਰ ਨਾਲ ਭਰ ਗਿਆ ਹੈ, ਜਿਸ ਨਾਲ ਪਾਣੀ ਦੇ ਭੰਡਾਰ ਸਮਰੱਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਗਾਰ ਕੱਢਣ ਦੀ ਜ਼ਿੰਮੇਵਾਰੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਤੇ ਕੇਂਦਰ ਸਰਕਾਰ ਦੀ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਨਿਯਮਿਤ ਤੌਰ ’ਤੇ ਬੀਬੀਐੱਮਬੀ ਨਾਲ ਮੀਟਿੰਗਾਂ ’ਚ ਉਠਾਉਂਦੀ ਰਹੀ ਹੈ। ਇਸ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ।
ਗੋਇਲ ਨੇ ਕਿਹਾ ਕਿ 1985 ਤੋਂ 1995 ਦੇ ਵਿਚਕਾਰ ਕੀਤੇ ਗਏ ਭੂ-ਵਿਗਿਆਨਕ ਸਰਵੇਖਣਾਂ ’ਚ ਸਿਸਵਾਂ ਖੇਤਰ ਅਤੇ ਕੁਝ ਹੋਰ ਦਰਿਆਈ ਖੇਤਰਾਂ ’ਚ ਸੋਨੇ ਦੇ ਭੰਡਾਰਾਂ ਦਾ ਖੁਲਾਸਾ ਹੋਇਆ ਸੀ, ਪਰ ਉਸ ਸਮੇਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਨੇ ਹੁਣ ਇਸ ਮਾਮਲੇ ਦੀ ਜਾਂਚ ਲਈ ਇੱਕ ਅਧਿਕਾਰੀ ਨਿਯੁਕਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫ਼ਰੀਦਕੋਟ ’ਚ ਵੀ ਤੇਲ ਦੇ ਭੰਡਾਰ ਲੱਭੇ ਗਏ। ਉਨ੍ਹਾਂ ਕਿਹਾ ਕਿ 1989 ’ਚ ਪੋਟਾਸ਼ ਭੰਡਾਰ ਲੱਭੇ ਜਾਣ ਦੇ ਬਾਵਜੂਦ, ਸਾਲਾਂ ਤੱਕ ਕੋਈ ਕੰਮ ਨਹੀਂ ਕੀਤਾ ਗਿਆ। ਹੁਣ ਕੇਂਦਰ ਸਰਕਾਰ ਤੋਂ 19 ਕਰੋੜ ਰੁਪਏ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਰਾਜ ਵਿਚ 10 ਥਾਵਾਂ 'ਤੇ ਡ੍ਰਿਲਿੰਗ ਸ਼ੁਰੂ ਹੋ ਗਈ ਹੈ। ਜੇਕਰ ਵਪਾਰਕ ਭੰਡਾਰ ਲੱਭੇ ਜਾਂਦੇ ਹਨ, ਤਾਂ ਪੰਜਾਬ ਨੂੰ ਕਾਫ਼ੀ ਫਾਇਦਾ ਹੋਵੇਗਾ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੰਗ ਕੀਤੀ ਕਿ ਪੋਟਾਸ ਵਿਹਾਰਕਤਾ ਰਿਪੋਰਟ ਸਦਨ ’ਚ ਪੇਸ਼ ਕੀਤੀ ਜਾਵੇ। ਜੇਕਰ ਸੂਬੇ ’ਚ ਮਹੱਤਵਪੂਰਨ ਖਣਿਜ ਭੰਡਾਰ ਲੱਭੇ ਜਾਂਦੇ ਹਨ, ਤਾਂ ਇਹ ਪੰਜਾਬ ਲਈ ਚੰਗੀ ਖ਼ਬਰ ਹੋਵੇਗੀ, ਪਰ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ’ਚ ਵੀ ਬਰਾਬਰ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਸਦਨ ’ਚ ਬੇਟੀ ਸ਼ਬਦ ਦੇ ਇਸਤੇਮਾਲ ’ਤੇ ਸ਼ਰਮਾ ਨੇ ਮੰਗੀ ਮਾਫ਼ੀ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਤੇ ਸੂਬਾ ਸਰਕਾਕਰ ਦੇ ਸੰਦਰਭ ’ਚ ਕਿ ਇੱਕ ਟਿੱਪਣੀ ’ਚ ‘ਬੇਟੀ’ ਸ਼ਬਦ ਦੇ ਇਸਤੇਮਾਲ ’ਤੇ ਸੱਤਾ ਧਿਰ ਦੇ ਵਿਧਾਇਕਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਦੋਸ਼ ਲਗਾਇਆ ਕਿ ਭਾਜਪਾ ਅੱਜ ਵੀ ਬੇਟਾ-ਬੇਟੀ ’ਚ ਫ਼ਰਕ ਕਰਦੀ ਹੈ, ਜਿਸ ’ਤੇ ਅਸ਼ਵਨੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਸ਼ਬਦ ਦਾ ਗ਼ਲਤ ਅਰਥ ਕੱਢਿਆ ਗਿਆ ਹੈ ਤੇ ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਦੁਖੀ ਹੋਈਆਂ ਹਨ ਤਾਂ ਇਸਦਾ ਉਨ੍ਹਾਂ ਨੂੰ ਅਫ਼ਸੋਸ ਹੈ ਤੇ ਉਹ ਇਸ ਲਈ ਮਾਫ਼ੀ ਮੰਗਦੇ ਹਨ।