ਚੰਡੀਗੜ੍ਹ 'ਚ 29 ਸਤੰਬਰ ਤੋਂ ਹੋਵੇਗਾ ਟੀ-20 ਮਹਿਲਾ ਕ੍ਰਿਕਟ ਟੂਰਨਾਮੈਂਟ, ਜੇਤੂ ਨੂੰ 1 ਲੱਖ ਤੇ ਉਪ ਜੇਤੂ ਨੂੰ ਮਿਲਣਗੇ 50 ਹਜ਼ਾਰ ਰੁਪਏ
ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਪੰਜਾਬ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਚੰਦਰ ਸ਼ੇਖਰ, ਕਨਵੀਨਰ ਵਿਵੇਕ ਅਤਰੇ ਅਤੇ ਆਯੋਜਨ ਸਕੱਤਰ ਕੈਪਟਨ ਸੁਸ਼ੀਲ ਕਪੂਰ ਨੇ ਦੱਸਿਆ ਕਿ ਇਹ ਮੁਕਾਬਲਾ ਨੌਜਵਾਨ ਮਹਿਲਾ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਅਤੇ ਹੁਨਰ ਦਿਖਾਉਣ ਲਈ ਮੰਚ ਮੁਹੱਈਆ ਕਰਵਾਏਗਾ।
Publish Date: Wed, 23 Sep 2026 04:52 PM (IST)
Updated Date: Wed, 23 Sep 2026 04:55 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਜੇਪੀ ਅਤਰੇ ਮੈਮੋਰੀਅਲ ਕ੍ਰਿਕਟ ਸੋਸਾਇਟੀ ਵੱਲੋਂ ਸੱਤਵਾਂ ਰਮਾ ਅਤਰੇ ਮਹਿਲਾ ਕ੍ਰਿਕਟ ਟੂਰਨਾਮੈਂਟ 29 ਸਤੰਬਰ ਤੋਂ 4 ਅਕਤੂਬਰ ਤੱਕ ਚੰਡੀਗੜ੍ਹ 'ਚ ਕਰਵਾਇਆ ਜਾਵੇਗਾ। ਹਰਿਆਣਾ ਦੇ ਸਾਬਕਾ ਏਡੀਜੀਪੀ ਜੇਪੀ ਅਤਰੇ ਦੀ ਪਤਨੀ ਰਮਾ ਅਤਰੇ ਦੀ ਯਾਦ 'ਚ ਕਰਵਾਏ ਜਾਣ ਵਾਲੇ ਇਸ ਟੀ-20 ਟੂਰਨਾਮੈਂਟ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ, ਗੋਆ ਕ੍ਰਿਕਟ ਐਸੋਸੀਏਸ਼ਨ, ਪੀਸੀਏ ਕੋਲਟਸ, ਯੂਟੀ ਕ੍ਰਿਕਟ ਐਸੋਸੀਏਸ਼ਨ ਅਤੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੀਆਂ ਪੰਜ ਸੂਬਾ ਪੱਧਰੀ ਟੀਮਾਂ ਹਿੱਸਾ ਲੈਣਗੀਆਂ।
ਚਾਰ ਦਿਨ ਹੋਣਗੇ ਲੀਗ ਮੁਕਾਬਲੇ
ਟੂਰਨਾਮੈਂਟ ਦਾ ਉਦਘਾਟਨੀ ਮੁਕਾਬਲਾ 29 ਸਤੰਬਰ ਨੂੰ ਸਵੇਰੇ 9:30 ਵਜੇ ਸੈਕਟਰ-16 ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਲੀਗ ਮੁਕਾਬਲੇ 29 ਅਤੇ 30 ਸਤੰਬਰ ਤੋਂ ਇਲਾਵਾ 2 ਅਤੇ 3 ਅਕਤੂਬਰ ਨੂੰ ਹੋਣਗੇ। ਚਾਰ ਲੀਗ ਮੈਚ ਸੈਕਟਰ-8 ਸਥਿਤ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕ੍ਰਿਕਟ ਮੈਦਾਨ 'ਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 4 ਅਕਤੂਬਰ ਨੂੰ ਮਹਾਜਨ ਕ੍ਰਿਕਟ ਗਰਾਊਂਡ, ਚੰਡੀਗੜ੍ਹ 'ਚ ਹੋਵੇਗਾ। ਸਾਰੇ ਮੁਕਾਬਲੇ ਐੱਸਜੀ ਦੀ ਸਫੈਦ ਗੇਂਦ ਅਤੇ ਰੰਗਦਾਰ ਪੋਸ਼ਾਕ 'ਚ ਖੇਡੇ ਜਾਣਗੇ।
ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਪੰਜਾਬ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਚੰਦਰ ਸ਼ੇਖਰ, ਕਨਵੀਨਰ ਵਿਵੇਕ ਅਤਰੇ ਅਤੇ ਆਯੋਜਨ ਸਕੱਤਰ ਕੈਪਟਨ ਸੁਸ਼ੀਲ ਕਪੂਰ ਨੇ ਦੱਸਿਆ ਕਿ ਇਹ ਮੁਕਾਬਲਾ ਨੌਜਵਾਨ ਮਹਿਲਾ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਅਤੇ ਹੁਨਰ ਦਿਖਾਉਣ ਲਈ ਮੰਚ ਮੁਹੱਈਆ ਕਰਵਾਏਗਾ।
BCCI ਦੇ ਨਿਯਮਾਂ ਤਹਿਤ ਖੇਡੀ ਜਾਵੇਗੀ ਲੀਗ
ਉਨ੍ਹਾਂ ਦੱਸਿਆ ਕਿ ਮੁਕਾਬਲਾ ਲੀਗ-ਕਮ-ਨਾਕਆਊਟ ਆਧਾਰ 'ਤੇ ਬੀਸੀਸੀਆਈ ਦੇ ਨਿਯਮਾਂ ਅਤੇ ਨਿਯਮਾਵਲੀ ਤਹਿਤ ਖੇਡਿਆ ਜਾਵੇਗਾ। ਮੈਚਾਂ ਲਈ ਬੀਸੀਸੀਆਈ ਅਤੇ ਸੂਬਾ ਪੈਨਲ ਦੇ ਅੰਪਾਇਰਾਂ ਅਤੇ ਸਕੋਰਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਅਤੇ ਟਰਾਫੀ, ਜਦਕਿ ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ। ਹਰ ਮੁਕਾਬਲੇ 'ਚ ਪਲੇਅਰ ਆਫ਼ ਦ ਮੈਚ ਦਾ ਐਵਾਰਡ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਵੋਤਮ ਬੱਲੇਬਾਜ਼, ਸਰਵੋਤਮ ਗੇਂਦਬਾਜ਼ ਅਤੇ ਸਰਵੋਤਮ ਆਲਰਾਊਂਡਰ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ। ਇਸ ਮੌਕੇ ਕਮੇਟੀ ਦੇ ਮੈਂਬਰ ਅਰੁਣ ਕੁਮਾਰ ਬੋਧਾ, ਅਮਰਜੀਤ ਕੁਮਾਰ, ਹਰਮਿੰਦਰ ਸਿੰਘ ਬਾਵਾ, ਗੌਤਮ ਸ਼ਰਮਾ ਅਤੇ ਦਲਜੀਤ ਸਿੰਘ ਮੌਜੂਦ ਰਹੇ।
ਹਰ ਸਾਲ ਦਸੰਬਰ 'ਚ ਦਿੱਤੇ ਜਾਣਗੇ ਜੇਪੀ ਅਤਰੇ ਸਪੋਰਟਸ ਐਵਾਰਡ
ਜੇਪੀ ਅਤਰੇ ਮੈਮੋਰੀਅਲ ਕ੍ਰਿਕਟ ਸੁਸਾਇਟੀ ਨੇ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਨਾਲ ਖੇਡ ਜਗਤ 'ਚ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਤੇ ਖੇਡਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਜੇਪੀ ਅਤਰੇ ਸਪੋਰਟਸ ਐਵਾਰਡ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਐਵਾਰਡ ਹਰ ਸਾਲ ਦਸੰਬਰ 'ਚ ਦਿੱਤੇ ਜਾਣਗੇ।