- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੁੱਘ ਦੀ ਉਮੀਦਵਾਰੀ ਨਾਲ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪਾਰਟੀ ਪੁਰਾਣੇ ਅਤੇ ਮੂਲ ਕਾਡਰ ਦਾ ਪੂਰਾ ਧਿਆਨ ਰੱਖ ਰਹੀ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ ਤੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਭਾਜਪਾ ਵਿਚ ਸ਼ਾਮਲ ਕਰਕੇ ਉਨ੍ਹਾਂ ਨੂੰ ਅਹੁਦੇਦਾਰੀਆਂ ਅਤੇ ਸਰਕਾਰ ਵਿਚ ਮਾਣ ਸਤਿਕਾਰ ਦਿੱਤੇ ਜਾਣ ਨਾਲ ਆਗੂ ਤੇ ਵਰਕਰ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਸਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਨੇਤਾ ਤਰੁਣ ਚੁੱਘ ਦਾ ਰਾਜ ਸਭਾ ਵਿਚ ਜਾਣਾ ਤੈਅ ਹੋ ਗਿਆ ਹੈ। ਭਾਜਪਾ ਹਾਈਕਮਾਨ ਨੇ ਅੰਮ੍ਰਿਤਸਰ ਵਾਸੀ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ। ਲੰਬੇ ਅਰਸੇ ਤੋਂ ਪਾਰਟੀ ਨਾਲ ਜੁੜੇ ਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਰਾਜ ਸਭਾ ਦਾ ਉਮੀਦਵਾਰ ਬਣਾ ਕੇ ਹਾਈਕਮਾਨ ਨੇ ਪੰਜਾਬ ਦੀ ਲੀਡਰਸ਼ਿਪ ਤੇ ਵਰਕਰਾਂ ਦੀ ਨਿਰਾਸ਼ਾ ਦੂਰ ਕਰਨ ਤੇ ਉਹਨਾਂ ਦਾ ਮਨੋਬਲ ਵਧਾਉਣ ਦਾ ਯਤਨ ਕੀਤਾ ਹੈ।
ਚੁੱਘ ਦੀ ਉਮੀਦਵਾਰੀ ਨਾਲ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪਾਰਟੀ ਪੁਰਾਣੇ ਅਤੇ ਮੂਲ ਕਾਡਰ ਦਾ ਪੂਰਾ ਧਿਆਨ ਰੱਖ ਰਹੀ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ ਤੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਭਾਜਪਾ ਵਿਚ ਸ਼ਾਮਲ ਕਰਕੇ ਉਨ੍ਹਾਂ ਨੂੰ ਅਹੁਦੇਦਾਰੀਆਂ ਅਤੇ ਸਰਕਾਰ ਵਿਚ ਮਾਣ ਸਤਿਕਾਰ ਦਿੱਤੇ ਜਾਣ ਨਾਲ ਆਗੂ ਤੇ ਵਰਕਰ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਸਨ। ਖਾਸ ਕਰਕੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਬਾਅਦ ਪਾਰਟੀ ਦੇ ਸੀਨੀਅਰ ਆਗੂ ਨਾਰਾਜ਼ ਹੋ ਗਏ ਸਨ। ਹਾਲਾਤ ਇਹ ਹੋ ਗਏ ਸਨ ਕਿ ਕਈ ਆਗੂ ਚੁੱਪ ਕਰ ਕੇ ਘਰਾਂ ਵਿਚ ਬੈਠ ਗਏ ਸਨ ਤੇ ਸੁਨੀਲ ਜਾਖੜ ਨੂੰ ਸਹਿਯੋਗ ਨਹੀਂ ਦਿੱਤਾ। ਸਿੱਟੇ ਵਜੋਂ ਸੁਨੀਲ ਜਾਖੜ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹ ਗੱਲ ਵੱਖਰੀ ਹੈ ਕਿ ਪਾਰਟੀ ਹਾਈਕਮਾਨ ਨੇ ਸ੍ਰੀ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ।
ਹੁਣ ਪਾਰਟੀ ਨੇ ਸੂਬੇ ਦੀ ਕਮਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਹੈ, ਜਿਹਨਾਂ ਨੇ ਬੁੱਧਵਾਰ ਨੂੰ ਕਾਰਜਭਾਰ ਸੰਭਾਲਿਆ ਹੈ। ਢਿੱਲੋਂ ਦੋ ਵਾਰ ਕਾਂਗਰਸ ਤੋਂ ਵਿਧਾਇਕ ਰਹੇ ਹਨ। ਇਹੀ ਕਾਰਨ ਹੈ ਕਿ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਖਾਲੀ ਹੋਈਆਂ ਦੋ ਸੀਟਾਂ ਵਿਚੋਂ ਇਕ ਸੀਟ ’ਤੇ ਪੰਜਾਬ ਤੋਂ ਸੀਨੀਅਰ ਨੇਤਾ ਤਰੁਣ ਚੁੱਘ ਨੂੰ ਉਮੀਦਵਾਰ ਬਣਾਇਆ ਹੈ। ਰਾਜਸਥਾਨ ਦੀਆਂ ਦੋ ਸੀਟਾਂ ਲਈ ਵੀ ਪਾਰਟੀ ਨੇ ਉਮੀਦਵਾਰ ਐਲਾਨੇ ਹਨ, ਜਿਹਨਾਂ ਵਿਚ ਹਰਿਆਣਾ ਭਾਜਪਾ ਦੇ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆਂ ਨੂੰ ਉਮੀਦਵਾਰ ਬਣਾਇਆ ਹੈ।
ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤ ਬਿੱਟੂ ਦੇ ਕਾਰਜਕਾਰ ਦੀ ਮਿਆਦ ਇਸ ਮਹੀਨੇ ਖ਼ਤਮ ਹੋ ਜਾਵੇਗੀ। ਇਹੀ ਕਾਰਨ ਹੈ ਕਿ ਰਵਨੀਤ ਬਿੱਟੂ ਨੇ ਬੀਤੇ ਦਿਨ ਪੰਜਾਬ ’ਚ ਵਿਧਾਇਕ ਬਣਨ ਦੀ ਇੱਛਾ ਪ੍ਰਗਟ ਕੀਤੀ । ਬਿੱਟੂ ਦਾ ਕਹਿਣਾ ਹੈ ਕਿ ਉਹ ਪਿਛਲੇ 17-18 ਸਾਲਾਂ ਤੋਂ ਲੋਕ ਸਭਾ ਤੇ ਰਾਜ ਸਭਾ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੇ ਹੁਣ ਉਨ੍ਹਾਂ ਦੀ ਸੂਬੇ ਦੀ ਸੇਵਾ ਕਰਨ ਦੀ ਇੱਛਾ ਹੈ। ਸਿਆਸੀ ਵਿਸ਼ਲੇਸ਼ਕਾ ਦਾ ਮੰਨਣਾ ਹੈ ਕਿ ਪਾਰਟੀ ਹਾਈਕਮਾਨ ਨੇ ਬਿੱਟੂ ਨੂੰ ਪਹਿਲਾਂ ਹੀ ਰਾਜ ਸਭਾ ਦੀ ਮੁੜ ਟਿਕਟ ਨਾ ਦੇਣ ਦਾ ਸੰਕੇਤ ਦੇ ਦਿੱਤਾ ਸੀ। ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਬਿੱਟੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ, ਪਾਰਟੀ ਨੇ ਉਨ੍ਹਾਂ ਨੂੰ ਰਾਜ ਮੰਤਰੀ ਬਣਾ ਦਿੱਤੀ ਸੀ।।
ਪਾਰਟੀ ਹਾਈ ਕਮਾਨ ਦਾ 2027 ’ਚ ਸਰਕਾਰ ਬਣਾਉਣ ’ਤੇ ਲੱਗਾ ਹੈ ਜ਼ੋਰ
ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਕਦੇ ਵੀ ਜਨਤਕ ਮੰਚ ਤੋਂ ਖੁੱਲ੍ਹ ਕੇ ਦੂਜੀਆਂ ਪਾਰਟੀਆਂ ਵਿੱਚੋ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਅਹੁਦੇਦਾਰੀਆਂ ਦੇਣ ਦਾ ਵਿਰੋਧ ਨਹੀਂ ਕੀਤਾ ਪਰ ਉਹ ਦੱਬੇ ਮਨ ਨਾਲ ਅੰਦਰੋ-ਅੰਦਰੀਂ ਵਿਰੋਧ ਕਰਦੇ ਰਹੇ ਹਨ। ਬਹੁਤ ਸਾਰੇ ਜਿਲ੍ਹਿਆਂ ਦੀ ਕਮਾਨ ਤੇ ਸਟੇਟ ਕਾਰਜਕਾਰਨੀ ਵਿਚ ਦੂਜੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਵਿਚੋਂ ਆਏ ਨੇਤਾਵਾਂ ਨੂੰ ਥਾਂ ਦਿੱਤੀ ਗਈ ਹੈ। ਪਾਰਟੀ ਹਾਈਕਮਾਨ ਦਾ ਪੂਰਾ ਜ਼ੋਰ ਪੰਜਾਬ ’ਚ 2027 ’ਚ ਸਰਕਾਰ ਬਣਾਉਣ ’ਤੇ ਲੱਗਿਆ ਹੋਇਆ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਤਰੁਣ ਚੁੱਘ ਨੂੰ ਰਾਜ ਸਭਾ ਦੀ ਉਮੀਦਵਾਰ ਦੇ ਕੇ ਪਾਰਟੀ ਵਿਚ ਦੇ ਮੂਲ ਕਾਡਰ ਤੇ ਦੂਜੀਆ ਪਾਰਟੀਆਂ ਵਿਚੋਂ ਆਏ ਨੇਤਾਵਾਂ ਵਿਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਹੈ।