- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਪਰਿਵਾਰ ਦੀ ਆਰਥਿਕ ਹਾਲਤ ਕਾਰਨ ਆਪਣੇ ਸੁਪਨੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਪੰਜਾਬ ਸਿੱਖਿਆ ਕ੍ਰਾਂਤੀ ਦਾ ਮਕਸਦ ਸਿਰਫ਼ ਕਲਾਸਰੂਮਾਂ ਵਿਚ ਤਬਦੀਲੀ ਲਿਆਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦਾ ਭਵਿੱਖ ਬਿਹਤਰ ਬਣਾਉਣਾ ਵੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ 1000 ਕਾਲਜ ਵਿਦਿਆਰਥੀਆਂ ਨੂੰ ਯੂਪੀਐੱਸਸੀ ਤੇ ਪੰਜਾਬ ਸਿਵਲ ਸੇਵਾਵਾਂ (ਪੀਸੀਐੱਸ) ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਦੇਵੇਗੀ। ਇਨ੍ਹਾਂ ਵਿਚ ਸਰਕਾਰੀ ਕਾਲਜਾਂ ਦੇ 750 ਅਤੇ ਨਿੱਜੀ ਕਾਲਜਾਂ ਦੇ 250 ਵਿਦਿਆਰਥੀ ਸ਼ਾਮਲ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਹੁਣ ਆਰਥਿਕ ਤੰਗੀ ਅਤੇ ਵੱਡੇ ਸ਼ਹਿਰਾਂ ਤੋਂ ਦੂਰੀ ਹੋਣਹਾਰ ਨੌਜਵਾਨਾਂ ਦੇ ਸਿਵਲ ਸੇਵਾਵਾਂ ਵਿਚ ਜਾਣ ਦੇ ਸੁਪਨੇ ਦੇ ਰਾਹ ਵਿਚ ਅੜਿੱਕਾ ਨਹੀਂ ਬਣੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਪਰਿਵਾਰ ਦੀ ਆਰਥਿਕ ਹਾਲਤ ਕਾਰਨ ਆਪਣੇ ਸੁਪਨੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਪੰਜਾਬ ਸਿੱਖਿਆ ਕ੍ਰਾਂਤੀ ਦਾ ਮਕਸਦ ਸਿਰਫ਼ ਕਲਾਸਰੂਮਾਂ ਵਿਚ ਤਬਦੀਲੀ ਲਿਆਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦਾ ਭਵਿੱਖ ਬਿਹਤਰ ਬਣਾਉਣਾ ਵੀ ਹੈ। ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ ਵੱਡੇ ਕੋਚਿੰਗ ਕੇਂਦਰਾਂ ਵਰਗੀ ਤਿਆਰੀ ਦਾ ਮੌਕਾ ਮਿਲੇਗਾ। ਇਸ ਯੋਜਨਾ ਵਿਚ ਲਾਈਵ ਤੇ ਰਿਕਾਰਡ ਕੀਤੀਆਂ ਕਲਾਸਾਂ, ਅਧਿਐਨ ਸਮੱਗਰੀ, ਟੈਸਟ ਸੀਰੀਜ਼, ਉੱਤਰ ਲੇਖਣ ਅਭਿਆਸ, ਮੁਲਾਂਕਣ, ਵਿਅਕਤੀਗਤ ਮੈਂਟਰਸ਼ਿਪ, ਸਵਾਲਾਂ ਦੇ ਹੱਲ ਤੇ ਇੰਟਰਵਿਊ ਦੀ ਤਿਆਰੀ ਸ਼ਾਮਲ ਹੈ।
ਦੂਜੇ ਪਾਸੇ, ਪੀਸੀਐੱਸ ਮੁੱਖ ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਵਿਰੋਧੀ ਧਿਰ ਨੇ ਭਰਤੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਕੁਝ ਪ੍ਰੀਖਿਆ ਕੇਂਦਰਾਂ ਦੇ ਕਮਰਿਆਂ ਵਿੱਚੋਂ ਅਸਧਾਰਨ ਗਿਣਤੀ ਵਿਚ ਉਮੀਦਵਾਰ ਚੁਣੇ ਗਏ ਹਨ। ਉਨ੍ਹਾਂ ਨੇ ਇੰਟਰਵਿਊ ਰੋਕਣ ਅਤੇ ਉੱਤਰ ਪੁਸਤਿਕਾਵਾਂ ਸੀਲ ਕਰਨ ਦੀ ਮੰਗ ਕੀਤੀ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੀ ਚੋਣ ਅਤੇ ਗੈਰ-ਹਾਜ਼ਰ ਉਮੀਦਵਾਰਾਂ ਦੇ ਰੋਲ ਨੰਬਰ ਨਤੀਜੇ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ। ਪੀਪੀਐੱਸਸੀ ਨੇ 331 ਅਸਾਮੀਆਂ ਲਈ ਹੋਈ ਪੀਸੀਐੱਸ ਮੁੱਖ ਪ੍ਰੀਖਿਆ ਦੇ ਨਤੀਜੇ ਵਿਚ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਆਰਜ਼ੀ ਤੌਰ ’ਤੇ ਸ਼ਾਰਟਲਿਸਟ ਕੀਤਾ ਹੈ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ।
ਜੇਈਈ ਤੇ ਨੀਟ ਦੀ ਮੁਫ਼ਤ ਕੋਚਿੰਗ ਲੈ ਰਹੇ ਹਨ 58,614 ਵਿਦਿਆਰਥੀ
ਸਰਕਾਰ ਮੁਤਾਬਕ, ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੀਏਸੀਈ) ਤਹਿਤ 58,614 ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਜੇਈਈ ਤੇ ਨੀਟ ਦੀ ਮੁਫ਼ਤ ਕੋਚਿੰਗ ਲੈ ਰਹੇ ਹਨ। ਫਿਜ਼ਿਕਸ ਵਾਲਾ ਤੇ ਅਵੰਤੀ ਨਾਲ ਭਾਈਵਾਲੀ ’ਚ 29,129 ਵਿਦਿਆਰਥੀ ਜੇਈਈ ਤੇ 22,096 ਵਿਦਿਆਰਥੀ ਨੀਟ ਦੀ ਤਿਆਰੀ ਕਰ ਰਹੇ ਹਨ। ਨੌਵੀਂ ਦੇ 3,110 ਅਤੇ ਦਸਵੀਂ ਜਮਾਤ ਦੇ 4,279 ਵਿਦਿਆਰਥੀ ਬੁਨਿਆਦੀ ਕੋਚਿੰਗ ਲੈ ਰਹੇ ਹਨ। ਸਾਲ 2026 ਵਿਚ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ, 361 ਨੇ ਜੇਈਈ ਮੇਨ ਅਤੇ 64 ਨੇ ਜੇਈਈ ਐਡਵਾਂਸਡ ਪਾਸ ਕੀਤਾ। ਨੀਟ ਵਿਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2024 ਵਿਚ 437, 2025 ਵਿਚ 847 ਤੇ 2026 ਵਿਚ 882 ਰਹੀ।