ਹਾਈ ਕੋਰਟ ਵੱਲੋਂ ਪੁਲਿਸ ਨੂੰ ਝਟਕਾ, ਸਿਰਫ਼ ਹਥਿਆਰ ਪੇਸ਼ ਨਾ ਕਰ ਪਾਉਣ ਕਾਰਨ ਜ਼ਮਾਨਤ ਖ਼ਤਮ ਨਹੀਂ ਹੋਵੇਗੀ; ਕਾਨੂੰਨੀ ਨਿਯਮ ਕੀਤੇ ਸਪੱਸ਼ਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਮੁਲਜ਼ਮ ਇਹ ਕਹਿੰਦਾ ਹੈ ਕਿ ਕਥਿਤ ਹਥਿਆਰ ਉਸ ਦੇ ਕਬਜ਼ੇ 'ਚ ਨਹੀਂ ਹੈ, ਤਾਂ ਸਿਰਫ਼ ਉਸ ਨੂੰ ਪੇਸ਼ ਨਾ ਕੀਤੇ ਜਾਣ ਦੇ ਆਧਾਰ 'ਤੇ ਉਸ ਨੂੰ ਜਾਂਚ 'ਚ ਅਸਹਿਯੋਗੀ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਗਾਂਊਂ ਜ਼ਮਾਨਤ ਦਾ ਉਦੇਸ਼ ਮੁਲਜ਼ਮ ਦੀ ਨਿੱਜੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਜਾਂਚ ਲਈ ਉਸ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਹੈ, ਨਾ ਕਿ ਹਿਰਾਸਤ ਦੇ ਜ਼ਰੀਏ ਬਰਾਮਦਗੀ ਲਈ ਉਸ ਨੂੰ ਮਜ਼ਬੂਰ ਕਰਨਾ। ਜਸਟਿਸ ਮਨੀਸ਼ਾ ਬਤਰਾ ਨੇ ਇਹ ਟਿੱਪਣੀ ਦਿਲਬਾਗ ਸਿੰਘ ਦੀ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਕੀਤੀ। ਅਦਾਲਤ ਨੇ 18 ਮਈ
Publish Date: Sat, 11 Jul 2026 12:04 PM (IST)
Updated Date: Sat, 11 Jul 2026 12:07 PM (IST)
ਦਯਾਨੰਦ ਸ਼ਰਮਾ, ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਮੁਲਜ਼ਮ ਇਹ ਕਹਿੰਦਾ ਹੈ ਕਿ ਕਥਿਤ ਹਥਿਆਰ ਉਸ ਦੇ ਕਬਜ਼ੇ 'ਚ ਨਹੀਂ ਹੈ, ਤਾਂ ਸਿਰਫ਼ ਉਸ ਨੂੰ ਪੇਸ਼ ਨਾ ਕੀਤੇ ਜਾਣ ਦੇ ਆਧਾਰ 'ਤੇ ਉਸ ਨੂੰ ਜਾਂਚ 'ਚ ਅਸਹਿਯੋਗੀ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਗਾਂਊਂ ਜ਼ਮਾਨਤ ਦਾ ਉਦੇਸ਼ ਮੁਲਜ਼ਮ ਦੀ ਨਿੱਜੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਜਾਂਚ ਲਈ ਉਸ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਹੈ, ਨਾ ਕਿ ਹਿਰਾਸਤ ਦੇ ਜ਼ਰੀਏ ਬਰਾਮਦਗੀ ਲਈ ਉਸ ਨੂੰ ਮਜ਼ਬੂਰ ਕਰਨਾ। ਜਸਟਿਸ ਮਨੀਸ਼ਾ ਬਤਰਾ ਨੇ ਇਹ ਟਿੱਪਣੀ ਦਿਲਬਾਗ ਸਿੰਘ ਦੀ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਕੀਤੀ। ਅਦਾਲਤ ਨੇ 18 ਮਈ 2026 ਦੇ ਉਸ ਆਦੇਸ਼ ਨੂੰ ਵਾਪਸ ਲੈ ਲਿਆ, ਜਿਸ ਰਾਹੀਂ ਪਟੀਸ਼ਨਕਰਤਾ ਨੂੰ ਮਿਲੀ ਅੰਤਰਿਮ ਅਗਾਂਊਂ ਜ਼ਮਾਨਤ ਦੀ ਰਾਹਤ ਖ਼ਤਮ ਕਰ ਦਿੱਤੀ ਗਈ ਸੀ। ਇਹ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਥਾਣੇ 'ਚ 5 ਜਨਵਰੀ 2026 ਨੂੰ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਦਰਜ FIR ਨਾਲ ਸਬੰਧਤ ਹੈ।
ਪਟੀਸ਼ਨਕਰਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 482 ਤਹਿਤ ਅਗਾਂਊਂ ਜ਼ਮਾਨਤ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 28 ਜਨਵਰੀ 2026 ਨੂੰ ਅੰਤਰਿਮ ਅਗਾਂਊਂ ਜ਼ਮਾਨਤ ਦਿੰਦਿਆਂ ਪਟੀਸ਼ਨਕਰਤਾ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸਨ। ਬਾਅਦ 'ਚ ਰਾਜ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਕਰਤਾ ਜਾਂਚ 'ਚ ਸ਼ਾਮਲ ਤਾਂ ਹੋਇਆ, ਪਰ ਸਹਿਯੋਗ ਨਹੀਂ ਕਰ ਰਿਹਾ। ਸਰਕਾਰੀ ਪੱਖ ਦਾ ਕਹਿਣਾ ਸੀ ਕਿ ਜਿਸ ਹਥਿਆਰ ਨਾਲ ਜ਼ਖ਼ਮੀ ਕਰਨ ਦਾ ਦੋਸ਼ ਹੈ, ਉਹ ਬਰਾਮਦ ਹੋ ਚੁੱਕਾ ਹੈ, ਪਰ ਹਵਾ 'ਚ ਫਾਇਰ ਕਰਨ ਲਈ ਵਰਤਿਆ ਗਿਆ ਕਥਿਤ ਰਿਵਾਲਵਰ ਬਰਾਮਦ ਨਹੀਂ ਹੋਇਆ। ਇਸੇ ਆਧਾਰ 'ਤੇ ਅਦਾਲਤ ਨੇ ਕਈ ਵਾਰ ਪਟੀਸ਼ਨਕਰਤਾ ਨੂੰ ਜਾਂਚ 'ਚ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਅਤੇ ਅਖ਼ੀਰ 18 ਮਈ 2026 ਨੂੰ ਅੰਤਰਿਮ ਸੁਰੱਖਿਆ ਖ਼ਤਮ ਕਰ ਦਿੱਤੀ ਸੀ। ਪਟੀਸ਼ਨਕਰਤਾ ਵੱਲੋਂ ਦਲੀਲ ਦਿੱਤੀ ਗਈ ਕਿ ਉਹ ਜਾਂਚ 'ਚ ਸ਼ਾਮਲ ਹੋ ਚੁੱਕਾ ਹੈ ਅਤੇ ਜਾਂਚ ਅਧਿਕਾਰੀ (IO) ਉਸ 'ਤੇ ਅਜਿਹਾ ਰਿਵਾਲਵਰ ਜਮ੍ਹਾਂ ਕਰਵਾਉਣ ਦਾ ਦਬਾਅ ਬਣਾ ਰਿਹਾ ਹੈ, ਜੋ ਉਸ ਦੇ ਕਬਜ਼ੇ 'ਚ ਹੈ ਹੀ ਨਹੀਂ। ਇਸ ਲਈ ਸਿਰਫ਼ ਕਥਿਤ ਹਥਿਆਰ ਦੀ ਬਰਾਮਦਗੀ ਨਾ ਹੋਣ ਦੇ ਆਧਾਰ 'ਤੇ ਉਸ ਦੀ ਅਗਾਂਊਂ ਜ਼ਮਾਨਤ ਖ਼ਤਮ ਕਰਨਾ ਜਾਇਜ਼ ਨਹੀਂ ਸੀ।
ਰਿਕਾਰਡ ਦਾ ਨਿਰੀਖਣ ਕਰਨ ਤੋਂ ਬਾਅਦ ਹਾਈਕੋਰਟ ਨੇ ਪਾਇਆ ਕਿ ਪਟੀਸ਼ਨਕਰਤਾ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਂਚ 'ਚ ਹਿੱਸਾ ਲਿਆ ਸੀ। ਅਦਾਲਤ ਨੇ ਕਿਹਾ ਕਿ ਸਿਰਫ਼ ਕਿਸੇ ਵਸਤੂ ਨੂੰ ਪੇਸ਼ ਨਾ ਕਰ ਪਾਉਣਾ, ਜਿਸ ਬਾਰੇ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਉਸ ਦੇ ਕਬਜ਼ੇ 'ਚ ਹੀ ਨਹੀਂ ਹੈ, ਉਸ ਨੂੰ ਜਾਂਚ 'ਚ ਅਸਹਿਯੋਗ ਨਹੀਂ ਮੰਨਿਆ ਜਾ ਸਕਦਾ। ਹਾਈਕੋਰਟ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਪਟੀਸ਼ਨਕਰਤਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨ ਦੀ ਕੋਈ ਠੋਸ ਲੋੜ ਨਹੀਂ ਦੱਸ ਸਕੀ ਅਤੇ ਸਿਰਫ਼ ਕਥਿਤ ਹਥਿਆਰ ਦੀ ਬਰਾਮਦਗੀ ਨਾ ਹੋਣਾ ਇਸ ਦਾ ਆਧਾਰ ਨਹੀਂ ਬਣ ਸਕਦਾ। ਇਨ੍ਹਾਂ ਹਾਲਾਤਾਂ 'ਚ ਅਦਾਲਤ ਨੇ ਅੰਤਰਿਮ ਸੁਰੱਖਿਆ ਬਹਾਲ ਕਰਦਿਆਂ ਅਗਾਂਊਂ ਜ਼ਮਾਨਤ ਦੀ ਪਟੀਸ਼ਨ ਸਵੀਕਾਰ ਕਰ ਲਈ।