ਪਿੰਡ ਨਾਭਾ ਸਾਹਿਬ ਦੀ 'ਨਾਨਕ ਬਗੀਚੀ' ਆਪਣੀ ਚਮਕ ਗੁਆਉਣ ਲੱਗੀ
ਪਿੰਡ ਨਾਭਾ ਸਾਹਿਬ ਦੀ 'ਨਾਨਕ ਬਗੀਚੀ' ਆਪਣੀ ਚਮਕ ਗੁਆਉਣ ਲੱਗੀ
Publish Date: Mon, 22 Jun 2026 08:59 PM (IST)
Updated Date: Tue, 23 Jun 2026 04:07 AM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪਿੰਡ ਨਾਭਾ ਸਾਹਿਬ ਵਿਖੇ ਕਰੀਬ ਚਾਰ ਸਾਲ ਪਹਿਲਾਂ ਲੋਕਾਂ ਦੀ ਸੈਰ-ਸਪਾਟੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਗਈ ਨਾਨਕ ਬਗੀਚੀ ਅੱਜ ਪ੍ਰਸ਼ਾਸਨਿਕ ਅਣਦੇਖੀ ਅਤੇ ਕਥਿਤ ਨਿੱਜੀ ਵਰਤੋਂ ਦੇ ਦੋਸ਼ਾਂ ਕਾਰਨ ਆਪਣੀ ਹੋਂਦ ਬਚਾਉਣ ਲਈ ਹੰਝੂ ਵਹਾ ਰਹੀ ਹੈ। ਕਰੀਬ ਤਿੰਨ ਤੋਂ ਚਾਰ ਕਨਾਲ ਰਕਬੇ ਵਿਚ ਫੈਲੇ ਇਸ ਜਨਤਕ ਪਾਰਕ ਦੀ ਮੌਜੂਦਾ ਤਰਸਯੋਗ ਹਾਲਤ ਨੂੰ ਵੇਖ ਕੇ ਪਿੰਡ ਵਾਸੀਆਂ ਵਿਚ ਨਗਰ ਕੌਂਸਲ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਪਾਰਕ ਦੇ ਨਾਲ ਲੱਗਦੇ ਕਰੀਬ ਅੱਧੀ ਦਰਜਨ ਘਰਾਂ ਵੱਲੋਂ ਆਪਣੇ ਦਰਵਾਜ਼ੇ ਸਿੱਧੇ ਪਾਰਕ ਵੱਲ ਖੋਲ੍ਹੇ ਹੋਏ ਹਨ, ਜਿਸ ਕਾਰਨ ਆਮ ਲੋਕਾਂ ਲਈ ਇਸ ਜਨਤਕ ਥਾਂ ਦੀ ਵਰਤੋਂ ਕਰਨਾ ਮੁਸ਼ਕਲ ਹੋ ਗਿਆ ਹੈ। ਕਿਸੇ ਸਮੇਂ ਨਗਰ ਕੌਂਸਲ ਵੱਲੋਂ ਇੱਥੇ ਹਰਿਆਲੀ ਨਾਲ ਭਰਪੂਰ ਸੁੰਦਰ ਮਾਹੌਲ ਤਿਆਰ ਕੀਤਾ ਗਿਆ ਸੀ, ਜਿੱਥੇ ਓਪਨ ਜਿਮ ਅਤੇ ਬੈਠਣ ਲਈ ਬੈਂਚ ਲਗਾਏ ਗਏ ਸਨ ਪਰ ਅੱਜ-ਕੱਲ੍ਹ ਪਾਰਕ ਵਿਚ ਕਈ ਥਾਵਾਂ ਤੇ ਮਲਬੇ ਦੇ ਢੇਰ ਲੱਗੇ ਹੋਏ ਹਨ ਅਤੇ ਕੁਝ ਲੋਕ ਇਸ ਜਨਤਕ ਸਥਾਨ ਨੂੰ ਆਪਣੇ ਘਰ ਦੇ ਨਿੱਜੀ ਵਿਹੜੇ ਵਾਂਗ ਵਰਤ ਰਹੇ ਹਨ। ਨਾਮ ਜਨਤਕ ਨਾ ਕਰਨ ਦੀ ਸ਼ਰਤ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਕੋਈ ਪਾਰਕ ਦੀ ਸਥਿਤੀ ਸੁਧਾਰਨ ਜਾਂ ਇਸ ਦੀ ਨਿੱਜੀ ਵਰਤੋਂ ਸਬੰਧੀ ਇਤਰਾਜ਼ ਜਤਾਉਂਦਾ ਹੈ, ਤਾਂ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ ਅਤੇ ਤਕਰਾਰ ਦੀ ਨੌਬਤ ਆ ਜਾਂਦੀ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਮਲਬਾ ਹਟਵਾ ਕੇ ਪਾਰਕ ਦੀ ਮੂਲ ਸੂਰਤ ਬਹਾਲ ਕੀਤੀ ਜਾਵੇ। ਸਥਾਨਕ ਲੋਕਾਂ ਅਨੁਸਾਰ ਦੇਖਭਾਲ ਦੀ ਘਾਟ ਕਾਰਨ ਪਾਰਕ ਵਿਚ ਲੱਗੇ ਬੈਂਚ ਟੁੱਟ ਚੁੱਕੇ ਹਨ ਅਤੇ ਬੱਚਿਆਂ ਦੇ ਖੇਡਣ ਵਾਲੇ ਓਪਨ ਜਿਮ ਦੇ ਉਪਕਰਣ ਵੀ ਖ਼ਸਤਾ ਹਾਲਤ ਵਿਚ ਹਨ। ==== ਸ਼ਿਕਾਇਤ ਮਿਲਣ ਤੇ ਹੋਵੇਗੀ ਸਖ਼ਤ ਕਾਰਵਾਈ ਸਾਨੂੰ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਪਰ ਮਾਮਲਾ ਸਾਡੇ ਧਿਆਨ ਵਿਚ ਆਉਣ ਤੋਂ ਬਾਅਦ ਤੁਰੰਤ ਮੌਕੇ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਕਿਸੇ ਵੀ ਵਿਅਕਤੀ ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ ਪਾਰਕ ਵੱਲ ਦਰਵਾਜ਼ੇ ਖੋਲ੍ਹੇ ਗਏ ਹਨ ਜਾਂ ਜਨਤਕ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਹੈ, ਤਾਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਜ਼ੀਰਕਪੁਰ।