- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਮੁਤਾਬਕ ਨੈਸ਼ਨਲ ਇਨਵੈਸਟਮੈਂਟ ਪਾਲਿਸੀ ਫਾਰ ਯੂਰੀਆ-2026 ਤਹਿਤ ਜਨਤਕ ਖੇਤਰ, ਨਿੱਜੀ ਖੇਤਰ ਅਤੇ ਸਹਿਕਾਰੀ ਖੇਤਰ ਦੀਆਂ ਛੇ ਯੂਰੀਆ ਉਤਪਾਦਨ ਇਕਾਈਆਂ ਨੂੰ ਅੱਗੇ ਵਧਾਇਆ ਗਿਆ ਹੈ।

ਜਾਗਰਣ ਟੀਮ, ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਨੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ, ਖਾਦ ਸੁਰੱਖਿਆ ਯਕੀਨੀ ਕਰਨ ਤੇ ਯੂਰੀਆ ਉਤਪਾਦਨ ’ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਵੱਲ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਨੈਸ਼ਨਲ ਇਨਵੈਸਟਮੈਂਟ ਪਾਲਿਸੀ ਫਾਰ ਯੂਰੀਆ (ਐੱਨਆਈਪੀਯੂ)-2026 ਤਹਿਤ ਪੁਰਾਣੇ ਪਲਾਂਟਾਂ ਦੀ ਥਾਂ ਨਵੀਆਂ ਇਕਾਈਆਂ ਲਾਉਣ ਦੀ ਯੋਜਨਾ ਅਧੀਨ ਪੰਜਾਬ ਦੇ ਨੰਗਲ ਸਮੇਤ ਛੇ ਯੂਰੀਆ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ ਲਗਪਗ 54 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਤੋਂ ਇਲਾਵਾ ਹੋਰ ਪ੍ਰਾਜੈਕਟ ਵੀ ਵਿਚਾਰ ਅਧੀਨ ਹਨ।
ਕੇਂਦਰ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਮੁਤਾਬਕ ਨੈਸ਼ਨਲ ਇਨਵੈਸਟਮੈਂਟ ਪਾਲਿਸੀ ਫਾਰ ਯੂਰੀਆ-2026 ਤਹਿਤ ਜਨਤਕ ਖੇਤਰ, ਨਿੱਜੀ ਖੇਤਰ ਅਤੇ ਸਹਿਕਾਰੀ ਖੇਤਰ ਦੀਆਂ ਛੇ ਯੂਰੀਆ ਉਤਪਾਦਨ ਇਕਾਈਆਂ ਨੂੰ ਅੱਗੇ ਵਧਾਇਆ ਗਿਆ ਹੈ। ਇਸੇ ਲੜੀ ’ਚ ਰਸਾਇਣ ਤੇ ਖਾਦ ਮੰਤਰਾਲੇ ਨੇ ਐੱਨਐੱਫਐੱਲ ਨੰਗਲ ’ਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਉਤਪਾਦਨ ਸਮਰੱਥਾ ਵਾਲੇ ਨਵੇਂ ਯੂਰੀਆ ਨਿਰਮਾਣ ਪਲਾਂਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਨਵਾਂ ਪਲਾਂਟ ਆਧੁਨਿਕ ਤਕਨੀਕ ਨਾਲ ਸਥਾਪਿਤ ਕੀਤਾ ਜਾਵੇਗਾ ਅਤੇ ਮੌਜੂਦਾ ਪੁਰਾਣੇ ਯੂਰੀਆ ਪਲਾਂਟ ਦੀ ਜਗ੍ਹਾ ਲਵੇਗਾ। ਲਗਪਗ 50-55 ਸਾਲ ਪੁਰਾਣੇ ਇਸ ਪਲਾਂਟ ਦੀ ਥਾਂ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲੀ ਆਧੁਨਿਕ ਇਕਾਈ ਲਾਈ ਜਾਵੇਗੀ। ਮੌਜੂਦਾ ਪਲਾਂਟ ਦੀ ਉਤਪਾਦਨ ਸਮਰੱਥਾ 4.73 ਲੱਖ ਮੀਟ੍ਰਿਕ ਟਨ ਸਾਲਾਨਾ ਹੈ। ਸਰਕਾਰ ਮੁਤਾਬਕ ਨੰਗਲ ਯੂਰੀਆ ਪਲਾਂਟ ’ਚ ਊਰਜਾ ਦੀ ਖਪਤ ਤੇ ਉਤਪਾਦਨ ਲਾਗਤ ਕਾਫ਼ੀ ਜ਼ਿਆਦਾ ਹੈ। ਨੰਗਲ ਪਲਾਂਟ ’ਚ ਇਕ ਮੀਟ੍ਰਿਕ ਟਨ ਯੂਰੀਆ ਦੇ ਉਤਪਾਦਨ ਲਈ 6.498 ਗੀਗਾ ਕੈਲੋਰੀ ਊਰਜਾ ਦੀ ਖਪਤ ਹੁੰਦੀ ਹੈ, ਜਦਕਿ ਉਦਯੋਗ ਦਾ ਔਸਤ 5.95 ਗੀਗਾ ਕੈਲੋਰੀ ਤੇ ਨਵਾਂ ਊਰਜਾ ਮਿਆਰ 5 ਗੀਗਾ ਕੈਲੋਰੀ ਹੈ। ਇਸ ਲਈ ਪੁਰਾਣੀਆਂ ਇਕਾਈਆਂ ਨੂੰ ਬਦਲ ਕੇ ਆਧੁਨਿਕ ਤਕਨੀਕ ਵਾਲੇ ਪਲਾਂਟ ਲਾਉਣ ਨਾਲ ਊਰਜਾ ਦੀ ਬੱਚਤ ਤੇ ਸੁਰੱਖਿਆ ’ਚ ਸੁਧਾਰ ਹੋਵੇਗਾ।
ਇਸ ਤੋਂ ਇਲਾਵਾ ਜਿਨ੍ਹਾਂ ਹੋਰ ਪੰਜ ਯੂਰੀਆ ਪਲਾਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ’ਚ ਐੱਮਐੱਫਐੱਲ-ਮਦਰਾਸ (ਚੇਨਈ, ਤਾਮਿਲਨਾਡੂ) ਵੀ ਸ਼ਾਮਲ ਹੈ। ਇੱਥੇ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲਾ ਨਵਾਂ ਪਲਾਂਟ ਲਾਇਆ ਜਾਵੇਗਾ। ਮੌਜੂਦਾ ਇਕਾਈ 60 ਸਾਲ ਤੋਂ ਵੱਧ ਪੁਰਾਣੀ ਹੈ। ਇਸ ਦੀ ਉਤਪਾਦਨ ਲਾਗਤ ਅਤੇ ਊਰਜਾ ਦੀ ਖਪਤ ਵੱਧ ਹੈ ਅਤੇ ਸੁਰੱਖਿਆ ਸਬੰਧੀ ਖ਼ਤਰੇ ਵੀ ਹਨ। ਇਸੇ ਤਰ੍ਹਾਂ ਕੇਐੱਫਐੱਲ-ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ’ਚ ਕ੍ਰਿਭਕੋ ਦੀ ਇਸ ਸਹਿਕਾਰੀ ਖੇਤਰ ਦੀ ਇਕਾਈ ਦਾ ਵਿਸਥਾਰ ਕੀਤਾ ਜਾਵੇਗਾ। 1995 ’ਚ ਸ਼ੁਰੂ ਹੋਏ ਪਲਾਂਟ ਦੀ ਸਾਲਾਨਾ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ। ਮੈਟਿਕਸ-ਪਾਨਾਗੜ੍ਹ (ਪੱਛਮੀ ਬੰਗਾਲ) ’ਚ ਨਿੱਜੀ ਖੇਤਰ ਦੀ ਇਸ ਇਕਾਈ ’ਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲਾ ਪਲਾਂਟ ਲਾਇਆ ਜਾਵੇਗਾ। ਮੌਜੂਦਾ ਪਲਾਂਟ 2017 ’ਚ ਸ਼ੁਰੂ ਹੋਇਆ ਸੀ। ਪੱਛਮੀ ਬੰਗਾਲ ’ਚ ਇਸ ਵੇਲੇ ਸਿਰਫ਼ ਇਕ ਯੂਰੀਆ ਪਲਾਂਟ ਹੈ। ਸੀਐੱਫਸੀਐੱਲ-ਗੜੇਪਨ (ਕੋਟਾ, ਰਾਜਸਥਾਨ) : 1994 ਤੋਂ ਚੱਲ ਰਹੇ ਕੰਪਲੈਕਸ ਦਾ ਵਿਸਥਾਰ ਕਰ ਕੇ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲੀ ਇਕਾਈ ਸਥਾਪਤ ਕੀਤੀ ਜਾਵੇਗੀ। ਆਈਆਈਪੀਐੱਲ-ਜਗਦੀਸ਼ਪੁਰ (ਉੱਤਰ ਪ੍ਰਦੇਸ਼) : 1988 ’ਚ ਸਥਾਪਤ ਹੋਏ ਪਲਾਂਟ ’ਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਦਾ ਵਾਧਾ ਕਰਨ ਦੀ ਯੋਜਨਾ ਹੈ।
ਇਨ੍ਹਾਂ ਪ੍ਰਾਜੈਕਟਾਂ ਲਈ ਪਹਿਲਾਂ ਤੋਂ ਮੌਜੂਦ ਜ਼ਮੀਨ, ਬਿਜਲੀ, ਪਾਣੀ, ਬੁਨਿਆਦੀ ਢਾਂਚੇ, ਆਵਾਜਾਈ ਸਹੂਲਤਾਂ ਤੇ ਤਕਨੀਕੀ ਕਾਮਿਆਂ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਪ੍ਰਾਜੈਕਟਾਂ ਨੂੰ ਘੱਟ ਸਮੇਂ ’ਚ ਪੂਰਾ ਕਰਨ ਅਤੇ ਲਾਗਤ ਘਟਾਉਣ ’ਚ ਮਦਦ ਮਿਲੇਗੀ।
ਦਰਾਮਦ ’ਤੇ ਨਿਰਭਰਤਾ ਘਟਾਉਣ ਦਾ ਟੀਚਾ
ਭਾਰਤ ’ਚ ਯੂਰੀਆ ਦੀ ਸਾਲਾਨਾ ਖਪਤ ਲਗਪਗ 400 ਲੱਖ ਮੀਟ੍ਰਿਕ ਟਨ ਹੈ। ਦੇਸ਼ ’ਚ ਯੂਰੀਆ ਦਾ ਉਤਪਾਦਨ 2014-15 ਦੇ 225 ਲੱਖ ਮੀਟ੍ਰਿਕ ਟਨ ਤੋਂ ਵਧ ਕੇ 2023-24 ’ਚ ਰਿਕਾਰਡ 314.07 ਲੱਖ ਮੀਟ੍ਰਿਕ ਟਨ ਹੋ ਗਿਆ ਸੀ। 2025-26 ਦੌਰਾਨ ਇਹ 293.30 ਲੱਖ ਮੀਟ੍ਰਿਕ ਟਨ ਰਿਹਾ। ਦੇਸ਼ ਦੀ ਮੁੜ ਮੁਲਾਂਕਣ ਕੀਤੀ ਗਈ ਸਵਦੇਸ਼ੀ ਉਤਪਾਦਨ ਸਮਰੱਥਾ 2014-15 ਦੇ 207.54 ਲੱਖ ਮੀਟ੍ਰਿਕ ਟਨ ਤੋਂ ਵਧ ਕੇ 2026-27 ’ਚ 269.42 ਲੱਖ ਮੀਟ੍ਰਿਕ ਟਨ ਹੋ ਗਈ ਹੈ। ਨਵੀਆਂ ਇਕਾਈਆਂ ਸਥਾਪਤ ਹੋਣ ਅਤੇ ਮੌਜੂਦਾ ਪਲਾਂਟਾਂ ਦੇ ਵਿਸਥਾਰ ਨਾਲ ਯੂਰੀਆ ਦੀ ਘਰੇਲੂ ਉਪਲਬਧਤਾ ਵਧੇਗੀ। ਇਸ ਨਾਲ ਦਰਾਮਦ ’ਤੇ ਨਿਰਭਰਤਾ ਘਟਣ, ਵਿਦੇਸ਼ੀ ਮੁਦਰਾ ਦੀ ਬੱਚਤ ਅਤੇ ਕਿਸਾਨਾਂ ਨੂੰ ਖਾਦ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ’ਚ ਮਦਦ ਮਿਲੇਗੀ।
54 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਰੁਜ਼ਗਾਰ ਦੇ ਮੌਕੇ
ਛੇ ਨਵੇਂ ਪਲਾਂਟਾਂ ’ਚੋਂ ਹਰੇਕ ’ਤੇ ਲਗਪਗ 9,000 ਕਰੋੜ ਰੁਪਏ ਦੀ ਪੂੰਜੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਤਰ੍ਹਾਂ ਕੁੱਲ ਨਿਵੇਸ਼ ਲਗਪਗ 54 ਹਜ਼ਾਰ ਕਰੋੜ ਰੁਪਏ ਹੋਵੇਗਾ। ਨਿਵੇਸ਼ਕਾਂ ਦਾ ਭਰੋਸਾ ਵਧਾਉਣ ਲਈ ਸਰਕਾਰ ਨੇ 12 ਤੋਂ 16 ਫ਼ੀਸਦ ਤੱਕ ਇਕੁਇਟੀ ’ਤੇ ਵਾਪਸੀ (ਆਰਓਈ) ਦੀ ਵਿਵਸਥਾ ਕੀਤੀ ਹੈ। ਇਸ ’ਚ ਘੱਟੋ-ਘੱਟ 12 ਫ਼ੀਸਦ ਅਤੇ ਵੱਧ ਤੋਂ ਵੱਧ 16 ਫ਼ੀਸਦ ਦੀ ਹੱਦ ਰੱਖੀ ਗਈ ਹੈ।
ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਦੀਆਂ ਦਰਾਂ ’ਚ ਉਤਰਾਅ-ਚੜ੍ਹਾਅ ਦੇ ਪ੍ਰਭਾਵ ਨੂੰ ਘਟਾਉਣ ਲਈ ਵੀ ਵਿਵਸਥਾ ਕੀਤੀ ਗਈ ਹੈ। ਚਾਰ ਸਾਲਾਂ ਬਾਅਦ ਉਸ ਸਮੇਂ ਦੀਆਂ ਪ੍ਰਚਲਿਤ ਦਰਾਂ ਅਨੁਸਾਰ ਵਿਦੇਸ਼ੀ ਮੁਦਰਾ ਨੂੰ ਭਾਰਤੀ ਰੁਪਏ ’ਚ ਤਬਦੀਲ ਕੀਤਾ ਜਾਵੇਗਾ। ਸਰਕਾਰ ਅਨੁਸਾਰ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਨਾਲ ਸਾਲਾਨਾ ਲਗਪਗ 225 ਕਰੋੜ ਰੁਪਏ ਦੀ ਬੱਚਤ ਹੋ ਸਕਦੀ ਹੈ, ਜੋ ਅੱਠ ਸਾਲਾਂ ’ਚ ਕਰੀਬ 1,800 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਪ੍ਰਾਜੈਕਟਾਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਪਹਿਲਾਂ ਵੀ ਛੇ ਨਵੇਂ ਪਲਾਂਟ ਲੱਗੇ
ਸਰਕਾਰ ਵੱਲੋਂ 2 ਜਨਵਰੀ 2013 ਨੂੰ ਐਲਾਨੀ ਗਈ ਨਵੀਂ ਨਿਵੇਸ਼ ਨੀਤੀ-2012 ਅਤੇ 7 ਅਕਤੂਬਰ 2014 ਨੂੰ ਕੀਤੀਆਂ ਸੋਧਾਂ ਤਹਿਤ ਦੇਸ਼ ’ਚ ਛੇ ਨਵੇਂ ਯੂਰੀਆ ਪਲਾਂਟ ਸਥਾਪਤ ਕੀਤੇ ਗਏ ਸਨ। ਇਨ੍ਹਾਂ ’ਚੋਂ ਚਾਰ ਜਨਤਕ ਖੇਤਰ ਦੀਆਂ ਨਾਮਜ਼ਦ ਕੰਪਨੀਆਂ ਦੇ ਸਾਂਝੇ ਉੱਦਮਾਂ ਰਾਹੀਂ ਲਾਏ ਗਏ ਸਨ। ਇਨ੍ਹਾਂ ’ਚ ਤੇਲੰਗਾਨਾ ਦਾ ਰਾਮਾਗੁੰਡਮ ਪਲਾਂਟ ਅਤੇ ਉੱਤਰ ਪ੍ਰਦੇਸ਼, ਝਾਰਖੰਡ ਤੇ ਬਿਹਾਰ ਦੇ ਗੋਰਖਪੁਰ, ਸਿੰਦਰੀ ਅਤੇ ਬਰੌਨੀ ਪਲਾਂਟ ਸ਼ਾਮਲ ਹਨ। ਬਾਕੀ ਦੋ ਪਲਾਂਟ ਪੱਛਮੀ ਬੰਗਾਲ ਦੇ ਪਾਨਾਗੜ੍ਹ ਅਤੇ ਰਾਜਸਥਾਨ ਦੇ ਗੜੇਪਨ ’ਚ ਨਿੱਜੀ ਕੰਪਨੀਆਂ ਵੱਲੋਂ ਲਾਏ ਗਏ ਸਨ। ਇਨ੍ਹਾਂ ਛੇ ਇਕਾਈਆਂ ’ਚੋਂ ਹਰੇਕ ਦੀ ਸਾਲਾਨਾ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੈ। ਇਨ੍ਹਾਂ ਨਾਲ ਦੇਸ਼ ਦੀ ਕੁੱਲ ਸਵਦੇਸ਼ੀ ਉਤਪਾਦਨ ਸਮਰੱਥਾ ’ਚ 76.2 ਲੱਖ ਮੀਟ੍ਰਿਕ ਟਨ ਦਾ ਵਾਧਾ ਹੋਇਆ ਸੀ।
ਇਸ ਤੋਂ ਇਲਾਵਾ ਓਡੀਸ਼ਾ ਦੇ ਤਾਲਚੇਰ ਫਰਟੀਲਾਈਜ਼ਰ ਪ੍ਰਾਜੈਕਟ ’ਤੇ ਕੋਲਾ ਗੈਸੀਫਿਕੇਸ਼ਨ ਤਕਨੀਕ ਰਾਹੀਂ ਕੰਮ ਚੱਲ ਰਿਹਾ ਹੈ, ਜਿਸ ਦੇ ਦਸੰਬਰ 2027 ਤੱਕ ਪੂਰਾ ਹੋਣ ਦੀ ਉਮੀਦ ਹੈ। ਅਸਾਮ ਦੇ ਨਾਮਰੂਪ ’ਚ ਅਸਾਮ ਵੈਲੀ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਕੰਪਨੀ ਲਿਮਟਿਡ (ਏਵੀਐੱਫਸੀਸੀਐੱਲ) ਦਾ ਪ੍ਰਾਜੈਕਟ ਵੀ ਐਲਾਨਿਆ ਜਾ ਚੁੱਕਾ ਹੈ।
--------
ਡਾ. ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ਤੇ ਜੇਪੀ ਨੱਡਾ ਦਾ ਕੀਤਾ ਧੰਨਵਾਦ
ਇਸ ਫ਼ੈਸਲੇ ’ਤੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨੰਗਲ ਦੇ ਲੋਕਾਂ ਸਾਹਮਣੇ ਐੱਨਐੱਫਐੱਲ ਪਲਾਂਟ ਦੇ ਵਿਸਥਾਰ ਤੇ ਇਸ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਤੇ ਇਸ ਦਿਸ਼ਾ ਵਿਚ ਯਤਨ ਕਰਨ ਦਾ ਵਾਅਦਾ ਕੀਤਾ ਸੀ। ਕੇਂਦਰ ਦੀ ਮਨਜ਼ੂਰੀ ਨਾਲ ਉਹ ਵਾਅਦਾ ਪੂਰਾ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਐੱਨਐੱਫਐੱਲ ਨੰਗਲ ਖੇਤਰ ਦੀ ਆਰਥਿਕਤਾ, ਰੁਜ਼ਗਾਰ ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਮਹੱਤਵਪੂਰਨ ਆਧਾਰ ਹੈ। ਨਵੇਂ ਪਲਾਂਟ ਨਾਲ ਨੰਗਲ ਦੀ ਉਦਯੋਗਿਕ ਪਛਾਣ ਮਜ਼ਬੂਤ ਹੋਵੇਗੀ ਤੇ ਖੇਤਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਵਧਣਗੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨਵਾਂ ਪਲਾਂਟ ਖੇਤਰ ਦੇ ਆਰਥਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਏਗਾ।