- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਹੀ ਨਹੀਂ, ਸਗੋਂ ਲੋਕ-ਪੱਖੀ ਸੋਚ ਅਤੇ ਸਮਾਜਕ ਸਰੋਕਾਰਾਂ ਲਈ ਵੀ ਵੱਡਾ ਘਾਟਾ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਚੰਡੀਗੜ੍ਹ-ਉੱਘੇ ਪੱਤਰਕਾਰ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੀਨੀਅਰ ਆਗੂ ਕਾਮਰੇਡ ਚੰਦ ਫ਼ਤਿਹਪੁਰੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕਾਮਰੇਡ ਚੰਦ ਫ਼ਤਿਹਪੁਰੀ ਨੇ ਲੰਮੇ ਸਮੇਂ ਤੱਕ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ‘ਨਵਾਂ ਜ਼ਮਾਨਾ’ ਨਾਲ ਉਨ੍ਹਾਂ ਦਾ ਲੰਮਾ ਅਤੇ ਗਹਿਰਾ ਸਬੰਧ ਰਿਹਾ ਅਤੇ ਸੰਪਾਦਕ ਵਜੋਂ ਉਨ੍ਹਾਂ ਨੇ ਅਖ਼ਬਾਰ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਆਪਣੀ ਲੇਖਣੀ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦੁੱਖ-ਦਰਦ, ਸਮਾਜਕ ਸਰੋਕਾਰਾਂ ਅਤੇ ਆਮ ਲੋਕਾਂ ਦੇ ਹੱਕਾਂ ਨਾਲ ਜੁੜੇ ਸਵਾਲਾਂ ਨੂੰ ਆਵਾਜ਼ ਦਿੱਤੀ। ਖੱਬੀ ਲਹਿਰ ਨਾਲ ਜੁੜੇ ਇੱਕ ਸਰਗਰਮ ਆਗੂ ਵਜੋਂ ਵੀ ਉਨ੍ਹਾਂ ਦੀ ਲੰਮੀ ਭੂਮਿਕਾ ਰਹੀ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਅਤੇ ਲੋਕ-ਪੱਖੀ ਜਨਤਕ ਜੀਵਨ ਵਿੱਚ ਇੱਕ ਅਜਿਹੀ ਆਵਾਜ਼ ਦਾ ਵਿਛੋੜਾ ਹੋਇਆ ਹੈ, ਜਿਸ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਹੀ ਨਹੀਂ, ਸਗੋਂ ਲੋਕ-ਪੱਖੀ ਸੋਚ ਅਤੇ ਸਮਾਜਕ ਸਰੋਕਾਰਾਂ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਚੰਦ ਫ਼ਤਿਹਪੁਰੀ ਨੇ ਪੱਤਰਕਾਰੀ ਨੂੰ ਸਿਰਫ਼ ਰੋਜ਼ਾਨਾ ਘਟਨਾਵਾਂ ਦੀ ਰਿਪੋਰਟਿੰਗ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਲੋਕਾਂ ਦੇ ਸਵਾਲਾਂ ਅਤੇ ਸਮਾਜ ਦੀਆਂ ਹਕੀਕਤਾਂ ਨਾਲ ਜੋੜ ਕੇ ਦੇਖਿਆ। ਉਹ ਆਪਣੇ ਵਿਚਾਰਾਂ ਪ੍ਰਤੀ ਵਚਨਬੱਧ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਸਨ। ਸਭਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ, ਉਨ੍ਹਾਂ ਦੀ ਸੋਚ ਅਤੇ ਲੋਕ-ਪੱਖੀ ਪੱਤਰਕਾਰੀ ਦੀ ਰਵਾਇਤ ਉਨ੍ਹਾਂ ਦੀ ਯਾਦ ਨੂੰ ਜਿਊਂਦਾ ਰੱਖੇਗੀ। ਉਨ੍ਹਾਂ ਕਾਮਰੇਡ ਚੰਦ ਫ਼ਤਿਹਪੁਰੀ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।
ਜਾਰੀ ਕਰਤਾ
ਸੁਸ਼ੀਲ ਦੁਸਾਂਝ, ਜਨਰਲ ਸਕੱਤਰ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)
ਸੰਪਰਕ-98887-99870